ਮਾਮਲਾ ਜ਼ਾਅਲੀ ਸ਼ਰਾਬ ਫੈਕਟਰੀ ਦਾ
ਜ਼ਾਅਲੀ ਸ਼ਰਾਬ ਵੇਚਣ ਵਾਲਿਆਂ ਦੀ ਤੋੜੀ ਚੇਨ, -02 ਦੋਸ਼ੀ ਹੋਰ ਕਾਬੂ ਤੇ ਭਾਰੀ ਮਾਤਰਾ ‘ਚ ਨਜਾਇਜ਼ ਸ਼ਰਾਬ ਬਰਾਮਦ
ਖੰਨਾ (ਪਰਮਜੀਤ ਸਿੰੰਘ ਧੀਮਾਨ) : ਖੰਨਾ ਪੁਲਸ ਵੱਲੋਂ ਹਾਲ ਹੀ ਵਿਚ ਪਿੰਡ ਬਾਹੋਮਾਜਰਾ ਵਿਖੇ ਗੋਦਾਮ ‘ਚ ਚੱਲਦੀ ਜ਼ਾਅਲੀ ਸ਼ਰਾਬ ਫੈਕਟਰੀ ਤੋਂ ਹਜ਼ਾਰਾਂ ਲੀਟਰ ਸ਼ਰਾਬ, ਸ਼ਰਾਬ ਬਣਾਉਣ ਦਾ ਸਾਜ਼ੋ ਸਮਾਨ ਅਤੇ ਨਗਦੀ ਸਣੇ 05 ਦੋਸ਼ੀਆਂ ਨੂੰ ਕਾਬੂ ਕੀਤਾ ਸੀ, ਜਿਨਾਂ ਤੋਂ ਕੀਤੀ ਪੁੱਛ ਗਿੱਛ ਉਪਰੰਤ ਖੰਨਾ ਪੁਲਸ ਨੇ ਜਿੱਥੇ ਰਾਜਪੁਰਾ ਅਤੇ ਸਮਰਾਲਾ ਇਲਾਕੇ ਵਿਚ ਜ਼ਾਅਲੀ ਸ਼ਰਾਬ ਦੀ ਸਪਲਾਈ ਕਰਨ ਵਾਲਿਆਂ ਚੇਨ ਨੂੰ ਤੋੜਣ ਵਿਚ ਸਫਲਤਾ ਹਾਸਲ ਕੀਤੀ ਹੈ, ਉਥੇ ਹੀ ਹਜ਼ਾਰਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਦਾ ਪਰਦਾ ਫਾਸ਼ ਕੀਤਾ ਹੈ।
ਅੱਜ ਪੁਲਸ ਜ਼ਿਲਾ ਖੰਨਾ ਦੇ ਐਸ. ਐਸ. ਪੀ. ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੰਨਾ ਪੁਲਸ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਚਲਾਈ ਮੁਹਿੰਮ ਦੌਰਾਨ ਐਸ. ਪੀ. (ਆਈ.) ਜਗਵਿੰਦਰ ਸਿੰਘ ਚੀਮਾ ਦੀ ਨਿਗਰਾਨੀ ਹੇਠਾਂ 22 ਅਪ੍ਰੈਲ ਨੂੰ ਡੀ. ਐਸ. ਪੀ. (ਆਈ) ਤਰਲੋਚਨ ਸਿੰਘ, ਡੀ. ਐਸ. ਪੀ. ਖੰਨਾ ਰਾਜਨ ਪ੍ਰਮਿੰਦਰ ਸਿੰਘ ਅਤੇ ਸੀ. ਆਈ. ਏ. ਸਟਾਫ਼ ਖੰਨਾ ਦੇ ਇੰਚਾਰਜ ਇੰਸ. ਗੁਰਮੇਲ ਸਿੰਘ ਦੀ ਟੀਮ ਵੱਲੋਂ ਪਿੰਡ ਬਾਹੋਮਾਜਰਾ ਵਿਖੇ ਇੱਕ ਗੋਦਾਮ ਵਿਚੋਂ ਵੱਡੇ ਪੱਧਰ ‘ਤੇ ਲਗਾਈ ਸ਼ਰਾਬ ਬਣਾਉਣ ਵਾਲੀ ਡਿਸਟਿਲਰੀ ਦਾ ਪਰਦਾਫਾਸ਼ ਕੀਤਾ ਗਿਆ ਸੀ ਅਤੇ ਉਸ ਗੋਦਾਮ ਵਿੱਚੋਂ ਕਾਫੀ ਮਾਤਰਾ ਵਿੱਚ ਸ਼ਰਾਬ ਅਤੇ ਸ਼ਰਾਬ ਬਣਾਉਣ ਦਾ ਸਾਜੋ ਸਮਾਨ (ਜਿਵੇਂ ਕਿ 413 ਪੇਟੀਆ ਸ਼ਰਾਬ ਵੱਖ-ਵੱਖ ਮਾਰਕਾ ਦੀਆਂ, ਈ. ਐੱਨ. ਏ. ਸਪਿਲਟ ਦੇ 19 ਡਰੰਮ (ਕਰੀਬ 3800 ਲੀਟਰ) 1444 ਪੇਟੀਆਂ ਦੀ ਸ਼ਰਾਬ, ਜੋ ਤਿਆਰ ਕੀਤੀ ਹੋਈ ਸੀ, ਸ਼ਰਾਬ ਤਿਆਰ ਕਰਨ ਵਾਲੀਆਂ ਵੱਡੀਆਂ ਅਤੇ ਛੋਟੀਆਂ ਮਸ਼ੀਨਾਂ, ਵਹੀਕਲਾਂ ਸਮੇਤ 5,82,000/- ਰੁਪਏ ਦੀ ਨਗਦੀ) ਬਰਾਮਦ ਕੀਤਾ ਸੀ ਅਤੇ ਸ਼ਰਾਬ ਬਣਾਉਣ ਅਤੇ ਸਪਲਾਈ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰਕੇ ਉਨਾਂ ਦੇ ਖਿਲਾਫ ਮੁਕੱਦਮਾ ਨੰਬਰ 50 ਮਿਤੀ 22 ਅਪ੍ਰੈਲ ਅ/ਧ 420/465/468/471/269/ ਭ/ਦ, 61-01-14 ਆਬਕਾਰੀ ਐਕਟ, 51 ਡਿਜਾਸਟਰ ਮੈਨੇਜਮੈਂਟ ਐਕਟ 2005 ਥਾਣਾ ਸਦਰ ਖੰਨਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ।
ਐਸ.ਐਸ.ਪੀ. ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਕੇ ‘ਤੇ ਕਾਬੂ ਕੀਤੇ 05 ਕਥਿਤ ਦੋਸ਼ੀਆਂ ਵਿਚੋਂ ਇੱਕ ਹਰਵਿੰਦਰ ਸਿੰਘ ਉਰਫ ਮੰਗਾ ਚੱਢਾ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਉਨਾਂ ਵੱਲੋ ਪਿੰਡ ਬਾਹੋਮਾਜਰਾ ਵਾਲੇ ਗੋਦਾਮ ਵਿੱਚ ਰੋਜਾਨਾ 1000 ਪੇਟੀ ਤੋਂ ਵੱਧ ਸ਼ਰਾਬ ਤਿਆਰ ਕੀਤੀ ਜਾਂਦੀ ਸੀ, ਜੋ ਕਿ ਪੰਜਾਬ ਅਤੇ ਬਾਹਰਲੀਆ ਸਟੇਟਾਂ ਵਿੱਚ ਸਪਲਾਈ ਹੁੰਦੀ ਸੀ। ਦੋਸ਼ੀਆਂ ਦੇ ਦੱਸਣ ਮੁਤਾਬਿਕ ਗੋਦਾਮ ਵਿੱਚ ਤਿਆਰ ਕੀਤੀ ਸ਼ਰਾਬ ਨੂੰ ਸਪਲਾਈ ਕਰਨ ਵਾਲੇ ਵਿਅਕਤੀਆਂ ਲਵਨ ਕੁਮਾਰ ਪੁੱਤਰ ਨਰਿੰਦਰ ਕੁਮਾਰ ਵਾਸੀ ਗੋਬਿੰਦਗੜ ਹਾਲ ਵਾਸੀ ਪਟਿਆਲਾ, ਭੁਪਿੰਦਰ ਸਿੰਘ ਤ੍ਰਿਪਾਲ ਰਾਜਪੁਰਾ, ਚਿਰਾਗ ਵਾਸੀ ਦਿੱਲੀ, ਸੁਮਿਤ ਕੁਮਾਰ ਵਾਸੀ ਦਿੱਲੀ, ਵਿਵੇਕ ਵਾਸੀ ਚੰਡੀਗੜ, ਅਦਿੱਤਿਆ ਤਿਆਗੀ ਵਾਸੀ ਮਾਦੀਆ ਮਹਿਲ ਸਹਾਰਨਪੁਰ (ਯੂ. ਪੀ) ਅਤੇ ਉਸਦੇ ਸਾਥੀ ਜਸਵੀਰ ਸਿੰਘ ਉਰਫ ਜੱਸੀ ਪੁੱਤਰ ਮਦਨ ਲਾਲ ਵਾਸੀ ਮੱਲ ਮਾਜਰਾ ਤਹਿਸੀਲ ਸਮਰਾਲਾ (ਲੁਧਿਆਣਾ) ਨੂੰ ਮੁਕੱਦਮਾ ਹਜਾ ਵਿੱਚ ਨਾਮਜਦ ਕੀਤਾ ਗਿਆ।
ਐਸ. ਐਸ. ਪੀ. ਹਰਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਜਿਸ ‘ ਤੇ ਕਾਰਵਾਈ ਕਰਦਿਆਂ ਖੰਨਾ ਪੁਲਿਸ ਵੱਲੋ ਉਕਤ ਸਪਲਾਇਰ ਭੁਪਿੰਦਰ ਸਿੰਘ ਉਰਫ ਭਿੰਦਾ ਦੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ‘ਤੇ ਆਬਕਾਰੀ ਵਿਭਾਗ ਨੂੰ ਨਾਲ ਲੈ ਕੇ ਰੇਡ ਕੀਤਾ ਗਿਆ, ਜਿਹੜਾ ਤ੍ਰਿਪਲਾ ਰੋਡ ਰਾਜਪੁਰਾ ‘ਤੇ ਹੈ। ਜਿਸ ਕੋਲੋਂ ਵੀ ਭਾਰੀ ਮਾਤਰਾ ਵਿੱਚ 17 ਡਰੰਮ ਸਪਿਲਟ (ਕਰੀਬ 3740 ਲੀਟਰ) ਅਤੇ 8 ਡਰੰਮ ਕੈਮੀਕਲ (ਕਰੀਬ 1760 ਲੀਟਰ) ਬਰਾਮਦ ਕਰਕੇ ਉਸ ਖਿਲਾਫ ਮੁਕੱਦਮਾ ਨੰਬਰ 48 ਮਿਤੀ 23 ਅ੍ਰਪੈਲ 2020 ਅ/ਧ 61/1/14 ਆਬਕਾਰੀ ਐਕਟ ਥਾਣਾ ਸ਼ੰਭੂ ਦਰਜ ਰਜਿਸਟਰ ਕਰਵਾਇਆ ਗਿਆ।
ਉਨਾਂ ਅੱਗੇ ਦੱਸਿਆ ਕਿ ਇਸ ਦੌਰਾਨ ਤੁਰੰਤ ਕਾਰਵਾਈ ਕਰਦਿਆਂ ਸੀ. ਆਈ. ਏ. ਸਟਾਫ਼ ਖੰਨਾ ਦੀ ਪੁਲਿਸ ਪਾਰਟੀ ਵੱਲੋ ਸਮਰਾਲਾ ਸ਼ਹਿਰ ਦੇ ਇਲਾਕੇ ਵਿੱਚ ਜਾਅਲੀ ਸ਼ਰਾਬ ਦੀ ਸਪਲਾਈ ਕਰਨ ਵਾਲੇ ਜਸਵੀਰ ਸਿੰਘ ਉਰਫ ਜੱਸੀ ਵਾਸੀ ਮੱਲਮਾਜਰਾ ਕਾਬੂ ਕਰਕੇ ਉਸਦੇ ਕਬਜ਼ੇ ਵਿੱਚੋਂ 02 ਪੇਟੀਆਂ ਸ਼ਰਾਬ ਮਾਰਕਾ 999 ਵਿਸਕੀ (ਜੋ ਕਿ ਉਕਤ ਡਿਸਟਿਲਰੀ ਵਿੱਚੋਂ ਤਿਆਰ ਕੀਤੀ ਗਈ ਸੀ) ਬਰਾਮਦ ਕੀਤੀਆਂ ਅਤੇ ਉਸ ਨੂੰ ਥਾਣਾ ਸਦਰ ਖੰਨਾ ਵਿਖੇ ਦਰਜ ਪਹਿਲਾਂ ਮੁਕੱਦਮੇ ਵਿਚ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ। ਜਿਸਨੇ ਖੁਲਾਸਾ ਕੀਤਾ ਕਿ ਉਸ ਵੱਲੋ ਹੁਣ ਤੱਕ ਕਰੀਬ 500-600 ਪੇਟੀਆਂ ਦੀ ਸਪਲਾਈ ਸਮਰਾਲਾ ਸ਼ਹਿਰ ਇਲਾਕੇ ਵਿੱਚ ਕੀਤੀ ਗਈ ਹੈ। ਖੰਨਾ ਪੁਲਿਸ ਵੱਲੋ ਇਸ ਵੱਡੇ ਪੱਧਰ ਦੇ ਗੋਰਖਧੰਦੇ ਦਾ ਪਰਦਾਫਾਸ਼ ਕਰਦੇ ਹੋਏ ਉਕਤ ਜਾਅਲੀ ਸ਼ਰਾਬ (ਜੋ ਕਿ ਜਾਨਲੇਵਾ ਹੈ) ਦੀ ਸਪਲਾਈ ਚੇਨ ਨੂੰ ਤੋੜ ਕੇ ਕਾਫੀ ਜਾਨਾਂ ਬਚਾਈਆਂ ਹਨ। ਉਨਾਂ ਦੱਸਿਆ ਕਿ ਦੋਸ਼ੀਆਂ ਕੋਲੋਂ ਡੂੰਘਾਈ ਨਾਲ ਕੀਤੀ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਪੂਰੀ ਸੰਭਾਵਨਾ ਹੈ। ਉਨਾਂ ਦੱਸਿਆ ਕਿ ਉਕਤ ਮਾਮਲੇ ਵਿਚ ਗ੍ਰਿਫਤਾਰ ਕੀਤੇ ਕਥਿਤ ਦੋਸ਼ੀਆਂ ਤੋਂ ਮਿਲੇ ਸੁਰਾਗਾਂ ਤੇ ਅਧਾਰ ‘ਤੇ ਆਬਕਾਰੀ ਵਿਭਾਗ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਪੁਲਸ ਟੀਮਾਂ ਵੱਲੋਂ ਸਬੰਧਤ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।