ਪਟਿਆਲਾ (ਅਰਵਿੰਦਰ ਸਿੰਘ ) ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਨੇ ਪਟਿਆਲਾ ਜ਼ਿਲ੍ਹੇ ਅੰਦਰ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਜ਼ਿਲ੍ਹੇ ਦੀਆਂ ਹੱਦਾਂ ਅੰਦਰ ਕਣਕ ਦੀ ਵਾਢੀ ਦੇ ਸੀਜਨ ਨੂੰ ਮੁੱਖ ਰੱਖਦਿਆਂ ਕੇਵਲ ਕਿਸਾਨਾਂ, ਖੇਤੀ ਕਰਨ ਵਾਲੇ ਮਜ਼ਦੂਰਾਂ ਅਤੇ ਖੇਤੀ ਨਾਲ ਸਬੰਧਤ ਮਸ਼ੀਨਰੀ ਨੂੰ ਫ਼ਸਲ ਦੀ ਕਟਾਈ ਅਤੇ ਬਿਜਾਈ ਕਰਨ ਦੀ ਛੋਟ ਦੇਣ ਦੇ ਹੁਕਮ ਜਾਰੀ ਕੀਤੇ ਸਨ।
ਜ਼ਿਲ੍ਹਾ ਮੈਜਿਸਟਰੇਟ ਨੇ ਹੁਣ ਵਧੀਕ ਮੁੱਖ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਦੇ ਤਾਜਾ ਹੁਕਮਾਂ ਮੁਤਾਬਕ ਇਸ ਛੋਟ ਵਿੱਚ ਕੁਝ ਸੋਧ ਕਰਦਿਆਂ ਨਵੇਂ ਹੁਕਮ ਜਾਰੀ ਕੀਤੇ ਹਨ, ਇਨ੍ਹਾਂ ਤਹਿਤ ਸਮੂਹ ਕੰਬਾਇਨਾਂ ਨੂੰ ਕਣਕ ਦੀ ਕਟਾਈ ਦੇ ਸੀਜਨ ਦੌਰਾਨ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਖੇਤੀ ਨਾਲ ਸਬੰਧਤ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਪਰੰਤੂ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਕਣਕਾਂ ਦੀ ਕਟਾਈ ਦੇ ਕੰਮ ‘ਤੇ ਪੂਰਨ ਪਾਬੰਦੀ ਹੋਵੇਗੀ। ਇਹ ਹੁਕਮ ਜ਼ਿਲ੍ਹਾ ਪਟਿਆਲਾ ਦੀਆਂ ਹੱਦਾਂ ਵਿੱਚ ਕਟਾਈ ਸੀਜਨ ਦੌਰਾਨ ਸਮੂਹ ਕਿਸਾਨਾਂ ਤੇ ਕੰਬਾਇਨ ਮਾਲਕਾਂ ਲਈ ਹਨ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਇਹ ਯਕੀਨੀ ਬਣਾਉਣਗੇ ਕਿ ਸਮੂਹ ਕਿਸਾਨ ਅਤੇ ਕੰਬਾਇਨਾਂ ਦੇ ਮਾਲਕ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸਮੇਂ-ਸਮੇਂ ਸਿਰ ਜਾਰੀ ਹਦਾਇਤਾਂ ਦਾ ਪਾਲਣ ਯਕੀਨੀ ਬਣਾਉਣਗੇ। ਆਪਸ ਵਿੱਚ ਡੇਢ ਤੋਂ ਦੋ ਮੀਟਰ ਸਮਾਜਿਕ ਦੂਰੀ ਬਣਾ ਕੇ ਰੱਖਣਗੇ, ਹੱਥਾਂ ‘ਤੇ ਗਲੱਵਜ ਤੇ ਮੂੰਹ ‘ਤੇ ਮਾਸਕ ਦੀ ਵਰਤੋਂ ਕਰਨਗੇ ਅਤੇ ਆਪਣੀ ਮਸ਼ੀਨਰੀ ਨੂੰ ਸੈਨੇਟਾਈਜ਼ ਕਰਨਾ ਵੀ ਯਕੀਨੀ ਬਣਾਇਆ ਜਾਵੇਗਾ ਅਤੇ ਕਿਸੇ ਵੀ ਹਾਲਤ ਵਿੱਚ 10 ਵਿਅਕਤੀਆਂ ਤੋਂ ਵਧੇਰੇ ਲੋਕਾਂ ਦਾ ਇਕੱਠ ਨਹੀਂ ਹੋਣ ਦਿੱਤਾ ਜਾਵੇਗਾ।