ਪਟਿਆਲਾ – ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਮ ਇੱਕ ਚਿੱਠੀ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਪ੍ਰੈੱਸ ਨੂੰ ਦਿੰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਡਾ ਦਰਸ਼ਨ ਪਾਲ ਅਤੇ ਪੂਰੀ ਸੂਬਾ ਕਮੇਟੀ ਨੇ ਕਰੋਨਾ ਵਾਇਰਸ ਦੀ ਮਹਾਂਮਾਰੀ ਚ ਫਸੇ ਪੰਜਾਬ, ਭਾਰਤ ਅਤੇ ਦੁਨੀਆਂ ਦੇ ਲੋਕਾਂ ਨਾਲ ਹਮਦਰਦੀ ਪ੍ਰਗਟ ਕਰਨ ਦੇ ਨਾਲ ਨਾਲ ਇਸ ਮਹਾਂਮਾਰੀ ਅਤੇ ਲਾਕ ਡਾਊਨ ਦੇ ਸਮੇਂ ਵਿੱਚ ਮੌਤ ਨਾਲ ਖੇਡਦੇ ਹੋਏ ਮਰੀਜ਼ਾਂ ਦੀ ਜਾਨ ਬਚਾ ਰਹੇ ਡਾਕਟਰਾਂ, ਨਰਸਾਂ ਅਤੇ ਸਿਹਤ ਕਾਮਿਆਂ ਦਾ ਧੰਨਵਾਦ ਵੀ ਕੀਤਾ।
ਚਿੱਠੀ ਜੋ ਨਾਲ ਨੱਥੀ ਹੈ, ਵਿੱਚ ਸਰਕਾਰ ਨੂੰ ਜੋ ਭੇਜੇ ਸੁਝਾਅ ਭੇਜੇ ਗਏ ਹਨ, ਉਹ ਹਨ ਕਿ ਸਰਕਾਰ ਕਣਕ ਦੀ ਵਢਾਈ ਦਾ ਪੁਖਤਾ ਪ੍ਰਬੰਧ 15 ਅਪਰੈਲ ਤੋਂ ਲੈ ਕੇ 30 ਅਪਰੈਲ ਤਕ ਕਰੇ ਜਿਸ ਵਿੱਚ ਕੰਬਾਈਨਾਂ, ਢੋਆ ਢੁਆਈ ਦੀ ਮਸ਼ੀਨਰੀ ਦੇ 10 ਤੋਂ 12 ਘੰਟੇ ਤੱਕ ਚੱਲਣ ਦਾ ਸਮਾਂ ਨਿਯਤ ਕੀਤਾ ਜਾਵੇ। ਖਰਾਬ ਮਸ਼ੀਨਰੀ ਦੀ ਰਿਪੇਅਰ ਕਰਵਾਉਣ ਦੇ ਪ੍ਰਬੰਧ ਕੀਤੇ ਜਾਣ ਲਈ ਵਰਕਸ਼ਾਪਾਂ ਖੁੱਲੀਆਂ ਰੱਖੀਆਂ ਜਾਣ। ਮੰਡੀਆਂ ਦੀ ਗਿਣਤੀ 3 ਗੁਣਾ ਵਧਾਈ ਜਾਵੇ ਅਤੇ ਕਿਸਾਨਾਂ, ਪੇਂਡੂ ਮਜ਼ਦੂਰਾਂ, ਦੁੱਧ ਪੈਦਾ ਕਰਨ ਵਾਲਿਆਂ, ਸਬਜ਼ੀ ਅਤੇ ਫ਼ਲ ਪੈਦਾ ਕਰਨ ਵਾਲੇ ਕਿਸਾਨਾਂ ਲਈ ਵਿਸ਼ੇਸ਼ ਵਿੱਤੀ ਸਹਿਯੋਗ ਕੀਤਾ ਜਾਵੇ ਅਤੇ ਦੁੱਧ, ਸਬਜ਼ੀਆਂ ਅਤੇ ਫ਼ਲਾਂ ਦੇ ਮੰਡੀਕਰਨ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਸਿਹਤ ਪ੍ਰਬੰਧ ਨੂੰ ਠੀਕ ਕਰਨ ਬਾਰੇ ਵੀ ਸੁਝਾਅ ਭੇਜੇ ਗਏ ਹਨ ਤਾਂ ਜੋ ਕਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਿਆ ਜਾ ਸਕੇ।