ਕੋਰੋਨਾਵਾਇਰਸ ਅਜੇ ਮੁੱਢਲੇ ਪੜਾਅ ‘ਚ, ਵੱਡੀ ਪੱਧਰ ‘ਤੇ ਹੋਵੇਗੀ ਆਬਾਦੀ ਪ੍ਰਭਾਵਿਤ- ਮਾਹਿਰ
ਅਮਰੀਕਾ ਵਿਚ 1000 ਤੋਂ ਵਧ ਹੋਰ ਮੌਤਾਂ, ਮ੍ਰਿਤਕਾਂ ਦੀ ਗਿਣਤੀ 81795 ਹੋਈ
ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਖੁਲ ਰਹੇ ਰਾਜਾਂ ਵਿਚ ਵੱਡੀ ਪੱਧਰ ਉਪਰ ਟੈਸਟ ਹੋਣਗੇ। ਵਾਈਟ ਹਾਊਸ ਵਿਚ ਵੀ ਟੈਸਟਿੰਗ ਵਧਾ ਦਿੱਤੀ ਗਈ ਹੈ ਤੇ ਇਹਤਿਆਤ ਵਜੋਂ ਕਈ ਕਦਮ ਚੁੱਕੇ ਗਏ ਹਨ। ਵਾਈਟ ਹਾਊਸ ਰੋਜ ਗਾਰਡਨ ਵਿਚ ਪ੍ਰੈਸ ਕਾਨਫਰੰਸ ਦੌਰਾਨ ਜਿਥੇ ਇਕ ਵੱਡਾ ਬੈਨਰ ਲਾਇਆ ਹੋਇਆ ਸੀ ਜਿਸ ਉਪਰ ਲਿਖਿਆ ਹੋਇਆ ਸੀ ‘ ਅਮਰੀਕਾ ਟੈਸਟਿੰਗ ਵਿਚ ਵਿਸ਼ਵ ਦੀ ਅਗਵਾਈ ਕਰ ਰਿਹਾ ਹੈ’ ਰਾਸ਼ਟਰਪਤੀ ਨੇ ਕਿਹਾ ਕਿ ਕੰਮ ‘ਤੇ ਆਉਣ ਵਾਲੇ ਸਾਰੇ ਅਮਰੀਕੀ ਰੋਜ਼ਾਨਾ ਟੈਸਟ ਕਰਵਾ ਸਕਣਗੇ।
ਉਨਾਂ ਕਿਹਾ ਕਿ ਇਹ ਕੰਮ ਬਹੁਤ ਛੇਤੀ ਸ਼ੁਰੂ ਹੋ ਜਾਵੇਗਾ ਹਾਲਾਂ ਕਿ ਕੁਝ ਗਵਰਨਰ ਇਸ ਨਾਲ ਸਹਿਮਤ ਨਹੀਂ ਹਨ। ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਜੇਕਰ ਅਮਰੀਕਾ ਏਨੀ ਵੱਡੀ ਪੱਧਰ ਉਪਰ ਟੈਸਟ ਨਾ ਕਰਦਾ ਤਾਂ ਮਾਮਲਿਆਂ ਦੀ ਗਿਣਤੀ ਏਨੀ ਜਿਆਦਾ ਨਹੀਂ ਸੀ ਹੋਣੀ।
1000 ਤੋਂ ਵਧ ਹੋਰ ਮੌਤਾਂ–
ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ 1008 ਹੋਰ ਵਿਅਕਤੀ ਮੌਤ ਦੇ ਮੂੰਹ ਵਿਚ ਜਾ ਪਏ ਹਨ ਤੇ ਮੌਤਾਂ ਦੀ ਗਿਣਤੀ 81795 ਹੋ ਗਈ ਹੈ। 18196 ਨਵੇਂ ਮਰੀਜ਼ ਹਸਪਤਾਲਾਂ ਵਿਚ ਪੁੱਜੇ ਹਨ ਤੇ ਮਰੀਜ਼ਾਂ ਦੀ ਕੁਲ ਗਿਣਤੀ 13,85,834 ਹੋ ਗਈ ਹੈ। ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵਿਚ ਸੁਧਾਰ ਹੋਇਆ ਹੈ। ਕੁਲ 3,44,020 ਮਰੀਜ਼ਾਂ ਵਿਚੋਂ 24% ਦੀ ਮੌਤ ਹੋਈ ਹੈ ਤੇ ਬਾਕੀ 76% ਸਿਹਤਯਾਬ ਹੋਏ ਹਨ। ਸਭ ਤੋਂ ਵਧ ਮੌਤਾਂ ਨਿਊਯਾਰਕ ਵਿਚ 27003 ਹੋਈਆਂ ਹਨ ਜਦ ਕਿ ਨਿਊਜਰਸੀ ਦੂਸਰੇ ਸਥਾਨ ‘ਤੇ ਹੈ ਜਿਥੇ ਹੁਣ ਤੱਕ 9341 ਮੌਤਾਂ ਹੋ ਚੁੱਕੀਆਂ ਹਨ।
ਕੋਰੋਨਾ ਅਜੇ ਮੁੱਢਲੇ ਪੜਾਅ ‘ਚ–
ਚੋਟੀ ਦੇ ਸਿਹਤ ਮਾਹਿਰ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਅਜੇ ਮੁੱਢਲੇ ਪੜਾਅ ‘ਚ ਹੈ ਜਿਸ ਨੇ ਮਨੁੱਖ ਦਾ ਘਰਾਂ ਵਿਚ ਰਹਿਣਾ ਮੁਸ਼ਕਿਲ ਕਰ ਦਿੱਤਾ ਹੈ ਤੇ ਜੇਕਰ ਢਿੱਲ ਵਰਤੀ ਗਈ ਤਾਂ ਇਹ ਵਿਸ਼ਵ ਦੀ 60 ਤੋਂ 70% ਫੀਸਦੀ ਆਬਾਦੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਮਿਨੀਸੋਟਾ ਯੁਨੀਵਰਸਿਟੀ ਵਿਖੇ ਲਾਗ ਦੀਆਂ ਬਿਮਾਰੀਆਂ ਬਾਰੇ ਖੋਜ਼ ਤੇ ਨੀਤੀ ਕੇਂਦਰ ਦੇ ਮੁਖੀ ਡਾ ਮਾਈਕਲ ਓਸਟਰਹੋਲਮ ਨੇ ਕਿਹਾ ਹੈ ਕਿ ਨਿਊਯਾਰਕ ਵਰਗੇ ਸ਼ਹਿਰਾਂ ਵਿਚ ਕੋਰੋਨਾਵਾਇਰਸ ਮੁੱਢਲੀ ਸਟੇਜ ‘ਤੇ ਹੈ ਜਿਥੇ 5 ਵਿਅਕਤੀਆਂ ਪਿਛੇ 1 ਵਿਅਕਤੀ ਇਸ ਤੋਂ ਪੀੜਤ ਹੈ। ਬਿਮਾਰੀ ਦੇ ਫੈਲਾਅ ਤੇ ਮੌਤਾਂ ਦੀ ਅਸਲ ਸਥਿੱਤੀ ਅਜੇ ਆਉਣੀ ਹੈ। ਯੂ ਐਸ ਟੂਡੇ ਦੇ ਸੰਪਾਦਕੀ ਬੋਰਡ ਨਾਲ ਇਕ ਮੀਟਿੰਗ ਦੌਰਾਨ ਡਾ ਓਸਟਰਹੋਲਮ ਨੇ ਕਿਹਾ ਕਿ ਕੋਰੋਨਾਵਾਇਰਸ ਹਰ ਸੰਭਵ ਹੱਦ ਤੱਕ ਲੋਕਾਂ ਨੂੰ ਆਪਣੀ ਲਪੇਟ ਵਿਚ ਲਵੇਗਾ। ਜਦੋਂ ਤੱਕ ਬਹੁਗਿਣਤੀ ਆਬਾਦੀ ਨੂੰ ਇਹ ਬਿਮਾਰ ਨਹੀਂ ਕਰ ਲੈਂਦਾ ਓਦੋਂ ਤੱਕ ਇਸ ਦੇ ਫੈਲਣ ਦੀ ਰਫ਼ਤਾਰ ਘਟਣ ਵਾਲੀ ਨਹੀਂ ਹੈ। ਮਨੁੱਖਾਂ ਵਿਚ ਮਜਬੂਤ ਰਖਿਅਕ ਪ੍ਰਣਾਲੀ ਵਿਕਸਤ ਹੋਣ ਨਾਲ ਇਸ ਦਾ ਫੈਲਾਅ ਰੁਕ ਜਾਵੇਗਾ।