ਅੰਮ੍ਰਿਤਸਰ (ਏ-ਆਰ. ਆਰ. ਐੱਸ. ਸੰਧੂ) ਨੋਵਲ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਨੇ ਜਨਤਕ ਥਾਵਾਂ ਉਤੇ ਲੋਕਾਂ ਨੂੰ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ ਅਤੇ ਇਸ ਸਬੰਧ ਵਿਚ ਸਿਹਤ ਵਿਭਾਗ ਵੱਲੋਂ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤੀ ਗਈ ਹੈ। ਉਕਤ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਜੇਕਰ ਕੋਈ ਕਿਸੇ ਦਫਤਰੀ ਕੰਮ ਜਾਂ ਕਿਸੇ ਹੋਰ ਜਰੂਰੀ ਕੰਮ ਲਈ ਘਰੋਂ ਬਾਹਰ ਨਿਕਲਦਾ ਹੈ, ਤਾਂ ਉਹ ਕਪੜੇ ਜਾਂ ਤਿੰਨ ਲੇਅਰਾਂ ਵਾਲਾ ਮਾਸਕ ਲਾਜ਼ਮੀ ਤੌਰ ਉਤੇ ਪਹਿਨੇਗਾ। ਇਸ ਦੀ ਉਲੰਘਣਾ ਕਰਨ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਭਾਵੇਂ ਕਿਸੇ ਕੋਲ ਕਰਫਿਊ ਪਾਸ ਹੈ ਜਾਂ ਕੋਈ ਨੌਕਰੀ ਉਤੇ ਬੈਠਾ ਹੈ, ਉਸ ਨੂੰ ਮਾਸਕ ਪਾਉਣਾ ਜ਼ਰੂਰੀ ਹੈ।
ਡਿਪਟੀ ਕਮਿਸ਼ਨਰ ਨੇ ਕਰਫਿਊ ਦੌਰਾਨ ਘਰਾਂ ਵਿਚ ਬੈਠੇ ਸਾਰੇ ਵਿਅਕਤੀਆਂ ਦਾ ਧੰਨਵਾਦ ਕਰਦੇ ਕਿਹਾ ਕਿ ਇਹ ਗੈਰ ਜ਼ਿੰਮੇਵਾਰੀ ਦਾ ਸਮਾਂ ਨਹੀਂ। ਉਨਾਂ ਕਿਹਾ ਕਿ ਹਸਪਤਾਲਾਂ, ਦਫਤਰਾਂ, ਉਦਯੋਗਾਂ ਜਾਂ ਹੋਰ ਥਾਵਾਂ ‘ਤੇ ਕੰਮ ਕਰਦੇ ਅਤੇ ਆਪਣੇ ਸਾਧਨ ‘ਤੇ ਸਫਰ ਕਰਦੇ ਹੋਏ ਵੀ ਮਾਸਕ ਨੂੰ ਪਹਿਨਣਾ ਜ਼ਰੂਰੀ ਹੈ। ਉਨਾਂ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਹਾਲਤ ਵਿਚ ਮਾਸਕ ਉਪਲਬੱਧ ਨਹੀਂ ਹੁੰਦਾ ਤਾਂ ਰੁਮਾਲ ਜਾਂ ਸਕਾਫ ਆਦਿ ਨਾਲ ਮੂੰਹ ਢੱਕਣ ਲਈ ਵਰਤੋਂ ਕੀਤੀ ਜਾ ਸਕਦੀ ਹੈ। ਉਨਾਂ ਪੰਜਾਬ ਵਾਸੀਆਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਨਿਯਮ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨ ਲਈ ਵੀ ਹਦਾਇਤ ਕੀਤੀ। ਉਹਨਾਂ ਵਿਸ਼ਵਾਸ ਦਵਾਇਆ ਕਿ ਪੰਜਾਬ ਸਰਕਾਰ ਵੱਲੋਂ ਇਸ ਮਾਰੂ ਵਾਇਰਸ ਨਾਲ ਲੜਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਹਨਾਂ ਕਿਹਾ ਕਿ ਘਰਾਂ ਵਿਚ ਰਹਿ ਕੇ ਅਤੇ ਇਸ ਦੀ ਲੜੀ ਨੂੰ ਤੋੜ ਕੇ ਇਸ ਵਾਇਰਸ ਵਿਰੁਧ ਜੰਗ ਜਿਤੀ ਜਾ ਸਕਦੀ ਹੈ ਜੋ ਇਕ ਇਸ ਦਾ ਇਕ ਮਾਤਰ ਸਾਧਨ ਹੈ। ਸਰਕਾਰ ਨੇ ਜਿਹੜੇ ਪਹਿਲੂਆਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਸਾਵਧਾਨੀਆਂ ਜਾਰੀ ਕੀਤੀਆਂ ਹਨ, ਉਸ ਨੂੰ ਮੰਨਣਾ ਸਾਡਾ ਸਾਰਿਆਂ ਦਾ ਫਰਜ਼ ਹੈ।