ਖੰਨਾ ਦੇ ਪਿੰਡ ਦੀ ਮਹਿਲਾ ਆਈ ਕੋਰੋਨਾ ਪਾਜਿਟਿਵ, ਪੀਜੀਆਈ ਚੰਡੀਗੜ ਦਾਖਲ, ਸੰਪਰਕ ‘ਚ ਆਏ 55 ਵਿਅਕਤੀ ਕੀਤੇ ਕੁਆਰਟਾਈਨ

ਖੰਨਾ (ਪਰਮਜੀਤ ਸਿੰਘ ਧੀਮਾਨ) : ਇੱਥੋਂ ਨੇੜਲੇ ਪਿੰਡ ਗੋਹ ਦੀ ਔਰਤ (62) ਕੋਰੋਨਾ ਪਾਜ਼ੇਟਿਵ ਪਾਏ ਜਾਣ ਕਾਰਨ ਇਲਾਕੇ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਪਿਛਲੇ 02 ਹਫ਼ਤਿਆਂ ਤੋਂ ਬਿਮਾਰ ਚਲੀ ਆ ਰਹੀ ਉਕਤ ਮਹਿਲਾ ਦੀ ਗੰਭੀਰ ਹਾਲਤ ਦੇਖਦਿਆਂ ਚੰਡੀਗੜ ਦੇ ਪੀ. ਜੀ. ਆਈ. ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਉਕਤ ਮਹਿਲਾ ਨੇ ਆਪਣੀਆਂ ਰਿਸ਼ਤੇਦਾਰੀਆਂ ਵਿਚ ਭੋਗ ਅਤੇ ਵਿਆਹ ਸਮਾਗਮਾਂ ਵਿਚ ਵੀ ਸ਼ਮੂਲੀਅਤ ਕੀਤੀ ਦੱਸੀ ਜਾ ਰਹੀ ਹੈ।


ਕਮਿਊਨਿਟੀ ਹੈਲਥ ਸੈਂਟਰ ਮਾਨੂੰਪੁਰ ਦੇ ਐਸ. ਐਮ. ਓ. ਡਾ. ਅਜੀਤ ਸਿੰਘ ਨੇ ਦੱਸਿਆ ਕਿ ਪਿੰਡ ਗੋਹ ਦੀ ਉਕਤ ਮਹਿਲਾ 5 ਮਈ ਨੂੰ ਪਿੰਡ ਬੇਰ ਕਲਾਂ ਵਿਖੇ ਇਕ ਭੋਗ ਸਮਾਗਮ ਤੋਂ ਬਆਦ ਕੁੱਝ ਬਿਮਾਰ ਹੋਈ ਤਾਂ ਉਨਾਂ ਪਿੰਡ ਦੇ ਹੀ ਕਿਸੇ ਡਾਕਟਰ ਕੋਲੋਂ ਦਵਾਈ ਲੈ ਲਈ, ਇਸ ਦੌਰਾਨ ਪਿੰਡ ਰਸੂਲੜਾ ਵਿਖੇ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਉਪਰੰਤ ਫਿਰ 12 ਮਈ ਨੂੰ ਖੰਨਾ ਦੇ ਇਕ ਡਾਕਟਰ ਤੋਂ ਦਵਾਈ ਲੈਣ ਗਈ। ਡਾਕਟਰ ਵੱਲੋਂ ਕਰਵਾਏ ਟੈਸਟ ਦੌਰਾਨ ਛਾਤੀ ਵਿਚ ਵੱਧ ਇਫੈਕਸ਼ਨ ਆਉਣ ‘ਤੇ 19 ਮਈ ਨੂੰ ਪਰਿਵਾਰਕ ਮੈਂਬਰ ਉਕਤ ਮਹਿਲਾਂ ਨੂੰ ਚੰਡੀਗੜ ਦੇ ਸੈਕਟਰ -32 ਦੇ ਹਸਪਤਾਲ ਲੈ ਗਏ, ਜਿੱਥੇ 20 ਮਈ ਨੂੰ ਮਹਿਲਾ ਦਾ ਸਵੇਰੇ ਕੋਰੋਨਾ ਟੈਸਟ ਲਿਆ ਗਿਆ, ਸ਼ਾਮ 06 ਵਜੇ ਉਕਤ ਮਹਿਲਾ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਆਉਣ ‘ਤੇ ਉਸ ਨੂੰ ਪੀ. ਜੀ. ਆਈ. ਚੰਡੀਗੜ ਦਾਖਲ ਕਰਵਾਇਆ ਗਿਆ। ਜਿਕਰਯੋਗ ਹੈ ਕਿ ਉਕਤ ਮਹਿਲਾ ਦਾ ਪੁੱਤਰ ਜਿਹੜਾ ਕਿ ਕੰਬਾਇਨ ‘ਤੇ ਬਾਹਰਲੇ ਸੂਬੇ ਵਿਚ ਗਿਆ ਹੋਇਆ ਸੀ, ਨੂੰ ਪਿੰਡ ਆਉਣ ‘ਤੇ ਪਹਿਲਾਂ ਹੀ ਸਕੂਲ ਵਿਚ ਸਿਹਤ ਵਿਭਾਗ ਵੱਲੋਂ ਕੁਆਰਟਾਈਨ ਕੀਤਾ ਹੋਇਆ ਹੈ। ਇਸ ਦੌਰਾਨ ਐਸ. ਐਮ. ਓ. ਡਾ. ਅਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਉਕਤ ਮਹਿਲਾ ਦੇ 05 ਪਰਿਵਾਰਕ ਮੈਂਬਰਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ ਅਤੇ ਜਿਨਾਂ ਦੇ ਖੰਨਾ ਦੇ ਸਿਵਲ ਹਸਪਤਾਲ ਵਿਚ ਕੋਰੋਨਾ ਟੈਸਟ ਲੈ ਕੇ ਜਾਂਚ ਲਈ ਸੈਂਪਲਿੰਗ ਭੇਜੀ ਜਾ ਚੁੱਕੀ ਹੈ। ਜਿਨਾਂ ਦੀ ਰਿਪੋਰਟ 22 ਮਈ ਸ਼ਾਮ ਤੱਕ ਆ ਜਾਵੇਗੀ। ਇਸੇ ਤਰਾਂ ਹੀ ਸਿਹਤ ਵਿਭਾਗ ਦੀ ਟੀਮ ਵੱਲੋਂ ਉਕਤ ਮਹਿਲਾ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਤਰਾਂ ਹੀ ਵਿਭਾਗ ਵੱਲੋਂ ਪਿੰਡ ਨੂੰ ਸੈਨੇਟਾਈਜ਼ ਕਰਵਾਇਆ ਜਾ ਰਿਹਾ ਅਤੇ ਇਲਾਕੇ ਨੂੰ ਸੀਲ ਕਰਕੇ ਪਿੰਡ ਵਿਚ ਆਉਣ ਜਾਣ ਦੀ ਮਨਾਹੀ ਕੀਤੀ ਗਈ ਹੈ। ਉਕਤ ਮਹਿਲਾ ਦੇ ਸੰਪਰਕ ਵਿਚ ਆਉਣ ਵਾਲੇ 05 ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪਿੰਡ ਰਸੂਲੜਾ ਦੇ ਕਰੀਬ 50 ਵਿਅਕਤੀਆਂ ਨੂੰ ਵੀ ਆਪਣੇ ਘਰਾਂ ਦੇ ਅੰਦਰ ਹੀ ਕੁਆਰਟਾਈਨ ਕਰ ਦਿੱਤਾ ਗਿਆ। ਜਿਨਾਂ ਦੀ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ। ਐਸ. ਐਮ. ਓ. ਡਾ. ਅਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੂੰ ਪਿੰਡ ਭੇਜਿਆ ਹੈ। ਪਰਿਵਾਰ ਦੇ ਬਾਕੀ ਮੈਂਬਰਾਂ ਤੇ ਉਸਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਜਾਵੇਗਾ। ਪਿੰਡ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਵਲੋਂ ਪਿੰਡ ਨੂੰ ਸੀਲ ਕੀਤਾ ਗਿਆ ਹੈ। ਪਿੰਡ ਵਿਚ ਆਉਣ ਜਾਣ ਦੀ ਮਨਾਹੀ ਕੀਤੀ ਗਈ ਹੈ।

Share This :

Leave a Reply