
ਨਵੀਂ ਦਿੱਲੀ ( ਮੀਡੀਆ ਬਿਊਰੋ ) ਸਿਰਸਾ ਨੇ ਕੇਜਰੀਵਾਲ ਸਰਕਾਰ ਦੇ ਐਸਡੀਐਮ ਵਲੋਂ ਦਿੱਲੀ ਪੁਲਿਸ ਨੂੰ ਗੁਰਦੁਆਰਾ ਪ੍ਰਬੰਧਕਾਂ ਉਤੇ ਕੇਸ ਦਰਜ ਕਰਨ ਦੀ ਕੀਤੀ ਗਈ ਸਿਫਾਰਿਸ਼ ਦੇ ਹੁਕਮਾਂ ਵਾਲੀ ਕਾਪੀ ਜਾਰੀ ਕਰਦਿਆਂ ਕਿਹਾ ਕਿ ਜੇਕਰ ਭਗਵੰਤ ਮਾਨ ਅਤੇ ਜਰਨੈਲ ਸਿੰਘ ਦੀ ਮਾੜੀ ਮੋਟੀ ਜ਼ਮੀਰ ਵੀ ਜਿਉਂਦੀ ਹੈ ਤਾਂ ਉਹ ਝੂਠ ਬੋਲਣ ਤੋਂ ਪਹਿਲਾਂ ਸਿੱਖਾਂ ਉਤੇ ਕੇਸ ਦਰਜ ਕਰਾਉਣ ਵਾਲੇ ਆਪਣੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੇ ਘਰ ਅੱਗੇ ਜਾ ਕੇ ਧਰਨਾ ਦੇਣ। ਉਨ੍ਹਾਂ ਕਿਹਾ ਕਿ ਸਿੱਖਾਂ ਤੇ ਪੰਜਾਬੀਆਂ ਨੂੰ ਝੂਠ ਬੋਲ ਕੇ ਤੁਸੀਂ ਸੱਚਾਈ ਉਤੇ ਪਰਦਾ ਨਹੀਂ ਪਾ ਸਕਦੇ, ਹਿੰਮਤ ਹੈ ਤਾਂ ਤੁਹਾਡੀ ਸਰਕਾਰ ਵੱਲੋਂ ਗੁਰਦੁਆਰਾ ਸਾਹਿਬ ਉਤੇ ਦਰਜ ਕਰਵਾਏ ਗਏ ਕੇਸ ਲਈ ਦੁਨੀਆ ਭਰ ਦੇ ਸਿੱਖਾਂ ਤੋਂ ਮੁਆਫੀ ਮੰਗਣ ਨਹੀਂ ਤਾਂ ਸਿੱਖ ਤੁਹਾਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ। ਸ੍ਰੀ ਸਿਰਸਾ ਨੇ ਜਰਨੈਲ ਸਿੰਘ ਤੇ ਭਗਵੰਤ ਮਾਨ ਨੂੰ ਕਿਹਾ ਕਿ ਜੇਕਰ ਤੁਹਾਨੂੰ ਆਪਣੀ ਹੀ ਕੇਜਰੀਵਾਲ ਸਰਕਾਰ ਦੇ ਹੁਕਮ ਅੰਗਰੇਜ਼ੀ ਵਿਚ ਨਹੀਂ ਪੜ੍ਹਨੇ ਆਉਂਦੇ ਤਾਂ ਅਸੀਂ ਦਿੱਲੀ ਕਮੇਟੀ ਸਕੂਲ ਵਿਚੋਂ ਅਧਿਆਪਕ ਭੇਜ ਦਿੰਦੇ ਹਾਂ ਜੋ ਤੁਹਾਨੂੰ ਅੰਗਰੇਜ਼ੀ ਵਿਚ ਪੜ੍ਹ ਕੇ ਦੱਸ ਦੇਣਗੇ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਵਿਧਾਇਕ ਜਰਨੈਲ ਸਿੰਘ ਨੂੰ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਤੁਹਾਡੀ ਕੇਜਰੀਵਾਲ ਸਰਕਾਰ ਦੇ ਹੁਕਮਾਂ ‘ਤੇ ਹੀ ਗੁਰਦੁਆਰਾ ਮਜਨੂੰ ਕਾ ਟਿੱਲਾ ਦੀ ਪ੍ਰਬੰਧਕ ਕਮੇਟੀ ਉਤੇ ਕੇਸ ਦਰਜ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਤੁਹਾਡੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ਉਤੇ ਸਰਕਾਰ ਦੇ ਐਸਡੀਐਮ ਅਤੇ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਉਤੇ ਹੀ ਪੁਲਿਸ ਵਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ, ਜਿਸ ਦਾ ਜਿਉਂਦਾ ਜਾਗਦਾ ਸਬੂਤ ਤੁਹਾਡੇ ਐਸਡੀਐਮ ਅਧਿਕਾਰੀ ਵਲੋਂ ਕੇਸ ਦਰਜ ਕਰਨ ਲਈ ਲਿਖਿਆ ਗਿਆ ਪੱਤਰ ਹੈ।
ਸਿਰਸਾ ਨੇ ਦੋਸ਼ ਲਾਇਆ ਕਿ ਕੇਜਰੀਵਾਲ ਸਰਕਾਰ ਨੂੰ ਸਿੱਖਾਂ ਵਲੋਂ ਦਿੱਲੀ ਵਿਚ ਗਰੀਬ ਲੋਕਾਂ ਦੀ ਕੀਤੀ ਜਾ ਰਹੀ ਸੇਵਾ ਬਰਦਾਸ਼ਤ ਨਹੀਂ ਹੋ ਰਹੀ, ਦਿੱਲੀ ਦੇ ਗੁਰਦੁਆਰਾ ਸਾਹਿਬਾਨ ਵਿਚ ਲੱਖਾਂ ਗਰੀਬਾਂ ਲਈ ਹਰ ਰੋਜ਼ ਇਸ ਸਮੇਂ ਲੰਗਰ ਦੀ ਸੇਵਾ ਹੋ ਰਹੀ ਹੈ ਜਦੋਂ ਕਿ ਦਿੱਲੀ ਸਰਕਾਰ ਗਰੀਬਾਂ ਦਾ ਢਿੱਡ ਭਰਨ ਵਿਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਅਤੇ ਜਰਨੈਲ ਸਿੰਘ ਸਿੱਖ ਸੰਗਤ ਤੋਂ ਮੁਆਫੀ ਮੰਗਣ।
ਸਿਰਸਾ ਨੇ ਸਬੂਤ ਪੇਸ਼ ਕਰਕੇ ਭਗਵੰਤ ਮਾਨ ਅਤੇ ਜਰਨੈਲ ਸਿੰਘ ਨੂੰ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਤੁਹਾਡੀ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਡਿਪਟੀ ਕਮਿਸ਼ਨਰ ਦੀ ਹਦਾਇਤ ਉਤੇ ਐਸਡੀਐਮ ਪ੍ਰਦੀਪ ਤਾਇਲ ਸਿਵਲ ਲਾਈਨਜ਼ ਨੇ ਖੁਦ ਸ਼ਿਕਾਇਤਾ ਬਣ ਕੇ ਗੁਰਦੁਆਰਾ ਕਮੇਟੀ ਦੇ ਉਤੇ ਮੁਕੱਦਮਾ ਦਰਜ ਕਰਵਾਇਆ ਹੈ। ਸ੍ਰੀ ਸਿਰਸਾ ਨੇ ਭਗਵੰਤ ਮਾਨ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਤੁਸੀਂ ਜਿਹੜੀ ਆਪਣੀ ਵੀਡੀਓ ਵਿਚ ਇਹ ਜਾਣਕਾਰੀ ਦਿੱਤੀ ਕਿ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਸ ਐਸਐਚਓ ਨੂੰ ਮੁਅੱਤਲ ਕਰਨ ਵਾਸਤੇ ਦਿੱਲੀ ਦੇ ਲੈਫ ਗਵਰਨਰ ਨੂੰ ਲਿਖਿਆ ਹੈ ਜਿਸ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖਾਂ ਉਤੇ ਮੁਕੱਦਮਾ ਦਰਜ ਕੀਤਾ, ਜੇ ਤੁਸੀਂ ਸੱਚੇ ਹੋ ਤਾਂ ਪੰਜਾਬ, ਪੰਜਾਬੀਆਂ ਅਤੇ ਦੁਨੀਆਂ ਦੇ ਸਿੱਖਾਂ ਤੋਂ ਮੁਆਫੀ ਮੰਗੋ। ਉਹਨਾਂ ਕਿਹਾ ਕਿ ਮੈਂ ਹੁਣ ਵੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਸਾਹਿਬਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਮਨੁੱਖਤਾ ਦੇ ਭਲੇ ਲਈ ਅਜਿਹੇ ਮੌਕੇ ਉਤੇ ਇਸ ਮਸਲੇ ਵਿਚ ਆਪਾਂ ਸਾਰੇ ਇੱਕਜੁੱਟ ਹੋਈਏ ਅਤੇ ਰਾਜਨੀਤੀ ਨਾ ਕਰੀਏ ਬਲਕਿ ਰਣਨੀਤੀ ਬਣਾਈਏ ਕਿ ਆਪਾਂ ਕਿਸ ਤਰ੍ਹਾਂ ਕਰੋਨਾ ਦੀ ਭਿਆਨਕ ਬਿਮਾਰੀ ਨਾਲ ਇੱਕਜੁੱਟ ਹੋਕੇ ਲੜ ਸਕਦੇ ਹਾਂ। ਸ੍ਰੀ ਸਿਰਸਾ ਨੇ ਫ਼ਿਰ ਉਨ੍ਹਾਂ ਨੂੰ ਸੱਦਾ ਦਿੱਤਾ ਕਿ ਆਓ ਇੱਕਜੁਟ ਹੋਈਏ ਅਤੇ ਜਿਹੜਾ ਸਿੱਖਾਂ ਉੱਤੇ ਜੋ ਮੁਕੱਦਮਾ ਦਰਜ ਹੋਇਆ ਹੈ ਉਸ ਦੀ ਨਿੰਦਾ ਕਰੀਏ ਤੇ ਇਸ ਨੂੰ ਮਿਲਜੁਲ ਕੇ ਖ਼ਤਮ ਕਰਾਈਏ।