ਖੰਨਾ (ਪਰਮਜੀਤ ਸਿੰਘ ਧੀਮਾਨ) : ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਿਚ ਇਸ ਸਾਲ ਕਣਕ ਦੀ ਖ੍ਰੀਦ 15 ਅਪ੍ਰੈਲ ਤੋਂ ਅਰੰਭ ਹੋ ਗਈ ਹੈ, ਕੱਲ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਵੀ ਅਨਾਜ ਮੰਡੀ ਪੁੱਜੇ ਸਨ। ਅੱਜ ਤੀਸਰੇ ਦਿਨ ਖੰਨਾ ਮੰਡੀ ਵਿਚ 28920 ਕੁਇੰਟਲ ਕਣਕ ਦੀ ਆਮਦ ਹੋਈ ਅਤੇ ਖ੍ਰੀਦ ਏਜੰਸੀਆਂ ਪਨਗ੍ਰੇਨ, ਐਫ਼. ਸੀ. ਆਈ., ਮਾਰਕਫੈਡ, ਪਨਸਪ, ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ ਕਣਕ ਦੀ ਖ੍ਰੀਦ ਕੀਤੀ। ਜਦੋਂ ਕਿ ਪ੍ਰਾਈਵੇਟ ਵਪਾਰੀਆਂ ਵੱਲੋਂ 500 ਕੁਇੰਟਲ ਕਣਕ ਖ੍ਰੀਦ ਕੀਤੀ ਗਈ ਹੈ।
ਇਸ ਦੌਰਾਨ ਜ਼ਿਲਾ ਖੰਨਾ ਪੁਲਸ ਦੇ ਐਸ. ਐਸ. ਪੀ. ਹਰਪ੍ਰੀਤ ਸਿੰਘ ਵੱਲੋਂ ਖੰਨਾ ਮੰਡੀ ਵਿਚ ਪੁਖਤਾ ਪ੍ਰਬੰਧ ਰੱਖਦੇ ਹੋਏ ਅਧਿਕਾਰੀ ਤੇ ਕਰਮਚਾਰੀ ਤੈਨਾਤ ਕੀਤੇ ਗਏ ਹਨ। ਮਾਰਕੀਟ ਕਮੇਟੀ ਕਰਮਚਾਰੀਆਂ ਵੱਲੋਂ ਨਮੀ ਦੀ ਜਾਂਚ ਕਰਨ ਤੋਂ ਬਾਅਦ ਹੀ ਕਣਕ ਦੀ ਟਰਾਲੀ ਨੂੰ ਮੰਡੀ ਅੰਦਰ ਦਾਖਲ ਹੋਣ ਦਿੱਤਾ ਜਾ ਰਿਹਾ ਹੈ। ਇਸੇ ਤਰਾਂ ਟਰਾਲੀ ਤੇ ਕਿਸਾਨ ਨੂੰ ਸੈਨੇਟਾਈਜ਼ ਕਰਨ ਦੇ ਨਾਲ-ਨਾਲ ਕਿਸਾਨ ਨੂੰ ਮਾਸਕ ਵੀ ਮੁਹੱਈਆ ਕੀਤੇ ਜਾ ਰਹੇ ਹਨ। ਮਾਰਕੀਟ ਕਮੇਟੀ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਅੱਜ ਤੱਕ ਖੰਨਾ ਮੰਡੀ ਵਿਚ 23320 ਕੁਇੰਟਲ ਕਣਕ ਆਈ ਜਦੋਂ ਕਿ ਮਾਰਕੀਟ ਕਮੇਟੀ ਦੇ ਅਧੀਨ ਆਉਂਦੇ ਸਬ-ਸੈਂਟਰਾਂ ਰੌਣੀ ਵਿਚ 2600 ਕੁਇੰਟਲ, ਸਬ ਸੈਂਟਰ ਈਸੜੂ ਵਿਖੇ 1500 ਕੁਇੰਟਲ ਅਤੇ ਸਬ ਸੈਂਟਰ ਰਾਏਪੁਰ ਵਿਖੇ 1500 ਕੁਇੰਟਲ ਕਣਕ ਦੀ ਆਮਦ ਹੋਈ। ਜਦੋਂ ਕਿ ਪਿਛਲੇ ਸਾਲ 15 ਅਪ੍ਰੈਲ ਤੱਕ ਖੰਨਾ ਮੰਡੀ ਵਿਚ 3500 ਕੁਇੰਟਲ ਕਣਕ ਦੀ ਆਮਦ ਹੋਈ। ਇਸ ਦੌਰਾਨ ਅੱਜ ਤੱਕ ਪਨਗਰੇਨ ਏਜੰਸੀ ਨੇ 2050 ਕੁਇੰਟਲ, ਐਫ਼. ਸੀ. ਆਈ. ਨੇ 4120 ਕੁਇੰਟਲ, ਮਾਰਕਫੈਡ ਨੇ 5500 ਕੁਇੰਟਲ, ਪਨਸਪ ਨੇ 4950 ਕੁਇੰਟਲ, ਵੇਅਰ ਹਾਊਸ ਕਾਰਪੋਰੇਸ਼ਨ ਨੇ 5600 ਕੁਇੰਟਲ ਕਣਕ ਦੀ ਖ੍ਰੀਦ ਕੀਤੀ ਹੈ, ਇਸੇ ਤਰਾਂ ਹੀ ਸਬ ਸੈਂਟਰ ਰੌਣੀ ਵਿਚ ਪਨਗਰੇਨ ਨੇ 2500 ਕੁਇੰਟਲ, ਸਬ ਸੈਂਟਰ ਈਸੜੂ ਵਿਖੇ ਪਨਗਰੇਨ 1500 ਕੁਇੰਟਲ ਅਤੇ ਸਬ ਸੈਂਟਰ ਰਾਏਪੁਰ ਵਿਖੇ ਵੇਅਰ ਹਾਊਸ ਕਾਰਪੋਰੇਸ਼ਨ 1500 ਕੁਇੰਟਲ ਕਣਕ ਦੀ ਖ੍ਰੀਦ ਕੀਤੀ। ਜਦੋਂ ਕਿ ਅੱਜ ਪ੍ਰਾਈਵੇਟ ਵਪਾਰੀਆਂ ਨੇ 500 ਕੁਇੰਟਲ ਕਣਕ ਦੀ ਖ੍ਰੀਦ ਕੀਤੀ, ਇਸ ਦੌਰਾਨ ਖ੍ਰੀਦ ਏਜੰਸੀਆਂ ਤੇ ਪ੍ਰਾਈਵੇਟ ਏਜੰਸੀਆਂ ਵੱਲੋਂ ਹੁਣ ਤੱਕ 4350 ਕੁਇੰਟਲ ਕਣਕ ਦੀ ਲਿਫਟਿੰਗ ਕੀਤੀ ਗਈ ਹੈ ਜਦੋਂ ਕਿ 23850 ਕੁਇੰਟਲ ਕਣਕ ਦੀ ਅਣ ਲਿਫਟਿੰਗ ਮੰਡੀਆ ਵਿਚ ਪਈ ਹੈ।