ਕੱਚੇ ਸਫ਼ਾਈ ਸੇਵਕਾਂ ਨੂੰ ਵਿੱਤੀ ਸਹਾਇਤਾ ਤੇ ਪ੍ਰਸ਼ੰਸਾ ਪੱਤਰ ਪ੍ਰਦਾਨ ਕਰਕੇ ਕੀਤਾ ਸਨਮਾਨ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਵਿਧਾਨ ਸਭਾ ਹਲਕਾ ਨਵਾਂਸ਼ਹਿਰ ਤੋਂ ਵਿਧਾਇਕ ਅੰਗਦ ਸਿੰਘ ਨੇ ਅੱਜ ਕੋਵਿਡ-19 ਦੌਰਾਨ ਕੰਮ ਕਰਨ ਵਾਲੇ ਨਗਰ ਕੌਂਸਲ ਨਵਾਂਸ਼ਹਿਰ ਦੇ 100 ਕੱਚੇ ਸਫ਼ਾਈ ਕਰਮਚਾਰੀਆਂ ਨੂੰ ਤਾੜੀਆਂ ਦੀ ਗੂੰਜ ’ਚ ਪ੍ਰਸ਼ੰਸਾ ਪੱਤਰ ਅਤੇ ਐਨ.ਆਰ.ਆਈ. ਜੁਝਾਰ ਸਿੰਘ (ਪੁਨੂੰ ਮਜਾਰਾ) ਨਿਊਜ਼ੀਲੈਂਡ ਵੱਲੋਂ ਇੱਕ-ਇੱਕ ਹਜ਼ਾਰ ਰੁਪਏ ਦਾ ਨਗਦ ਇਨਾਮ ਦੇ ਕੇ ‘ਕੋਵਿਡ ਯੋਧਿਆਂ’ ਵਜੋਂ ਸਨਮਾਨਿਆ ਗਿਆ।

ਐਮ.ਐਲ.ਏ. ਅੰਗਦ ਸਿੰਘ ਨੇ ਬਾਰਾਂਦਰੀ ਗਾਰਡਨ ਨਵਾਂਸ਼ਹਿਰ ਵਿਖੇ ਇਨ੍ਹਾਂ ਕੋਵਿਡ ਯੋਧਿਆਂ ਦੇ ਸਨਮਾਨ ’ਚ ਰੱਖੇ ਸਮਾਗਮ ਮੌਕੇ ਕਿਹਾ ਕਿ ਮੌਜੂਦਾ ਸਮੇਂ ਜਦੋਂ ਹਰ ਕੋਈ ਕੋਰੋਨਾ ਤੋਂ ਦਹਿਸ਼ਤਜ਼ਦਾ ਹੋ ਕੇ ਘਰ ਬੈਠਣ ਨੂੰ ਮਜ਼ਬੂਰ ਹੈ, ਪਰ ਉਸ ਮੌਕੇ ਫਰੰਟ ਲਾਈਨ ਤੇ ਕੰਮ ਕਰਨ ਵਾਲਿਆਂ ਵਿਚ ਸਫ਼ਾਈ ਸੇਵਕਾਂ ਦੀ ਬੜੀ ਵੱਡੀ ਅਤੇ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਸਫ਼ਾਈ ਸੇਵਕ, ਰੋਜ਼ਾਨਾ ਲੋਕਾਂ ਦੇ ਘਰਾਂ ਵਿੱਚੋਂ ਕੂੜਾ ਇਕੱਠਾ ਕਰਨ ਦੀ ਜ਼ਿੰਮੇਂਵਾਰੀ ਨੂੰ ਬੜੀ ਸਖਤ ਮਿਹਨਤ ਨਾਲ ਆਪਣੀ ਜ਼ਿੰਦਗੀ ਨੂੰ ਖਤਰੇ ਵਿਚ ਪਾ ਕੇ ਨਿਭਾ ਰਹੇ ਹਨ।ਇਸ ਮੌਕੇ ਸਾਰੇ ਪਤਵੰਤੇ ਸੱਜਣਾਂ ਵੱਲੋਂ ਸਫ਼ਾਈ ਸੇਵਕਾਂ ’ਤੇ ਫੁੱਲ ਸੁੱਟ ਕੇ ਅਤੇ ਉਨ੍ਹਾਂ ਲਈ ਤਾੜੀਆਂ ਮਾਰ ਕੇ, ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਕੱਲੇ-ਇਕੱਲੇ ਸਫ਼ਾਈ ਸੇਵਕ ਨੂੰ ਪ੍ਰਸ਼ੰਸਾ ਪੱਤਰ ਅਤੇ ਇੱਕ-ਇੱਕ ਹਜ਼ਾਰ ਰੁਪਏ ਦਾ ਨਕਦ ਇਨਾਮ ਪ੍ਰਦਾਨ ਕਰਕੇ ਵਿਧਾਇਕ ਅੰਗਦ ਸਿੰਘ ਨੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਨਗਰ ਕੌਂਸਲ ਪ੍ਰਧਾਨ ਰਜਿੰਦਰ ਚੋਪੜਾ ਤੇ ਲਲਿਤ ਮੋਹਨ ਪਾਠਕ, ਸਾਬਕਾ ਕੌਂਸਲਰ ਤੇ ਪਤਵੰਤੇ ਸੱਜਣ ਵੀ ਹਾਜ਼ਰ ਸਨ।

Share This :

Leave a Reply