ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਇੱਕਤਰਤਾ

ਪਟਿਆਲਾ (ਅਰਵਿੰਦਰ ਸਿੰਘ) ਅੱਜ ਇੱਥੇ ਪਟਿਆਲਾ ਵਿਖੇ ਪੰਜਾਬ ਇਸਤਰੀ ਸਭਾ ਦੀ ਪਟਿਆਲਾ ਇਕਾਈ  ਵਲੋਂ ਬੀਬੀ ਰਵਿੰਦਰਜੀਤ ਕੌਰ ਜਨਰਲ ਸਕੱਤਰ ਅਤੇ ਪ੍ਰਧਾਨ ਬੀਬੀ ਹਰਸ਼ਰਨਜੀਤ ਕੌਰ ਦੀ ਅਗਵਾਈ ਵਿੱਚ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਇੱਕਤਰਤਾ ਕੀਤੀ ਗਈ। ਇਸ ਇੱਕਤਰਤਾ ਵਿੱਚ ਜਿਲ੍ਹਾ ਵਿਸ਼ਿਆਂ ਤੇ ਵਿਚਾਰ ਚਰਚਾ ਕੀਤੀ ਗਈ ਉਹਨਾਂ ਵਿੱਚ ਕੌਮਾਂਤਰੀ ਮਹਿਲਾ ਦਿਵਸ ਦੀ ਮਹੱਤਤਾ, ਭਾਰਤ ਵਿੱਚ ਔਰਤਾਂ ਦੀ ਦਸ਼ਾ ਸਰਕਾਰ ਦੀਆਂ ਕਾਰਪੋਰੇਟ ਘਰਾਂਣਿਆ ਪੱਖੀ ਆਰਥਿਕ ਨੀਤੀਆਂ ਦਾ ਔਰਤਾਂ ਉਪਰ ਵਿਪਰੀਤ ਪ੍ਰਭਾਵ, ਔਰਤਾਂ ਵਿਰੁੱਧ ਵਧ ਰਹੇ ਅਪਰਾਧ, ਭਾਰਤ ਵਿੱਚ ਮੋਦੀ ਸਰਕਾਰ ਅਤੇ ਆਰ.ਐਸ.ਐਸ. ਵਲੋਂ ਫੈਲਾਈ ਜਾ ਰਹੀ ਨਫਰਤ ਅਤੇ ਹਿੰਸਕ ਮਾਹੌਲ ਦੀ ਸਿਰਜਣਾ ਦਾ ਔਰਤਾਂ ਨੂੰ ਪੁੱਜ ਰਿਹਾ ਸੇਕ ਆਦਿ। ਵਿਚਾਰ ਚਰਚਾ ਵਿੱਚ ਸੀ.ਪੀ.ਆਈ. ਦੇ ਕੌਮੀ ਕੌਂਸਲ ਮੈਂਬਰ ਅਤੇ ਪੰਜਾਬ ਏਟਕ ਦੇ ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕਰਕੇ ਸੰਬੋਧਨ ਕੀਤਾ। ਅੱਜ ਦੀ ਇਸ ਇੱਕਤਰਤਾ ਨੂੰ ਸ਼ੁਰੂਆਤੀ ਸ਼ਬਦਾਂ ਨਾਲ ਸੰਬੋਧਨ ਕਰਦਿਆਂ ਪੰਜਾਬ ਇਸਤਰੀ ਸਭਾ ਦੀ ਪਟਿਆਲਾ ਇਕਾਈ ਦੀ ਜਨਰਲ ਸਕੱਤਰ ਬੀਬੀ ਰਵਿੰਦਰਜੀਤ ਕੌਰ ਨੇ ਕਿਹਾ ਕਿ ਅਸੀਂ ਹਰ ਸਾਲ ਕੌਮਾਂਤਰੀ ਮਹਿਲਾ ਦਿਵਸ ਮਨਾਉਂਦੇ ਹਾਂ ਅਤੇ ਮੁਬਾਰਕਾਂ ਲੈਂਦੇ ਦਿੰਦੇ ਹਾਂ। ਪਰ ਇਹ ਇੱਕ ਦਿਨ ਦਾ ਤਿਉਹਾਰ ਨਹੀਂ। ਸਗੋਂ ਇਹ ਦਿਹਾੜਾ ਸਾਨੂੰ ਸਾਰੀਆਂ ਸਮੱਸਿਆਵਾਂ, ਮੁਸੀਬਤਾਂ ਅਤੇ ਮੁਸ਼ਕਲਾਂ ਜਿਹੜੀਆਂ ਔਰਤ ਜਾਤੀ ਨੂੰ ਵੱਖ ਵੱਖ ਤਰ੍ਹਾਂ ਝੇਲਣੀਆਂ ਪੈਂਦੀਆਂ ਹਨ, ਉਨ੍ਹਾਂ ਨੂੰ ਗੰਭੀਰਤਾ ਨਾਲ ਵਿਚਾਰਕੇ ਇੱਕ ਜਾਗਰੂਕ ਇਸਤਰੀ ਲਹਿਰ ਖੜੀ ਕਰਨ ਲਈ ਪ੍ਰੇਰਿਤ ਕਰਦਾ ਹੈ। ਬੀਬੀ  ਰਵਿੰਦਰਜੀਤ ਕੌਰ ਨੇ ਸੰਬੋਧਨ ਜਾਰੀ ਰੱਖਦਿਆਂ ਕਿਹਾ ਕਿ ਸਾਡੇ ਆਪਣੇ ਦੇਸ਼ ਵਿੱਚ 21ਵੀਂ ਸਦੀ ਵਿੱਚ ਪ੍ਰਵੇਸ਼ ਕਰਨ ਦੇ ਬਾਵਜੂਦ ਬਦਲ-ਬਦਲਕੇ ਰਾਜਪ੍ਰਬੰਧ ਚਲਾਉਂਦੀਆਂ ਆ ਰਹੀਆਂ ਸਰਕਾਰਾਂ ਦੀਆਂ ਲੋਕ ਵਿਰੋਧੀ-ਸਮਾਜ ਵਿਰੋਧੀ ਨੀਤੀਆਂ ਕਾਰਨ ਦੇਸ਼ ਦੇ ਆਰÎਥਿਕ, ਰਾਜਨੀਤਕ ਅਤੇ ਸਮਾਜਿਕ ਤਾਣੇ-ਬਾਣੇ ਨੂੰ ਅਜਿਹਾ ਬਣਾ ਦਿੱਤਾ ਗਿਆ ਹੈ ਜਿਸ ਰਾਹੀਂ ਦੇਸ਼ ਦੀ ਦੌਲਤ ਕੁਝ ਕੁ ਹੱਥਾਂ ਵਿੱਚ ਕੇਂਦਰਤ ਹੋ ਗਈ ਹੈ, ਗਰੀਬੀ, ਬੇਰੁਜਗਾਰੀ, ਭੁਖਮਾਰੀ, ਵਿੱਚ ਬੇਸ਼ੁਮਾਰ ਵਾਧਾ ਹੋਇਆ। ਸਮਾਜਿਕ ਹਾਲਾਤ ਇਸ ਤਰ੍ਹਾਂ ਦੇ ਸਿਰਜ ਦਿੱਤੇ ਗਏ ਹਨ ਜਿੱਥੇ ਔਰਤਾਂ ਵਿਰੁੱਧ ਅਪਰਾਧਾਂ ਵਿੱਚ ਭਾਰੀ ਵਾਧਾ ਹੋਇਆ ਹੈ। ਔਰਤਾਂ ਵਿਰੁੱਧ ਬਲਾਤਕਾਰਾਂ ਦੀ ਗਿਣਤੀ ਵਿੱਚ ਸ਼ਰਮਨਾਕ ਵਾਧਾ ਹੁੰਦਾ ਜਾ ਰਿਹਾ ਹੈ। ਬਾਲੜੀਆਂ ਨੂੰ ਵੀ ਬਲਾਤਕਾਰਾਂ ਦਾ ਸ਼ਿਕਾਰ ਬਣਾਇਆ ਜਾਂਦਾ ਹੈ, ਅਨੇਕਾਂ ਰਾਜ ਕਰਦੀਆਂ ਪਾਰਟੀ ਨੇਤਾਵਾਂ ਉਪਰ ਬਲਾਤਕਾਰਾਂ ਦੇ ਕੇਸ ਬਣਦੇ ਹਨ ਪਰ ਉਨ੍ਹਾਂ ਨੂੰ ਸਰਕਾਰੀ ਸਰਪ੍ਰਸਤੀ ਮਿਲਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਸਜਾਵਾਂ ਨਹੀਂ ਹੁੰਦੀਆਂ। ਔਰਤਾਂ ਨੂੰ ਕੰਮ ਕਰਨ ਵਾਲੀਆਂ ਥਾਵਾਂ ਤੇ ਵੀ ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਇਨ੍ਹਾਂ ਘਿਨਾਉਣੇ ਜੁਰਮਾਂ ਨੂੰ ਰੋਕਣ ਵਿੱਚ ਕਾਨੂੰਨ ਵਿਵਸਥਾ ਸਮਰੱਥ ਨਹੀ ਹੈ, ਨਹੀ ਤਾਂ ਕੋਈ ਵਜਾ ਨਹੀਂ ਸੀ ਕਿ ਨਿਰਭਇਆ ਕਾਂਡ ਵਾਪਰਦਾ, ਕੱਠੂਆ ਰੇਪ ਕਾਂਡ, ਤਿੰਲਗਾਨਾ ਦੀ ਵੈਟਰਨਰੀ ਡਾਕਟਰ ਲੜਕੀ ਦਾ ਰੇਪ ਤੇ ਕਤਲ, ਬੀ.ਜੇ.ਪੀ. ਦੇ ਐਮ.ਐਲ.ਏ. ਕੁਲਦੀਪ ਸੇਂਗਰ ਵਲੋਂ ਬਲਾਤਕਾਰ ਕਰਨਾ ਅਤੇ ਲੜਕੀ ਦੇ ਪ੍ਰੀਵਾਰ ਦੇ ਮੈਂਬਰਾਂ ਦਾ ਕਤਲ ਕਰਨਾ, ਚਿਨਮਇਆ ਨੰਦ ਵਰਗੇ ਭਗਵੇ ਭੇਸ ਵਾਲੇ ਬੀ.ਜੇ.ਪੀ. ਦੇ ਮੰਤਰੀ ਵਲੋਂ ਕਾਨੂੰਨ ਦੀ ਵਿਦਿਆਰਥਣ ਨਾਲ ਰੇਪ ਵਰਗੇ ਘਿਨਾਉਣੇ ਕਾਂਡ ਵਾਪਰਦੇ। ਰਵਿੰਦਰਜੀਤ ਕੌਰ ਨੇ ਕਿਹਾ ਕਿ ਬਹੁਤ ਕੁਝ ਔਰਤ ਜਾਤੀ ਵਿਰੁੱਧ ਮਾੜਾ ਵਾਪਰਨ ਦੇ ਵਿਰੋਧ ਵਿੱਚ ਔਰਤਾਂ ਸੰਗਠਤ ਹੋ ਕੇ ਆਵਾਜ਼ ਵੀ ਚੁੱਕ ਰਹੀਆਂ ਹਨ। ਔਰਤ ਸਮਾਜ ਵਿੱਚ ਆਪਣੀ ਜਗ੍ਹਾ ਬਣਾਉਣ ਵਿੱਚ ਅਤੇ ਪਛਾਣ ਦਾ ਲੋਹਾ ਮਨਵਾਉਣ ਵਿੱਚ ਵੀ ਕਾਮਯਾਬ ਹੋ ਰਹੀ ਹੈ, ਉਹ ਪੜ੍ਹ ਲਿਖ ਵੀ ਰਹੀ ਹੈ। ਜਾਗਰੂਕ ਵੀ ਹੋ ਰਹੀ ਹੈ। ਅੱਜ ਉਹ ਹਰ ਖੇਤਰ ਵਿੱਚ ਮੱਲਾ ਮਾਰ ਰਹੀ ਹੈ। ਭਾਵੇਂ ਉਹ ਵਿਗਿਆਨ, ਵਿਦਿਅਕ, ਡਾਕਟਰੀ, ਪ੍ਰਬੰਧਕੀ, ਰਾਜਨੀਤਿਕ ਅਤੇ ਵਪਾਰਕ ਖੇਤਰ ਵਿੱਚ ਹੋਵੇ।ਹਰ ਥਾਂ ਔਰਤ ਆਪਣੀ ਹੋਂਦ ਦਾ ਅਹਿਸਾਸ ਕਰਵਾ ਰਹੀ ਹੈ। ਇਸਤਰੀ ਆਗੂ ਨੇ ਕਿਹਾ ਕਿ ਬੀ.ਜੇ.ਪੀ. ਆਰ.ਐਸ.ਐਸ. ਵਲੋਂ ਸਿਰਜੇ ਗਏ ਨਫਰਤ ਅਤੇ ਹਿੰਸਾ ਦੇ ਮਾਹੋਲ ਦਾ ਟਾਕਰਾ ਕਰਨ ਲਈ ਸ਼ਹੀਨ ਬਾਗ ਅਤੇ ਹੋਰ ਅਨੇਕਾਂ ਥਾਵਾਂ ਤੇ ਹਜਾਰਾਂ ਲੱਖਾਂ ਦੀ ਗਿਣਤੀ ਵਿੱਚ ਔਰਤਾਂ ਮੈਦਾਨ ਵਿੱਚ ਡਟੀਆ ਹੋਈਆਂ ਹਨ ਅਤੇ ਦੇਸ਼ ਵਿੱਚ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਵਿੱਚ ਆਪਣਾ ਭਰਪੂਰ ਯੋਗਦਾਨ ਪਾਉਂਦੀਆਂ ਹੋਈਆਂ ਫਿਰਕੂ ਤਾਕਤਾਂ ਨੂੰ ਫਿੱਟ ਲਾਹਣਤਾ ਪਾਉਂਦੀਆਂ ਹੋਈਆਂ ਫਿਰਕੂ ਦੰਗਾਈਆਂ ਨੂੰ ਅਤੇ ਮੋਦੀ ਸਰਕਾਰ ਨੂੰ ਬੇਨਕਾਬ ਕਰ ਰਹੀਆਂ ਹਨ।
ਇਸ ਇੱਕਤਰਤਾ ਨੂੰ ਪੰਜਾਬ ਇਸਤਰੀ ਸਭਾ ਦੀ ਜਿਲ੍ਹਾ ਪਟਿਆਲਾ ਇਕਾਈ ਦੀ ਪ੍ਰਧਾਨ ਬੀਬੀ ਹਰਸਰਨਜੀਤ ਕੌਰ ਨੇ ਅੱਜ ਦੇ ਸਮਾਗਮ ਵਿੱਚ ਨਿਰਧਾਰਤ ਵਿਸ਼ਿਆਂ ਤੇ ਚਰਚਾ ਨੂੰ ਅੱਗੇ ਤੌਰ ਦਿਆਂ ਜਿਥੇ ਔਰਤਾਂ ਨਾਲ ਸਬੰਧਤ ਮੁੱਦਿਆ ਨੂੰ ਵਿਆਖਿਆ ਪ੍ਰਦਾਨ ਕੀਤੀ ਉਥੇ ਹਾਜਰੀਨ ਜਾਗਰੂਕ ਔਰਤਾਂ ਨੂੰ ਸੱਦਾ ਦਿੱਤਾ ਕਿ ਉਹ ਸਮੇਂ ਦੀਆਂ ਚੁਣੋਤੀਆਂ ਦੇ ਪੇਸ਼ੇਨਜਰ ਹੋਰ ਲਾਮਬੰਦ ਹੋ ਕੇ ਮੈਦਾਨ ਵਿੱਚ ਆਉਣ। ਅੱਜ ਦੇ ਇਸ ਸਮਾਗਮ ਵਿੱਚ ਨੌਜਵਾਨ ਵਿਦਿਆਰਥੀ ਆਗੂ ਘਨੱਈਆ ਕੁਮਾਰ ਵਿਰੁੱਧ ਦੇਸ਼ ਧਰੋਹ ਦਾ ਮੁੱਕਦਤਾ ਦਰਜ ਕਰਨ ਦੀ ਸਿਫਾਰਿਸ਼ ਕਰਨ ਲਈ ਆਪ ਦੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਦੌਗਲੇਪਣ ਦੀ ਅਤੇ ਹੱਕ ਸੱਚ ਦੀ ਆਵਾਜ ਨੂੰ ਬੁਲੰਦ ਕਰਨ ਵਾਲੇ ਉਭਰਦੇ ਆਗੂਆਂ ਵਿਰੁਧ ਮੋਦੀ-ਸ਼ਾਹ ਜੋੜੀ ਨੂੰ ਖੁਸ਼ ਕਰਨ ਲਈ ਕੀਤੀ ਗਈ ਘਟੀਆ ਕਾਰਵਾਈ ਦੀ ਨਿਖੇਧੀ ਕਰਦਾ ਵਿਸ਼ੇਸ਼ ਮਤਾ ਪਾਸ ਕੀਤਾ ਗਿਆ। ਇਸਤੋਂ ਇਲਾਵਾ ਸੀ.ਏ.ਏ., ਐਨ.ਪੀ.ਆਰ ਅਤੇ ਐਨ.ਆਰ.ਸੀ.  ਵਿਰੁੱਧ ਸੰਵਿਧਾਨ ਦੀ ਧਾਰਾ 370 ਅਤੇ 35 ਏ ਖਤਮ ਕਰਨ ਵਿਰੁੱਧ, ਦਿੱਲੀ ਵਿੱਚ ਦੰਗੇ ਭੜਕਾ ਕੇ ਕੀਤੇ ਗਏ ਕਤਲਾਂ ਅਤੇ ਮਾਲੀ ਨੁਕਸਾਨ ਵਿਰੁੱਧ ਮਤੇ ਪਾਸ ਕੀਤੇ ਗਏ। ਇੱਕ ਵਿਸ਼ੇਸ਼ ਮਤੇ ਰਾਹੀ ਇਸਤਰੀਆਂ ਲਈ ਸਿਹਤ, ਵਿਦਿਆ, ਰੋਜਗਾਰ ਅਤੇ ਸੁਰੱਖਿਆ ਸਬੰਧੀ ਵਿਸਥਾਰਪੂਰਵਕ ਮਤਾ ਪਾਸ ਕੀਤਾ ਗਿਆ। ਇਸ ਮੌਕੇ ਤੇ ਆਂਗਣਵਾੜੀ ਆਗੂ ਸ੍ਰੀਮਤੀ ਸੁਨੀਤਾ ਜੋਸ਼ੀ, ਬੇਅੰਤ ਕੌਰ, ਵੀਨਾ ਰਾਣੀ ਅਤੇ ਰਾਜਵਿੰਦਰ ਕੌਰ ਆਦਿ ਔਰਤਾਂ ਆਪਣੀਆਂ ਸਾਥਣਾਂ ਸਮੇਤ ਹਾਜ਼ਰ ਸਨ। ਅੰਤ ਵਿੱਚ ਇਸ ਸਮਾਗਮ ਵਿੱਚ ਸ਼ਾਮਲ ਔਰਤਾਂ ਦਾ ਸ੍ਰੀਮਤੀ ਉਸ਼ਾ ਬੱਸੀ ਵਲੋਂ ਧੰਨਵਾਦ ਕੀਤਾ ਗਿਆ।

Share This :

Leave a Reply