ਪਟਿਆਲਾ (ਅਰਵਿੰਦਰ ਸਿੰਘ) ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਚੇਅਰਮੈਨ ਜੇਲ ਕਮੇਟੀ ਜਸਟਿਸ ਰਾਜਨ ਗੁਪਤਾ ਵੱਲੋਂ 1 ਮਈ ਨੂੰ ਕੇਂਦਰੀ ਜੇਲ ਪਟਿਆਲਾ ਵਿਖੇ ਕੈਦੀਆਂ ਵੱਲੋਂ ਮਾਸਕ ਬਣਾਉਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਈ ਗਈ ਸੀ ਜਿਸ ਤਹਿਤ ਤਿਆਰ ਹੋਏ ਮਾਸਕ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ-ਕਮ-ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਜਸਟਿਸ ਸ੍ਰੀ ਰਾਕੇਸ਼ ਕੁਮਾਰ ਜੈਨ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਾਜਿੰਦਰ ਅਗਰਵਾਲ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਗੁਰਬਖ਼ਸ ਕਲੋਨੀ ਤੇ ਝਿੱਲ ਪਿੰਡ ਵਿੱਚ ਲੋੜਵੰਦਾਂ ਨੂੰ ਵੰਡੇ ਗਏ। ਇਸ ਮੌਕੇ ਜਾਣਕਾਰੀ ਦਿੰਦਿਆ ਸੀ.ਜੇ.ਐਮ. ਕਮ- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਿਸ ਪਰਮਿੰਦਰ ਕੌਰ ਨੇ ਦੱਸਿਆ ਕਿ ਕੋਰੋਨਾ ਵਾਇਰਸ (ਕੋਵਿਡ-19) ਮਹਾਂਮਾਰੀ ਤੋਂ ਬਚਾਅ ਲਈ ਜੇਲ ਦੇ ਅੰਡਰ ਟਰਾਇਲ ਕੈਦੀਆਂ ਵੱਲੋਂ ਬਣਾਏ ਗਏ ਮਾਸਕ ਲੋੜਵੰਦਾਂ ਨੂੰ ਬਿਮਾਰੀ ਤੋਂ ਬਚਾਉਣ ਲਈ ਸਹਾਈ ਸਿੱਧ ਹੋਣਗੇ ਅਤੇ ਇਹ ਮਾਸਕ ਧੋਣ ਯੋਗ ਹਨ ਤੇ ਬਾਰ-ਬਾਰ ਵਰਤੋਂ ਵਿੱਚ ਲਿਆਂਦੇ ਜਾ ਸਕਦੇ ਹਨ।
ਸੀ.ਜੇ.ਐਮ. ਨੇ ਦੱਸਿਆ ਕਿ ਐਨ.ਜੀ.ਓ. ਜਨਹਿਤ ਸਮਿਤੀ ਦੇ ਸਹਿਯੋਗ ਨਾਲ ਅੱਜ ਕੇਂਦਰੀ ਜੇਲ ‘ਚ ਬਣੇ 890 ਮਾਸਕ ਗੁਰਬਖ਼ਸ ਕਲੋਨੀ ਤੇ ਝਿੱਲ ਪਿੰਡ ਵਿਖੇ ਲੋੜਵੰਦ ਲੋਕਾਂ ਨੂੰ ਮੁਹੱਈਆ ਕਰਵਾਏ ਗਏ ਹਨ ਅਤੇ ਇਸ ਮੌਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਬੱਚਿਆਂ ਨੂੰ ਕਾਪੀਆਂ ਵੀ ਵੰਡੀਆਂ ਗਈਆਂ ਹਨ। ਇਸ ਮੌਕੇ ‘ਤੇ ਏ.ਸੀ.ਜੇ.ਐਮ ਸ੍ਰੀਮਤੀ ਤ੍ਰਿਪਤਜੋਤ ਕੌਰ, ਸੀ.ਜੇ.ਐਮ. ਡਾ. ਦੀਪਤੀ ਗੁਪਤਾ ਅਤੇ ਸੀ.ਜੇ.ਐਮ.-ਕਮ- ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਪਰਮਿੰਦਰ ਕੌਰ, ਜਰਨਲ ਸਕੱਤਰ ਜਨ ਹਿਤ ਸਮਿਤੀ ਸ੍ਰੀ ਵਿਨੋਦ ਸ਼ਰਮਾ ਅਤੇ ਵਾਈਸ ਪ੍ਰਧਾਨ ਸ੍ਰੀ ਐਸ.ਐਸ. ਛਾਬੜਾ ਸਮੇਤ ਪੈਰਾ ਲੀਗਲ ਵਲੰਟੀਅਰਜ਼ ਮੌਜੂਦ ਰਹੇ।