ਖਾਣ ਪੀਣ ਵਾਲੀਆਂ ਵਸਤਾਂ ਦੀ ਘਰਾਂ ’ਚ ਸਪਲਾਈ ਕਰਨ ਵਾਲੇ ਅਦਾਰੇ ਸਾਫ-ਸਫਾਈ ਦਾ ਖਿਆਲ ਰੱਖਣ

ਸਹਾਇਕ ਕਮਿਸ਼ਨਰ (ਫੂਡ) ਮਨੋਜ ਖੋਸਲਾ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਮੌਜੂਦਾ ਹਾਲਾਤਾਂ ਵਿਚ ਅਤੇ ਲੋਕ ਹਿੱਤ ਮਾਮਲੇ ਦੀ ਕੋਵਿਡ-19 ਗੰਭੀਰਤਾ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅੰਦਰ ਆਉਦੀਆਂ ਖਾਣ ਪੀਣ ਵਾਲੀਆਂ ਵਸਤਾਂ ਦਾ ਕਾਰੋਬਾਰ ਕਰਨ ਵਾਲੀਆਂ ਇਕਾਈਆਂ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਹੋਮ ਡਲਿਵਰੀ ਦੀ ਆਗਿਆ ਦਿੱਤੀ ਗਈ ਹੈ। ਸਹਾਇਕ ਕਮਿਸ਼ਨਰ (ਫੂਡ) ਮਨੋਜ ਖੋਸਲਾ ਨੇ ਹਦਾਇਤ ਕੀਤੀ ਕਿ ਅਦਾਰੇ ਵਿਚ ਸਾਫ-ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ। ਨੋਟਾਂ ਦੀ ਗਿਣਤੀ ਕਰਨ ਤੋ ਬਾਅਦ ਹੱਥਾਂ ਨੂੰ ਧੋਣ ਉਪਰੰਤ ਹੀ ਵਸਤਾਂ ਨੂੰ ਹੱਥ ਲਾਇਆ ਜਾਵੇ।

ਸਾਰੇ ਵਰਕਰਾਂ ਦਾ ਮੈਡੀਕਲ ਕਰਵਾਇਆ ਜਾਵੇ ਅਤੇ ਅਦਾਰੇ ਵਿਚ ਫੂਡ ਸੇਫਟੀ ਦੇ 12 ਗੋਲਡਨ ਰੂਲਾਂ ਵਾਲਾ ਬੋਰਡ ਅਤੇ ਲਾਇਸੈਂਸ ਜ਼ਰੂਰ ਚਸਪਾ ਹੋਵੇ। ਪੀਣ ਲਈ ਅਤੇ ਬਰਤਨ ਸਾਫ ਕਰਨ ਲਈ ਸਾਫ-ਸੁਥਰੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਲੋਕਾਂ ਨੂੰ ਉਚ ਗੁਣਵੱਤਾ ਦੀਆਂ ਵਸਤਾਂ ਮੁਹੱਈਆ ਕਰਵਾਈਆਂ ਜਾਣ। ਸ਼੍ਰੀਮਤੀ ਰਾਖੀ ਵਿਨਾਇਕ ਅਤੇ ਸ਼੍ਰੀਮਤੀ ਸੰਗੀਤਾ ਸਹਿਦੇਵ ਫੂਡ ਸੇਫਟੀ ਅਫ਼ਸਰਾਂ ਵੱਲੋ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਵੀ ਜਾਗਰੂਕ ਹੋਣ ਅਤੇ ਘਰ ਡਲਿਵਰੀ ਦੇਣ ਆਏ ਵਿਅਕਤੀ ਤੋਂ ਖਾਣ-ਪੀਣ ਦੀਆਂ ਵਸਤਾਂ ਪ੍ਰਾਪਤ ਕਰਨ ਮੌਕੇ ਪੂਰੀ ਸਾਵਧਾਨੀ ਰੱਖਣ ਤਾਂ ਜੋ ਕੋਵਿਡ-19 ਦੇ ਫੈਲਾਅ ਤੋਂ ਬਚਾਅ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਆਉਦੇ ਦਿਨਾਂ ਵਿਚ ਵੱਡੇ ਪੱਧਰ ’ਤੇ ਚੈਕਿੰਗ ਮੁਹਿੰਮ ਆਰੰਭੀ ਜਾਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਖਿਲਾਫ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਅਧੀਨ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Share This :

Leave a Reply