ਨਵਾਂਸ਼ਹਿਰ, (ਏ-ਆਰ. ਆਰ. ਐੱਸ. ਸੰਧੂ) ਲੰਬਾ ਸਮਾਂ ਕੋਰੋਨਾ ਨਾਲ ਜੂਝਦੇ ਰਹੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ‘ਘਰਾਂ ’ਚ ਇਕਾਂਤਵਾਸ’ ’ਚ ਭੇਜੇ ਲੋਕਾਂ ਦੇ ਇਕਾਂਤਵਾਸ ਤੋੜ ਕੇ ਬਾਹਰ ਘੁੰਮਣ ਕਾਰਨ ਜ਼ਿਲ੍ਹੇ ਦੇ ਲੋਕਾਂ ਨੂੰ ਦਰਪੇਸ਼ ਖਤਰੇ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਅਜਿਹੇ ਲੋਕਾਂ ਨੂੰ ਸਖਤੀ ਨਾਲ ਘਰ ਰੱਖਣ ਲਈ ਨਵੀਂ ਪਹਿਲ ਕਦਮੀ ਕੀਤੀ ਗਈ ਹੈ । ਜ਼ਿਲ੍ਹਾ ਮੈਜਿਸਟ੍ਰੇਟ ਵਿਨੈ ਬਬਲਾਨੀ ਨੇ ਅੱਜ ਕੀਤੇ ਇੱਕ ਨਿਵੇਕਲੇ ਹੁਕਮ ਰਾਹੀਂ ਉਪ ਮੰਡਲ ਮੈਜਿਸਟ੍ਰੇਟਾਂ ਅਤੇ ਜ਼ਿਲ੍ਹਾ ਪੁਲਿਸ ਨੂੰ ਅਜਿਹੇ ਵਿਅਕਤੀਆਂ ਖ਼ਿਲਾਫ਼ ਬਾਹਰ ਘੁੰਮਦੇ ਪਾਏ ਜਾਣ ’ਤੇ ਤੁਰੰਤ ਐਫ਼ ਆਈ ਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ।
ਇਸ ਦੇ ਨਾਲ ਹੀ ਅਜਿਹੇ ਵਿਅਕਤੀ ਨੂੰ ‘ਘਰੇਲੂ ਇਕਾਂਤਵਾਸ’ ਤੋਂ ਬਾਹਰ ਕੱਢ ਕੇ ‘ਸਟੇਟ ਇਕਾਂਤਵਾਸ’ ’ਚ ਭੇਜਣ ਦੇ ਆਦੇਸ਼ ਦਿੱਤੇ ਹਨ, ਜਿੱਥੇ ਉਸ ਦਾ ਇਕਾਂਤਵਾਸ ਸਮਾਂ ਨਵੇਂ ਸਿਰੇ ਤੋਂ ਸ਼ੁਰੂ ਹੋਇਆ ਮੰਨਿਆ ਜਾਵੇਗਾ । ਉਨ੍ਹਾਂ ਕਿਹਾ ਕਿ ਭਾਵੇਂ ਕਿ ਕੋਵਿਡ-19 ਮਰੀਜ਼ਾਂ ਪ੍ਰਤੀ ਅਜਿਹੀ ਸਖ਼ਤੀ ਸੁਣਨ ਨੂੰ ਸੁਖਾਵੀਂ ਨਹੀਂ ਲਗਦੀ ਪਰੰਤੂ ਪਿਛਲੇ ਦਿਨਾਂ ’ਚ ਹਸਪਤਾਲ ਤੋਂ ਘਰ ਭੇਜੇ ਗਏ ਕੋਵਿਡ ਪੀੜਤਾਂ ਦੀਆਂ ਇਕਾਂਤਵਾਸ ਦੀ ਉਲੰਘਣਾ ਕਰਨ ਦੀਆਂ ਸੂਚਨਾਵਾਂ ’ਚ ਤੇਜ਼ੀ ਆਉਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਦੇ ਤੰਦਰੁਸਤ ਲੋਕਾਂ ਦੀ ਸਿਹਤ ਨੂੰ ਦਾਅ ’ਤੇ ਨਹੀਂ ਲਾ ਸਕਦਾ । ਸ੍ਰੀ ਬਬਲਾਨੀ ਅਨੁਸਾਰ ਜ਼ਿਲ੍ਹੇ ’ਚ ਬਾਹਰਲੇ ਰਾਜਾਂ/ਦੇਸ਼ਾਂ ਤੋਂ ਆਉਣ ਵਾਲੇ ਵਿਅਕਤੀਆਂ ਨੂੰ ਜ਼ਿਲ੍ਹੇ ’ਚ ਹੀ ਸਥਾਪਿਤ ‘ਸਟੇਟ ਇਕਾਂਤਵਾਸ’ ’ਚ ਰੱਖਣ ਬਾਅਦ ਉਨ੍ਹਾਂ ਦੇ ਕੋਵਿਡ ਟੈਸਟ ਕਰਵਾਏ ਜਾਂਦੇ ਹਨ ਅਤੇ ਟੈਸਟ ਨੈਗੇਟਿਵ ਆਉਣ ਬਾਅਦ ਉਨ੍ਹਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੇ ਆਧਾਰ ’ਤੇ ਕੁੱਝ ਦਿਨ ‘ਸਟੇਟ ਇਕਾਂਤਵਾਸ’/ਹੋਟਲ ’ਚ ਰੱਖਣ ਬਾਅਦ ਬਾਕੀ ਦਾ ਸਮਾਂ ਘਰ ਪੂਰਾ ਕਰਨ ਲਈ ਭੇਜਿਆ ਜਾਂਦਾ ਹੈ। ਇਸੇ ਤਰ੍ਹਾਂ ਹਸਪਤਾਲ ਤੋਂ ਕੋਵਿਡ ਪੀੜਤਾਂ ਨੂੰ ਛੁੱਟੀ ਦੇ ਉਪਰੰਤ ਇੱਕ ਹਫ਼ਤੇ ਦਾ ਘਰ ’ਚ ਇਕਾਂਤਵਾਸ ਸਮਾਂ ਪੂਰਾ ਕਰਨਾ ਲਾਜ਼ਮੀ ਹੁੰਦਾ ਹੈ ਤਾਂ ਜੋ ਪੂਰਾ ਇਹਤਿਆਤ ਰੱਖ ਕੇ ਉਹ ਮੁਕੰਮਲ ਸਿਹਤਯਾਬ ਹੋ ਸਕਣ। ਉਨ੍ਹਾਂ ਆਖਿਆ ਕਿ ਜ਼ਿਲ੍ਹੇ ’ਚ ਕੋਵਿਡ ਨੂੰ ਅੱਗੇ ਫੈਲਣ ਤੋਂ ਰੋਕਣ ਅਤੇ ਜ਼ਿਲ੍ਹੇ ਨੂੰ ਕੋਵਿਡ ਮੁਕਤ ਬਣਾਉਣ ਲਈ ਸਾਡੀ ਸਾਰਿਆਂ ਦੀ ਇਹ ਜ਼ਿੰਮੇਂਵਾਰੀ ਬਣ ਜਾਂਦੀ ਹੈ ਕਿ ਸਿਹਤ ਮਹਿਕਮੇ ਅਤੇ ਸਰਕਾਰ ਵੱਲੋਂ ਕੋਵਿਡ ਨੂੰ ਲੈ ਕੇ ਜਾਰੀ ਸਮੂਹ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ । ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਇਸ ਸਬੰਧੀ ਸਿਹਤ ਵਿਭਾਗ ਨੂੰ ਵੀ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਉਹ ਘਰ ਭੇਜੇ ਹਰੇਕ ਮਰੀਜ਼ ਦੇ ਮੋਬਾਇਲ ’ਤੇ ਕੋਵਾ ਐਪ ਦਾ ਚੱਲਣਾ ਯਕੀਨੀ ਬਣਾਉਣ ਅਤੇ ਆਪਣੇ ਫ਼ੀਲਡ ਵਰਕਰਾਂ (ਆਸ਼ਾਂ ਅਤੇ ਏ ਐਨ ਐਮਜ਼) ਰਾਹੀਂ ਇਨ੍ਹਾਂ ਦੇ ਇਕਾਂਤਵਾਸ ’ਤੇ ਨਿਗਰਾਨੀ ਰੱਖਣ ।