ਐਸ ਏ ਐਸ ਨਗਰ ( ਬਿਊਰੋ ) “ਗਾਰਡੀਅਨਜ਼ ਆਫ਼ ਗਵਰਨੈਂਸ (ਜੀਓਜੀ) ਸੰਕਟ ਦੀ ਇਸ ਘੜੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਹਰ ਸੰਭਵ ਸਹਾਇਤਾ ਕਰ ਰਹੇ ਹਨ ਅਤੇ ਖਾਸ ਕਰਕੇ ਦਿਹਾਤੀ ਖੇਤਰਾਂ ਵਿੱਚ ਵੱਡਮੁੱਲੀਆਂ ਸੇਵਾਵਾਂ ਦੇ ਰਹੇ ਹਨ।”
ਇਹ ਪ੍ਰਗਟਾਵਾ ਕਰਦਿਆਂ ਅੱਜ ਇਥੇ ਜੀ.ਓ.ਜੀ. ਦੇ ਜ਼ਿਲ੍ਹਾ ਪ੍ਰਧਾਨ ਬ੍ਰਿਗੇਡੀਅਰ ਮਨੋਹਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 101 ਗਾਰਡਨ ਆਫ਼ ਗਵਰਨੈਂਸ ਕੰਮ ਕਰ ਰਹੇ ਹਨ ਅਤੇ ਹਰ 3-4 ਪਿੰਡਾਂ ਵਿੱਚ ਇੱਕ ਜੀ ਓ ਜੀ ਤਾਇਨਾਤ ਕੀਤਾ ਗਿਆ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਜੀਓਜੀ ਮੁੱਖ ਤੌਰ ‘ਤੇ ਇਹ ਯਕੀਨੀ ਬਣਾਉਣ ‘ਤੇ ਧਿਆਨ ਕੇਂਦ੍ਰਿਤ ਕਰਦੇ ਹਨ ਕਿ ਦਿਹਾਤੀ ਖੇਤਰ ਵਿੱਚ ਸਥਿਤ ਬੈਂਕਾਂ ਵਿੱਚ ਸਮਾਜਿਕ ਦੂਰੀਆਂ ਦੇ ਨਿਯਮਾਂ ਨੂੰ ਅਮਲ ਵਿਚ ਲਿਆਂਦਾ ਜਾਵੇ। ਇਸ ਤੋਂ ਇਲਾਵਾ, ਉਹ ਇਹ ਯਕੀਨੀ ਬਣਾ ਰਹੇ ਹਨ ਕਿ ਜਿਹੜੇ ਲੋਕਾਂ ਨੂੰ ਪਿੰਡਾਂ ਵਿਚ ਕੁਆਰੰਟੀਨ ਕੀਤਾ ਹੈ, ਉਹ ਕੁਆਰੰਟੀਨ ਨਿਯਮਾਂ ਨੂੰ ਨਾ ਤੋੜਣ ਅਤੇ ਕੁਆਰੰਟੀਨ ਦੀ ਲਾਜ਼ਮੀ ਅਵਧੀ ਨੂੰ ਪੂਰਾ ਕਰਨ।