ਫਰਿਜ਼ਨੋ, ਕੈਲੀਫੋਰਨੀਆਂ ( ਨੀਟਾ ਮਾਛੀਕੇ / ਕੁਲਵੰਤ ਧਾਲੀਆਂ): ਗੁਰੂ ਨਾਨਕ ਸਿੱਖ ਟੈਂਪਲ ਸੈਂਟਰਲ ਵੈਲੀ ਕੈਲੀਫੋਰਨੀਆਂ ਦਾ ਸਭ ਪੁਰਾਣਾ ਅਤੇ ਇਲਾਕੇ ਦਾ ਪਹਿਲਾ ਗੁਰੂਘਰ ਹੈ। ਇਸ ਇਲਾਕੇ ਵਸੀ ਸਿੱਖ ਸੰਗਤ ਨੇ ਰਲ ਕੇ 1970 ਦੇ ਦਹਾਕੇ ਵਿੱਚ ਗੁਰੂਘਰ ਦੀ ਸਥਾਪਨਾ ਇਕ ਸਟੋਰ ਦੀ ਬਹੁਤ ਵੱਡੀ ਦੋ-ਮੰਜਲਾ ਇਮਾਰਤ ਲੈ ਕੇ ਕੀਤੀ ਸੀ। ਗੁਰਦੁਆਰਾ ਸਾਹਿਬ ਅੱਜ ਤੱਕ ਸੰਗਤਾਂ ਨੂੰ ਸੇਵਾਵਾ ਦੇ ਰਿਹਾ ਹੈ। ਸੰਗਤਾਂ ਬੇਸੱਕ ਦੂਰ-ਦੁਰਾਡੇ ਸ਼ਹਿਰਾਂ ਵਿੱਚ ਜਾ ਵਸੀਆ, ਪਰ ਆਪਣੇ ਧਾਰਮਿਕ ਕਾਰਜਾਂ ਲਈ ਇੱਥੇ ਆ ਸੇਵਾਵਾ ਨਿਭਾਉਦੀਆ ਹਨ। ਇਸ ਗੁਰੂਘਰ ਤੋਂ ਬਾਹਰ ਸਾਹਮਣੇ ਗੁਰੂਘਰ ਵੱਲੋਂ ਬਣਾਇਆ ਗਿਆ ‘ਪੰਜਾਬੀ ਕਮਿਊਨਟੀ ਹਾਲ’ ਵੀ ਜਿੱਥੇ ਪੰਜਾਬੀ ਭਾਈਚਾਰੇ ਲਈ ਵਿਆਹ ਅਤੇ ਜਨਮ ਦਿਨ ਆਦਿਕ ਦੀਆ ਪਾਰਟੀਆਂ ਤੋਂ ਇਲਾਵਾ ਸਮੁੱਚੇ ਅਮਰੀਕਨ ਅਤੇ ਮੈਕਸੀਕਨ ਭਾਈਚਾਰੇ ਲਈ ਵੀ ਆਪਣੇ ਦਿਨ ਤਿਉਹਾਰ ਮਨਾਉਣ ਲਈ ਸੇਵਾਵਾ ਪ੍ਰਦਾਨ ਕਰਦਾ ਹੈ। ਪ੍ਰਬੰਧਕਾਂ ਅਨੁਸਾਰ ਗੁਰੂਘਰ ਦੀ ਇਮਾਰਤ ਨੂੰ ਬਣਿਆਂ 100 ਸਾਲ ਤੋਂ ਵਧੀਕ ਸਮਾਂ ਹੋ ਗਿਆ ਹੈ। ਜਦ ਕਿ ਗੁਰੂਘਰ ਸਥਾਪਿਤ ਕੀਤੇ ਨੂੰ 50 ਸਾਲ ਦੇ ਲੱਗਭਗ ਹੋ ਗਏ ਹਨ। ਇਲਾਕੇ ਦੀ ਇਹ ਸਭ ਤੋਂ ਪੁਰਾਣੀ ਇਮਾਰਤ ਹੈ। ਜਿਸ ਦੀ ਆਸਥਾ ਸਿੱਖ ਧਰਮ ਨਾਲ ਜੁੜ ਚੁੱਕੀ ਹੈ। ਸਮੁੱਚੀ ਸਿੱਖ ਸੰਗਤ ਅਤੇ ਇਲਾਕੇ ਦੀਆ ਵੱਖ-ਵੱਖ ਜੱਥੇਬੰਦੀਆ ਦੇ ਸਹਿਯੋਗ ਨਾਲ ਇਸ ਗੁਰੂਘਰ ਨੂੰ ਫਰਿਜ਼ਨੋ ਕਾਉਟੀ ਦੁਆਰਾ ਇਤਿਹਾਸਕ ਗੁਰੂਘਰ ਹੋਣ ਦਾ ਮਾਣ ਦਿੱਤਾ ਗਿਆ ਹੈ। ਜਿਸ ਸੰਬੰਧੀ ਗੁਰੂਘਰ ਨਾਲ ਜੁੜੀਆਂ ਸੰਗਤਾਂ ਨੇ ਖੁਸ਼ੀ ਮਨਾਈ। ਸਮੁੱਚੇ ਕਾਰਜ ਲਈ ਗੁਰੂਘਰ ਦੇ ਪ੍ਰਬੰਧਕ ਅਤੇ ਸਹਿਯੋਗੀ ਵਧਾਈ ਦੇ ਪਾਤਰ ਹਨ।
2020-03-17