ਸੰਗਰੂਰ ( ਅਜੈਬ ਸਿੰਘ ਮੋਰਾਂਵਾਲੀ ) “ਗੁਰੂ ਸਾਹਿਬਾਨ ਨੇ ਸਾਨੂੰ ਪੰਗਤ ਅਤੇ ਸੰਗਤ ਦਾ ਵੱਡਮੁੱਲਾ ਸਿਧਾਂਤ ਬਰਾਬਰਤਾ ਦੀ ਸੋਚ ਨੂੰ ਮੁੱਖ ਰੱਖਕੇ ਦਿੱਤਾ ਹੈ । ਜਦੋਂ ਅਕਬਰ ਬਾਦਸ਼ਾਹ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਲਈ ਆਏ ਸੀ ਤਾਂ ਉਨ੍ਹਾਂ ਨੂੰ ਵੀ ਪਹਿਲੇ ਪੰਗਤ ਵਿਚ ਬੈਠਕੇ ਲੰਗਰ ਛਕਣ ਦੇ ਹੁਕਮ ਹੋਏ ਸਨ ਅਤੇ ਬਾਅਦ ਵਿਚ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਸੰਗਤ ਦੇ ਰੂਪ ਵਿਚ ਹਾਜ਼ਰ ਹੋਏ ਸੀ । ਉਸ ਸਮੇਂ ਤੋਂ ਹੀ ਸਿੱਖ ਕੌਮ ਵਿਚ ਦਸਵੰਧ ਕੱਢਣ ਦੀ ਮਹਾਨ ਰਵਾਇਤ ਚੱਲਦੀ ਆ ਰਹੀ ਹੈ । ਇਸ ਦਸਵੰਧ ਦੀ ਬਰਕਤ ਸਦਕਾ ਹੀ ਉਨ੍ਹਾਂ ਸਮਿਆਂ ਤੋਂ ਲੈਕੇ ਅੱਜ ਤੱਕ ਗੁਰੂਘਰ ਦੇ ਲੰਗਰ ਚੱਲਦੇ ਆ ਰਹੇ ਹਨ ਅਤੇ ਇਸ ਵਿਚ ਕਦੀ ਵੀ ਕੋਈ ਤੋਟ ਨਾ ਹੋਈ ਹੈ ਅਤੇ ਨਾ ਹੀ ਹੋ ਸਕਦੀ ਹੈ । ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਲਈ ਚਾਰੇ ਦਿਸਾਵਾਂ ਨੂੰ ਮੁੱਖ ਰੱਖਕੇ ਚਾਰ ਦਰਵਾਜੇ ਸਥਾਪਿਤ ਕੀਤੇ ਸਨ । ਜਿਸਦਾ ਅਰਥ ਹੈ ਕਿ ਇਥੇ ਮੁਸਲਮਾਨ, ਸਿੱਖ, ਹਿੰਦੂ, ਇਸਾਈ ਅਤੇ ਚੌਹਵਰਨਾ ਨਾਲ ਸੰਬੰਧਤ ਕੋਈ ਵੀ ਇਨਸਾਨ ਜਦੋਂ ਚਾਹੇ ਆ ਕੇ ਲੰਗਰ ਰਾਹੀ ਪੇਟ ਦੀ ਭੁੱਖ ਨੂੰ ਅਤੇ ਗੁਰਬਾਣੀ ਸਰਵਨ ਕਰਕੇ ਆਪਣੀ ਆਤਮਿਕ ਭੁੱਖ ਨੂੰ ਪੂਰੀ ਕਰ ਸਕਦਾ ਹੈ ਅਤੇ ਆਪਣੀਆ ਸਭ ਮਨੋਕਾਮਨਾਵਾਂ ਅਤੇ ਅਰਦਾਸਾਂ ਦੀ ਤ੍ਰਿਪਤੀ ਕਰ ਸਕਦਾ ਹੈ । ਪਰ ਹੁਣ ਸ. ਗੋਬਿੰਦ ਸਿੰਘ ਲੌਗੋਵਾਲ ਪ੍ਰਧਾਨ ਐਸ.ਜੀ.ਪੀ.ਸੀ. ਵੱਲੋਂ ਸੰਗਤ ਦੀ ਆਮਦ ਘੱਟਣ ਦੀ ਬਦੌਲਤ ਗੁਰੂ ਦੇ ਲੰਗਰਾਂ ਬਾਰੇ ਜੋ ਨੀਤੀ ਅਪਣਾਈ ਜਾ ਰਹੀ ਹੈ, ਇਹ ਗੁਰੂ ਸਿਧਾਂਤ ਤੇ ਸੋਚ ਨਾਲ ਮੇਲ ਨਹੀਂ ਖਾਂਦੀ । ਕਿੰਨਾਂ ਵੀ ਔਖਾ ਸਮਾਂ ਹੋਵੇ ਕਦੀ ਵੀ ਗੁਰੂ ਦੇ ਲੰਗਰ ਬੰਦ ਨਹੀਂ ਹੋਏ ਅਤੇ ਨਾ ਹੀ ਹੋ ਸਕਦੇ ਹਨ । ਜੋ ਇਨ੍ਹਾਂ ਨੇ ਆਪਣੀ ਆਮਦਨ ਘੱਟਣ ਵਾਲੀ ਗੱਲ ਕੀਤੀ ਹੈ, ਉਸ ਲਈ ਸੰਗਤ ਜਿ਼ੰਮੇਵਾਰ ਨਹੀਂ, ਬਲਕਿ ਐਸ.ਜੀ.ਪੀ.ਸੀ. ਅਧੀਨ ਚੱਲਣ ਵਾਲੇ ਵਿਦਿਅਕ ਅਦਾਰੇ, ਸਿਹਤ ਸੰਸਥਾਵਾਂ ਅਤੇ ਇਸਟੀਚਿਊਟਨਾਂ ਨੂੰ ਆਪਣੇ ਚਾਰ-ਚਾਰ, ਪੰਜ-ਪੰਜ ਮੈਬਰਾਂ ਦੇ ਟਰੱਸਟ ਬਣਾਕੇ ਜੋ ਕੌਮੀ ਜ਼ਾਇਦਾਦ ਅਤੇ ਖਜਾਨੇ ਨੂੰ ਲੁੱਟਿਆ ਜਾ ਰਿਹਾ ਹੈ, ਗੁਰੂਘਰ ਦੀਆਂ ਜ਼ਮੀਨਾਂ ਦੇ ਠੇਕੇ ਨੂੰ ਮਾਰਕਿਟ ਕੀਮਤਾਂ ਉਤੇ ਨਾ ਦੇ ਕੇ ਕੌਡੀਆਂ ਦੇ ਭਾਅ ਆਪਣੇ ਚਿਹਤਿਆ ਨੂੰ ਠੇਕੇ ਦਿੱਤੇ ਜਾ ਰਹੇ ਹਨ ਅਤੇ ਜੋ ਵੱਡੇ ਗਬਨ ਹੋ ਰਹੇ ਹਨ, ਆਮਦਨ ਘੱਟਣ ਲਈ ਇਹ ਕਾਰਵਾਈਆ ਜਿ਼ੰਮੇਵਾਰ ਹਨ । ਨਾ ਕਿ ਸਿੱਖ ਸੰਗਤ ਦੀ ਸਰਧਾ ਤੇ ਚੜਾਵਾਂ । ਇਸ ਲਈ ਇਨ੍ਹਾਂ ਬਣਾਏ ਗਏ ਟਰੱਸਟਾਂ ਨੂੰ ਤੁਰੰਤ ਖ਼ਤਮ ਕਰਕੇ ਅਤੇ ਗੁਰੂਘਰ ਦੀਆਂ ਜ਼ਮੀਨਾਂ ਦੇ ਠੇਕੇ ਚੱਲਦੀ ਮਾਰਕਿਟ ਕੀਮਤ ਤੇ ਦੇ ਕੇ ਆਪਣੇ ਫਰਜ ਪੂਰੇ ਕੀਤੇ ਜਾਣ, ਨਾ ਕਿ ਇਸ ਲਈ ਸਿੱਖ ਸੰਗਤਾਂ ਨੂੰ ਦੋਸ਼ੀ ਠਹਿਰਾਇਆ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਗੋਬਿੰਦ ਸਿੰਘ ਲੌਗੋਵਾਲ ਵੱਲੋਂ ਗੁਰੂਘਰਾਂ ਵਿਚ ਸੰਗਤ ਦੀ ਆਮਦ ਘੱਟਣ ਸੰਬੰਧੀ ਦਿੱਤੇ ਗਏ ਬਿਆਨ ਉਤੇ ਆਪਣੇ ਵਿਚਾਰ ਜਾਹਰ ਕਰਦੇ ਹੋਏ ਅਤੇ ਸ. ਲੌਗੋਵਾਲ ਨੂੰ ਐਸ.ਜੀ.ਪੀ.ਸੀ. ਅਧੀਨ ਚੱਲ ਰਹੀਆ ਸੰਸਥਾਵਾਂ ਵਿਚ ਬਾਦਲ ਪਰਿਵਾਰ ਵੱਲੋਂ ਬਣਾਏ ਗਏ ਟਰੱਸਟਾਂ ਦੀ ਕੌਮੀ ਜ਼ਾਇਦਾਦਾਂ ਨੂੰ ਲੁੱਟਣ ਵਾਲੀ ਪਿਰਤ ਨੂੰ ਬੰਦ ਕਰਨ ਦੀ ਜੋਰਦਾਰ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਲੰਮੇਂ ਸਮੇਂ ਤੋਂ ਐਸ.ਜੀ.ਪੀ.ਸੀ. ਦੇ ਪ੍ਰਬੰਧ ਵਿਚ ਖਾਮੀਆ ਦੀ ਗਿਣਤੀ ਨਿਰੰਤਰ ਵੱਧਦੀ ਜਾ ਰਹੀ ਹੈ । ਇਹੀ ਵਜਹ ਹੈ ਕਿ ਅੱਜ ਸਿੱਖ ਕੌਮ ਬਾਦਲਾਂ ਦੇ ਇਸ ਸੰਸਥਾਂ ਉਤੇ ਕਬਜਾ ਕਰਕੇ ਗੁਰੂ ਸਿਧਾਤਾਂ ਦੇ ਉਲਟ ਹੋਣ ਵਾਲੀਆ ਕਾਰਵਾਈਆ ਲਈ ਮਾਨਸਿਕ ਪੱਖੋ ਵੱਡੀ ਨਮੋਸੀ ਵਿਚ ਹੈ ਅਤੇ ਇਸ ਖਾਮੀਆ ਪੂਰਨ ਪ੍ਰਬੰਧ ਨੂੰ ਬਦਲਣ ਲਈ ਡੂੰਘੀ ਇੱਛਾ ਰੱਖਦੀ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਇਸ ਸੰਸਥਾਂ ਦੇ ਬਣੇ ਅੱਜ ਤੱਕ ਦੇ ਅਜੋਕੇ ਸਮੇਂ ਦੇ ਪ੍ਰਧਾਨਾਂ ਨੇ ਇਨ੍ਹਾਂ ਉਤਪੰਨ ਹੋ ਚੁੱਕੀਆ ਖਾਮੀਆ ਨੂੰ ਦੂਰ ਕਰਨ ਲਈ ਕੋਈ ਉਦਮ ਨਹੀਂ ਕੀਤਾ । ਇਥੋਂ ਤੱਕ ਐਸ.ਜੀ.ਪੀ.ਸੀ. ਦੀ ਕਾਰਜਕਾਰਨੀ ਮੈਬਰ ਅਤੇ ਦੂਸਰੇ ਮੈਬਰ ਜਿਨ੍ਹਾਂ ਦੀ ਕੌਮ ਪ੍ਰਤੀ ਅਤੇ ਧਰਮ ਪ੍ਰਤੀ ਬਹੁਤ ਵੱਡੀ ਜਿ਼ੰਮੇਵਾਰੀ ਬਣਦੀ ਹੈ, ਉਨ੍ਹਾਂ ਵਿਚੋਂ ਵੀ ਵੱਡੀ ਗਿਣਤੀ ਇਸ ਸੰਸਥਾਂ ਨੂੰ ਲੁੱਟਣ ਅਤੇ ਕੌਮੀ ਖਜਾਨੇ ਦੀ ਦੁਰਵਰਤੋਂ ਕਰਨ ਉਤੇ ਲੱਗੀ ਹੋਈ ਹੈ । ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰੂਘਰਾਂ ਵਿਚ ਚੜ੍ਹਨ ਵਾਲੇ ਰੁਮਾਲਿਆ, ਚੰਦੋਏ ਦੇ ਵਿਚ ਵੀ ਲੱਖਾਂ-ਕਰੋੜਾਂ ਰੁਪਏ ਦੇ ਗਬਨ ਹੁੰਦੇ ਆ ਰਹੇ ਹਨ । ਕੜਾਹ-ਪ੍ਰਸ਼ਾਦ ਦੀ ਦੇਗ ਲਈ ਵਰਤੇ ਜਾਣ ਵਾਲੇ ਦੇਸੀ ਘਿਓ ਦੇ ਪੀਪਿਆ, ਸਿਰਪਾਓ, ਦਾਲਾਂ, ਲੰਗਰ ਵਰਤੋਂ ਵਿਚ ਆਉਣ ਵਾਲੀ ਸਮੱਗਰੀ, ਇਮਾਰਤੀ ਵਰਤੋ ਵਿਚ ਆਉਣ ਵਾਲੇ ਇੱਟਾਂ, ਬਜਰੀ, ਰੇਤ, ਲੱਕੜ ਹੋਰ ਸਾਜੋ-ਸਮਾਨ ਦੇ ਟੈਡਰਾਂ ਵਿਚ ਵੀ ਅਤੇ ਖਰੀਦੋ-ਫਰੋਖਤ ਕਰਦੇ ਸਮੇਂ ਵੱਡੇ ਘਪਲੇ ਸਾਹਮਣੇ ਆ ਰਹੇ ਹਨ । ਗੁਰੂਘਰ ਦੇ ਵਹੀਕਲਜ, ਸਾਧਨਾਂ, ਗੋਲਕਾਂ ਦੀ ਦੁਰਵਰਤੋਂ ਸ. ਬਾਦਲ ਅਤੇ ਉਨ੍ਹਾਂ ਦੀ ਸਿਆਸੀ ਪਾਰਟੀ ਲਈ ਹੁੰਦੇ ਆ ਰਹੇ ਹਨ । ਲੰਗਰ ਦੀ ਜੋ ਮਰਿਯਾਦਾਂ ਗੁਰੂਘਰ ਵਿਚ ਹੈ, ਉਸਦਾ ਉਲੰਘਣ ਕਰਕੇ ਇਨ੍ਹਾਂ ਲੰਗਰਾਂ ਦੀ ਦੁਰਵਰਤੋਂ 100-100, 200-200 ਕਿਲੋਮੀਟਰ ਦੂਰ ਹੋਣ ਵਾਲੀਆ ਸਿਆਸੀ ਇਕੱਤਰਤਾਵਾ, ਮੀਟਿੰਗਾਂ ਆਦਿ ਵਿਚ ਭੇਜਿਆ ਜਾਂਦਾ ਹੈ । ਜਿਥੇ ਐਸ.ਜੀ.ਪੀ.ਸੀ. ਦੇ ਸਟਾਫ ਅਤੇ ਸਾਧਨਾਂ ਦੀ ਵੀ ਦੁਰਵਰਤੋਂ ਹੁੰਦੀ ਆ ਰਹੀ ਹੈ । ਧਰਮ ਪ੍ਰਚਾਰ ਕਮੇਟੀ ਅਤੇ ਐਸ.ਜੀ.ਪੀ.ਸੀ. ਵੱਲੋਂ ਰੱਖੇ ਗਏ ਵੱਡੀਆ ਤਨਖਾਹਾਂ ਉਤੇ ਪ੍ਰਚਾਰਕ ਜਿਨ੍ਹਾਂ ਦੀ ਜਿ਼ੰਮੇਵਾਰੀ ਸਭ ਪੰਜਾਬ ਨਿਵਾਸੀਆ ਅਤੇ ਬਾਹਰਲੇ ਸੂਬਿਆਂ ਨੂੰ ਸਿੱਖ ਇਤਿਹਾਸ ਤੋਂ ਜਾਣਕਾਰੀ ਦੇਣ ਦੇ ਨਾਲ-ਨਾਲ ਗੁਰੂ ਦੀ ਬਾਣੀ ਦੇ ਵੱਡੇ ਆਨੰਦਮਈ ਮਹੱਤਵ ਤੋਂ ਜਾਣੂ ਕਰਵਾਉਣਾ ਹੈ । ਉਹ ਬੀਤੇ 3-4 ਦਹਾਕਿਆ ਤੋਂ ਐਸ.ਜੀ.ਪੀ.ਸੀ. ਦੇ ਖਾਤਿਆ ਵਿਚ ਆਪਣੀ ਤਨਖਾਹ ਤੋਂ ਇਲਾਵਾ ਡੀ.ਏ. ਟੀ.ਏ. ਤੇ ਹੋਰ ਖਰਚੇ ਤਾ ਪਾ ਰਹੇ ਹਨ, ਪਰ ਪ੍ਰਚਾਰ ਕਿਸੇ ਤਰ੍ਹਾਂ ਵੀ ਹੁੰਦਾ ਨਜ਼ਰ ਨਹੀਂ ਆ ਰਿਹਾ । ਜੋ ਹੋਰ ਵੀ ਵੱਡੀ ਅਣਗਹਿਲੀ ਕੀਤੀ ਜਾ ਰਹੀ ਹੈ ।
ਸ. ਮਾਨ ਨੇ ਭਾਈ ਲਾਲੋ ਅਤੇ ਭਾਈ ਘਨੱਈਆ ਦਾ ਵਿਸ਼ੇਸ਼ ਤੌਰ ਤੇ ਜਿਕਰ ਕਰਦੇ ਹੋਏ ਕਿਹਾ ਕਿ ਗੁਰੂ ਸਾਹਿਬਾਨ ਤੇ ਸਿੱਖੀ ਸਿਧਾਤਾਂ ਨੇ ਹਮੇਸ਼ਾਂ ਮਜਲੂਮ, ਲੋੜਵੰਦਾਂ, ਗਰੀਬ, ਮਜ਼ਦੂਰਾਂ ਦੀ ਬਾਂਹ ਫੜਨ ਤੇ ਉਨ੍ਹਾਂ ਦੀ ਮਦਦ ਕਰਨ ਦੀ ਗੱਲ ਕੀਤੀ ਹੈ । ਲੇਕਿਨ ਐਸ.ਜੀ.ਪੀ.ਸੀ. ਦੀ ਸਾਡੀ ਕੌਮੀ ਧਾਰਮਿਕ ਸੰਸਥਾਂ ਵਿਚ ਇਸ ਉੱਚੇ-ਸੁੱਚੇ ਸਿਧਾਂਤ ਉਤੇ ਪ੍ਰਬੰਧਕਾਂ ਵੱਲੋਂ ਪਹਿਰਾ ਦੇਣ ਦੀ ਕੋਈ ਗੱਲ ਨਜ਼ਰ ਨਹੀਂ ਆ ਰਹੀ । ਬਲਕਿ ਇਸ ਕੌਮੀ ਖਜਾਨੇ ਅਤੇ ਸਾਧਨਾਂ ਜਿਨ੍ਹਾਂ ਦੀ ਵਰਤੋਂ ਭਾਈ ਲਾਲੋਆ ਲਈ ਅਤੇ ਭਾਈ ਘਨੱਈਆ ਜੀ ਦੀ ਤਰ੍ਹਾਂ ਮਨੁੱਖਤਾ ਦੀ ਸੇਵਾ ਕਰਨ ਲਈ ਹੋਣੀ ਚਾਹੀਦੀ ਹੈ, ਉਸ ਤੋਂ ਤਕਰੀਬਨ ਬੀਤੇ ਸਮੇਂ ਦੇ ਅਤੇ ਅਜੋਕੇ ਸਮੇਂ ਦੇ ਪ੍ਰਬੰਧਕ ਮੂੰਹ ਮੋੜੀ ਬੈਠੇ ਹਨ । ਇਥੋਂ ਤੱਕ ਕਰੋਨਾ ਮਹਾਮਾਰੀ ਦੌਰਾਨ ਜੋ ਹਜਾਰਾਂ ਦੀ ਗਿਣਤੀ ਵਿਚ ਗ੍ਰੰਥੀ ਸਿੰਘ ਅਤੇ ਪਾਠੀ ਸਿੰਘ ਬੇਰੁਜਗਾਰ ਹੋ ਗਏ ਸਨ, ਉਨ੍ਹਾਂ ਦੀ ਮਦਦ ਕਰਨ ਲਈ ਵੀ ਇਸ ਸੰਸਥਾਂ ਵੱਲੋਂ ਕੋਈ ਉਦਮ ਨਾ ਕਰਨਾ ਸਮੁੱਚੀ ਗੰਭੀਰ ਸਥਿਤੀ ਨੂੰ ਜਾਹਰ ਕਰਦਾ ਹੈ ਕਿ ਪ੍ਰਬੰਧਕ ਗੁਰੂ ਸਿਧਾਤਾਂ ਨੂੰ ਪਿੱਠ ਦੇ ਕੇ ਬਾਬਰ-ਜਾਬਰ ਦੀ ਸੋਚ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਪੰਥ ਵਿਰੋਧੀ ਸ਼ਕਤੀਆਂ ਨੂੰ ਸਹਿਯੋਗ ਕਰਕੇ ਸਿੱਖ ਧਰਮ ਦੇ ਅਸਲ ਸੱਚ ਤੋਂ ਪਿੱਛੇ ਹੱਟ ਗਏ ਹਨ ਅਤੇ ਝੂਠ ਨੂੰ ਫੜਕੇ ਸਿੱਖ ਕੌਮ ਦੀ ਇਸ ਸੰਸਥਾਂ ਦੇ ਵੱਡੇ ਸਤਿਕਾਰ ਨੂੰ ਡੂੰਘੀ ਸੱਟ ਮਾਰਦੇ ਆ ਰਹੇ ਹਨ । ਇਹ ਅਤਿ ਸ਼ਰਮਨਾਕ ਵਰਤਾਰਾ ਹੈ ਕਿ ਜਿਸ ਸੰਸਥਾਂ ਦੇ ਕਾਨੂੰਨੀ ਸਲਾਹਕਾਰਾਂ ਨੇ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਕਾਨੂੰਨੀ ਲਿਆਕਤਮੰਦੀ ਨਾਲ ਕੰਮ ਕਰਦੇ ਹੋਏ ਸਿੱਖ ਸੰਗਤਾਂ ਨੂੰ ਇਨਸਾਫ਼ ਦਿਵਾਉਣ ਅਤੇ ਦੇਣ ਦੀ ਵੱਡੀ ਜਿ਼ੰਮੇਵਾਰੀ ਹੈ, ਉਸ ਗੁਰਦੁਆਰਾ ਜੁਡੀਸੀਅਲ ਕਮਿਸ਼ਨ ਦੇ ਚੇਅਰਮੈਨ ਦੇ ਮੁੱਖ ਅਹੁਦੇ ਤੇ ਬਿਰਾਜਮਾਨ ਸ. ਸਤਨਾਮ ਸਿੰਘ ਕਲੇਰ ਅਤੇ ਉਸਦਾ ਪੁੱਤਰ ਸ. ਕਲੇਰ ਜੋ ਬਾਦਲ ਅਕਾਲੀ ਦਲ ਦਾ ਕਾਨੂੰਨੀ ਬੁਲਾਰਾ ਹੈ, ਇਹ ਦੋਵੇ ਪਿਓ-ਪੁੱਤ, ਸੈਕੜਿਆਂ ਦੀ ਗਿਣਤੀ ਵਿਚ ਸਿੱਖ ਨੌਜ਼ਵਾਨਾਂ ਉਤੇ ਤਸੱਦਦ ਕਰਕੇ ਸ਼ਹੀਦ ਕਰਨ ਵਾਲੇ ਜਾਲਮ ਪੁਲਿਸ ਅਫ਼ਸਰ ਸੁਮੇਧ ਸੈਣੀ ਵਰਗੇ ਕਾਤਲ ਦੇ ਕੇਸ ਦੀ ਪੈਰਵੀ ਕਰ ਰਹੇ ਹਨ । ਇਹ ਕਿਵੇ ਸੋਚਿਆ ਜਾ ਸਕਦਾ ਹੈ ਕਿ ਸਾਡੀ ਇਸ ਸੰਸਥਾਂ ਦੇ ਦੋਵੇ ਵਕੀਲ ਸ. ਪ੍ਰਕਾਸ਼ ਸਿੰਘ ਬਾਦਲ ਜਾਂ ਸ. ਗੋਬਿੰਦ ਸਿੰਘ ਲੌਗੋਵਾਲ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਸਿੱਖ ਕੌਮ ਦੇ ਕਾਤਲਾਂ ਦੇ ਕੇਸ ਲੜਨ ? ਸਿੱਖ ਕੌਮ ਨੂੰ ਇਸ ਉਪਰੋਕਤ ਵਰਤਾਰੇ ਨੂੰ ਮੌਜੂਦਾ ਆਪਣੀ ਸਿਆਸੀ ਸਥਿਤੀ ਅਤੇ ਧਾਰਮਿਕ ਸਥਿਤੀ ਦੀ ਨਿੱਘਰਦੀ ਜਾ ਰਹੀ ਹਾਲਤ ਨੂੰ ਅੱਛੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਅਤੇ ਸਿਆਸੀ ਤੇ ਧਾਰਮਿਕ ਤੌਰ ਤੇ ਆ ਚੁੱਕੀਆ ਵੱਡੀਆ ਗਿਰਾਵਟਾਂ ਦਾ ਪੂਰਨ ਰੂਪ ਵਿਚ ਅੰਤ ਕਰਨ ਲਈ ਅਤੇ ਇਨ੍ਹਾਂ ਦੋਵਾਂ ਖੇਤਰਾਂ ਵਿਚ ਗੁਰੂ ਸਾਹਿਬਾਨ ਦੇ ਸਿਧਾਤਾਂ ਨੂੰ ਲਾਗੂ ਕਰਨ ਲਈ ਹੁਣੇ ਤੋਂ ਹੀ ਆਪਣੀ ਵੱਡੀ ਜਿ਼ੰਮੇਵਾਰੀ ਨੂੰ ਸਮਝਦੇ ਹੋਏ ਕਮਰ ਕੱਸੇ ਕਰ ਲੈਣੇ ਚਾਹੀਦੇ ਹਨ ਤਾਂ ਕਿ ਜਿਥੇ ਅਸੀਂ ਧਾਰਮਿਕ ਤੇ ਅਧਿਆਤਮਿਕ ਤੌਰ ਤੇ ਮਜ਼ਬੂਤ ਹੋ ਸਕੀਏ, ਉਥੇ ਆਪਣਾ ਆਜ਼ਾਦ ਬਾਦਸ਼ਾਹੀ ਸਿੱਖ ਸਟੇਟ ਕਾਇਮ ਕਰਨ ਲਈ ਸਿਆਸੀ ਖੇਤਰ ਵਿਚ ਆਈਆ ਗਿਰਾਵਟਾਂ ਨੂੰ ਸਮੂਹਿਕ ਰੂਪ ਵਿਚ ਦੂਰ ਕਰਕੇ ਆਪਣੇ ਮਿੱਥੇ ਨਿਸ਼ਾਨੇ ਤੇ ਪਹੁੰਚ ਸਕੀਏ ਅਤੇ ਸਮੁੱਚੇ ਸੰਸਾਰ ਵਿਚ ਸਿੱਖੀ ਦੇ ਬੋਲਬਾਲੇ ਦੇ ਨਾਲ-ਨਾਲ ਅਮਨ-ਚੈਨ ਅਤੇ ਜਮਹੂਰੀਅਤ ਲੀਹਾਂ ਨੂੰ ਵੀ ਪ੍ਰਪੱਕ ਕਰ ਸਕੀਏ ।