ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਸਿਵਲ ਹਸਪਤਾਲ ਨਵਾਂਸ਼ਹਿਰ ਤੋਂ ਅੱਜ ਕੋਰੋਨਾ ਵਾਇਰਸ ਉੱਤੇ ਜਿੱਤ ਪ੍ਰਾਪਤ ਕਰਕੇ ਆਪਣੇ ਘਰ ਲਈ ਰਵਾਨਾ ਹੋਏ ਨੌਜੁਆਨ ਜਸਕਰਨ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਨੂੰ ਹਰਾਉਣ ਲਈ ਘਰ ਬੈਠੋ ਤੇ ਸੁਰੱਖਿਅਤ ਰਹੋ। ਉਸ ਦਾ ਕਹਿਣਾ ਸੀ ਕਿ ਕੋਰੋਨਾ ਦਾ ਕੋਈ ਇਲਾਜ ਭਾਵੇਂ ਨਹੀਂ ਹੈ ਪਰ ਸਾਡਾ ਹੌਸਲਾ ਅਤੇ ਦਲੇਰੀ ਹੀ ਇਸ ਤੇ ਜਿੱਤ ਪ੍ਰਾਪਤ ਕਰਨ ਲਈ ਕਾਫ਼ੀ ਹਨ। ਉਸ ਨੇ ਲੋਕਾਂ ਨੂੰ ਖ਼ਬਰਦਾਰ ਕਰਦਿਆ ਕਿਹਾ ਕਿ ਕੋਰੋਨਾ ਦੇ ਟਾਕਰੇ ਲਈ ਆਪਣੇ ਆਪ ਨੂੰ ਘਰਾਂ ੱਚ ਰੱਖਿਆ ਜਾਵੇ ਅਤੇ ਵਾਰ ਵਾਰ ਆਪਣੇ ਹੱਥ ਧੋਤੇ ਜਾਣ ਜੇਕਰ ਬਹੁਤ ਹੀ ਮਜ਼ਬੂਰੀ ਹੋਵੇ ਤਾਂ ਘਰ ਤੋਂ ਬਾਹਰ ਮਾਸਕ ਲਾ ਕੇ ਨਿਕਲਿਆ ਜਾਵੇ।
ਜਸਕਰਨ ਸਿੰਘ ਨੇ ਜ਼ਿਲ੍ਹਾ ਸਿਵਲ ਹਸਪਤਾਲ ਦੇ ਆਈਸ਼ੋਲੇਸ਼ਨ ਵਾਰਡ ਦੇ ਡਾਕਟਰਾਂ ਤੇ ਹੋਰ ਸਟਾਫ਼ ਦਾ ਧੰਨਵਾਦ ਕਰਦਿਆ ਕਿਹਾ ਕਿ ਹਸਪਤਾਲ ਵਲੋਂ ਕੀਤੀ ਸੇਵਾ ਅਤੇ ਕੀਤੀ ਹੌਂਸਲਾ ਅਫ਼ਜਾਈ ਕਰਕੇ ਅਸੀਂ ਸਾਰੇ ਮਰੀਜ਼ ਤੰਦਰੁਸਤ ਹੋ ਕੇ ਬਾਹਰ ਆਏ ਹਾਂ। ਉਸ ਨੇ ਦੱਸਿਆ ਹਸਪਤਾਲ ਵਿਚ ਸਾਨੂੰ ਬਕਾਇਦਾ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਂਦੀ ਸੀ, ਜਿਸ ਵਿੱਚ ਮਨਪਰਚਾਵੇ ਲਈ ਇੰਨਡੋਰ ਖੇਡਾਂ, ਮੋਬਾਇਲ ਦੀ ਵਰਤੋਂ ਦੀ ਆਗਿਆ ਅਤੇ ਇੱਕ-ਦੂਸਰੇ ਨਾਲ ਆਪੋ ਆਪਣੇ ਕਮਰੇ ਦੇ ਦਰਵਾਜ਼ੇ ਤੇ ਖੜ੍ਹ ਕੇ ਗੱਲ ਕਰਨ ਦੀ ਸਹੂਲਤ ਅਤੇ ਥੋੜੇ ਥੋੜੇ ਸਮੇਂ ਬਾਅਦ ਸਟਾਫ਼ ਵਲੋਂ ਮਿਲ ਕੇ ਸਾਡੀਆਂ ਜ਼ਰੂਰਤਾਂ ਬਾਰੇ ਪੁੱਛਣਾ ਆਦਿ। ਉਸ ਦਾ ਕਹਿਣਾ ਸੀ ਕਿ 22 ਮਾਰਚ ਨੂੰ ਉਸ ਦਾ ਟੈਸਟ ਪਾਜਟਿਵ ਆਉਣ ਤੋਂ ਬਾਅਦ ਹੁਣ ਤੱਕ ਹਸਪਤਾਲ ਵਿੱਚ ਰਹਿੰਦੇ ਹੋਏ ਕਦੇ ਵੀ ਇਹ ਮਹਿਸੂਸ ਨਹੀਂ ਹੋਇਆ ਕਿ ਅਸੀਂ ਪਰਿਵਾਰ ਤੋਂ ਬਾਹਰ ਰਹਿ ਰਹੇ ਹਾਂ। ਡਾਕਟਰਾਂ ਅਤੇ ਨਰਸਿੰਗ ਸਟਾਫ਼ ਦਾ ਰਵੱਈਆ ਬਹੁਤ ਹੀ ਵਧੀਆ ਰਿਹਾ ਹੈ। ਉਸ ਨੂੰ ਭਵਿੱਖ ਦੀ ਯੋਜਨਾਬੰਦੀ ਬਾਰੇ ਪੁੱਛੇ ਜਾਣ ਬਾਰੇ ਉਸ ਨੇ ਦੱਸਿਆ ਕਿ ਮੈਂ ਦਸਵੀਂ ਦੇ ਇਮਤਿਹਾਨ ਦਿੱਤੇ ਹੋਏ ਹਨ ਤੇ ਹੁਣ ਗਿਆਰਵੀਂ ਦੀ ਪੜ੍ਹਾਈ ਸ਼ੂਰੂ ਕਰਾਂਗਾ। ਉਸ ਦਾ ਕਹਿਣਾ ਹੈ ਇਹ ਪ੍ਰਮਾਤਮਾ ਦੀ ਕ੍ਰਿਪਾ ਹੈ ਕਿ ਅਸੀਂ ਸਾਰੇ ਪਰਿਵਾਰਿਕ ਮੈਂਬਰ ਇਥੋਂ ਠੀਕ ਹੋ ਕੇ ਜਾ ਰਹੇ ਹਾਂ।