ਕੋਵਿਡ-19 ਦੇ 600 ਮਰੀਜਾਂ ਦਾ ਇੱਕੋ ਸਮੇਂ ਇਲਾਜ ਕਰਨ ਦੀਆਂ ਸਾਰੀਆਂ ਸਹੂਲਤਾਂ ਨਾਲ ਲੈਸ ਹੈ ਸਰਕਾਰੀ ਰਜਿੰਦਰਾ ਹਸਪਤਾਲ

ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਕੋਰੋਨਾਵਾਇਰਸ ਦੇ ਮਰੀਜਾਂ ਦੇ ਇਲਾਜ ਲਈ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਡਾਕਟਰ ਅਤੇ ਹੋਰ ਮੈਡੀਕਲ ਅਮਲਾ

ਪਟਿਆਲਾ ( ਅਰਵਿੰਦਰ ਸਿੰਘ ) ਕੋਰੋਨਾਵਾਇਰਸ ਕੋਵਿਡ-19 ਨਾਲ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਖੋਜ ਤੇ ਸਿੱਖਿਆ ਵਿਭਾਗਾਂ ਵੱਲੋਂ ਵਿੱਢੀ ਜੰਗ ਦੌਰਾਨ ਪਟਿਆਲਾ ਦਾ ਸਰਕਾਰੀ ਰਜਿੰਦਰਾ ਹਸਪਤਾਲ 600 ਮਰੀਜਾਂ ਦਾ ਇੱਕੋ ਸਮੇਂ ਇਲਾਜ ਕਰਨ ਲਈ ਸਾਰੀਆਂ ਅਤਿਆਧੁਨਿਕ ਸਹੂਲਤਾਂ ਤੇ ਸਾਜੋ-ਸਮਾਨ ਨਾਲ ਲੈਸ ਪੂਰੀ ਤਰਾਂ ਤਿਆਰ ਹੈ। ਭਾਵੇਂ ਇੱਥੇ ਇਸ ਸਮੇਂ ਕੋਵਿਡ-19 ਤੋਂ ਪੀੜਤ ਕੇਵਲ ਦੋ ਮਰੀਜ ਜ਼ੇਰ-ਏ-ਇਲਾਜ ਹਨ, ਪਰੰਤੂ ਸਰਕਾਰ ਵੱਲੋਂ ਇੱਥੇ ਅਜਿਹੇ ਪੁਖ਼ਤਾ ਇੰਤਜਾਮ ਕੀਤੇ ਗਏ ਹਨ ਕਿ ਇੱਥੇ ਦੀਆਂ ਤਿੰਨ ਇਮਾਰਤਾਂ ‘ਚ ਸੈਂਕੜੇ ਮਰੀਜਾਂ ਦਾ ਇੱਕੋ ਸਮੇਂ ਸਿੱਕੇਬੰਦ ਇਲਾਜ ਸੰਭਵ ਹੋ ਸਕਦਾ ਹੈ।


ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਪਾਰਸ ਪਾਂਡਵ ਅਤੇ ਡਿਪਟੀ ਮੈਡੀਕਲ ਸੁਪਰਡੈਂਟ ਡਾ. ਵੀ.ਕੇ. ਡਾਂਗਵਾਲ ਦੀ ਦੇਖ-ਰੇਖ ਹੇਠ ਛਾਤੀ, ਸਾਂਹ ਤੇ ਟੀ.ਬੀ. ਰੋਗਾਂ ਦੇ ਮਾਹਰ ਡਾ. ਵਿਸ਼ਾਲ ਚੋਪੜਾ, ਮੈਡੀਸਨ ਮਾਹਰ ਡਾ. ਰਮਿੰਦਰ ਪਾਲ ਸਿੰਘ ਸਿਬੀਆ ਅਤੇ ਕੋਵਿਡ-19 ਦੇ ਨੋਡਲ ਅਫ਼ਸਰ ਡਾ. ਸਚਿਨ ਕੌਸ਼ਲ ਦੀ ਅਗਵਾਈ ਹੇਠ ਡੇਢ ਦਰਜਨ ਤੋਂ ਵਧੇਰੇ ਡਾਕਟਰਾਂ ਦੀ ਟੀਮ, 70 ਦੇ ਕਰੀਬ ਨਰਸਿੰਗ ਸਟਾਫ਼ ਸਮੇਤ ਹੋਰ ਅਮਲਾ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ 24 ਘੰਟੇ ਆਪਣੀਆਂ ਡਿਊਟੀਆਂ ਪੂਰੇ ਜਜ਼ਬੇ ਨਾਲ ਨਿਭਾ ਰਿਹਾ ਹੈ।
ਇਸ ਸਮੇਂ ਸਰਕਾਰੀ ਰਜਿੰਦਰਾ ਹਸਪਤਾਲ ਦੀ ਆਧੁਨਿਕ ਸਹੂਲਤਾਂ ਨਾਲ ਲੈਸ ਐਮ.ਸੀ.ਐਚ. ਇਮਾਰਤ ਦੀ 7ਵੀਂ ਮੰਜ਼ਿਲ ਨੂੰ ਸਕਰੀਨਿੰਗ ਲਈ ਅਤੇ 8ਵੀਂ ਮੰਜ਼ਿਲ ਨੂੰ ਆਈ.ਸੀ.ਯੂ. ਤੇ ਕੋਰੋਨਾ ਪਾਜ਼ਿਟਿਵ ਮਰੀਜਾਂ ਲਈ ਵਰਤਿਆ ਜਾ ਰਿਹਾ ਹੈ। ਜਦੋਂਕਿ ਮਰੀਜਾਂ ਦੀ ਗਿਣਤੀ ਵਧਣ ‘ਤੇ ਤੀਜੀ ਮੰਜਿਲ ਨੂੰ ਸਕਰੀਨਿੰਗ ਲਈ ਅਤੇ ਬਾਕੀ ਮੰਜ਼ਿਲਾਂ ਨੂੰ ਕੋਰੋਨਾ ਮਰੀਜਾਂ ਲਈ ਵਰਤੋਂ ਵਿੱਚ ਲਿਆਂਦਾ ਜਾਵੇਗਾ। ਇਸ ਤੋ ਇਲਾਵਾ ਸਥਿਤੀ ਜਿਆਦਾ ਗੰਭੀਰ ਹੋਣ ‘ਤੇ ਗੁਰੂ ਨਾਨਕ ਸੁਪਰ ਸਪੈਸ਼ਲਿਟੀ ਬਲਾਕ ਨੂੰ ਵੀ ਵਰਤੋਂ ਵਿੱਚ ਲਿਆਂਦਾ ਜਾ ਸਕੇਗਾ।
ਇਸ ਸਮੇਂ ਜਿੱਥੇ ਡਾਕਟਰਾਂ ਦੀ ਟੀਮ ਵਿੱੱਚ ਡਾ. ਵਿਕਾਸ ਸ਼ਰਮਾ, ਡਾ. ਲਵਲੀਨ ਭਾਟੀਆ, ਡਾ. ਐਮ.ਐਸ. ਮਾਨ, ਡਾ. ਸੰਜੀਵ ਭਗਤ, ਡਾ. ਸੰਜੇ ਗੋਇਲ, ਡਾ. ਅਮਨਦੀਪ ਸਿੰਘ ਬਖ਼ਸ਼ੀ, ਡਾ. ਐਚ.ਕੇ.ਐਸ. ਚਾਵਲਾ, ਡਾ. ਰੁਪਿੰਦਰਜੀਤ ਕੌਰ, ਡਾ. ਐਚ.ਐਸ. ਰੇਖੀ, ਡਾ. ਡੀ.ਐਸ. ਵਾਲੀਆ, ਡਾ. ਪਰਮੋਦ ਕੁਮਾਰ, ਡਾ. ਲਲਿਤ ਗਰਗ ਤੇ ਹੋਰ ਸ਼ਾਮਲ ਹਨ। ਇਨ੍ਹਾਂ ਉਥੇ ਹੀ ਨਰਸਿੰਗ ਸਟਾਫ਼ ਇੰਚਾਰਜ ਸਿਸਟਰ ਗੁਰਕਿਰਨ ਕੌਰ ਅਤੇ 3 ਹੋਰ ਨਰਸਿੰਗ ਇੰਚਾਰਜ ਸਿਸਟਰਜ ਦੀ ਅਗਵਾਈ ਹੇਠ 67 ਜਣਿਆਂ ਦਾ ਨਰਸਿੰਗ ਸਟਾਫ਼ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਿਹਾ ਹੈ। ਇਸ ਸਮੁੱਚੇ ਸਟਾਫ਼ ਦੀਆਂ ਡਿਊਟੀਆਂ ਰੋਸਟਰ ਵਿੱਚ ਲੱਗ ਰਹੀਆ ਹਨ ਅਤੇ ਪੂਰੇ ਸਾਜੋ ਸਮਾਨ ਨਾਲ ਲੈਸ ਮੈਡੀਕਲ ਅਮਲਾ ਪੂਰੇ ਹੌਂਸਲੇ ਵਿੱਚ ਕੋਰੋਨਾ ਮਰੀਜਾਂ ਦੇ ਇਲਾਜ ਲਈ ਤਿਆਰ-ਬਰ-ਤਿਆਰ ਹੈ।
ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਸਮਾਜਿਕ ਵਿੱਥ ਦੇ ਨਿਯਮ ਨੂੰ ਅਪਣਾ ਕੇ ਆਪਣੇ ਘਰਾਂ ਵਿੱਚ ਹੀ ਰਹਿਣ ਅਤੇ ਪੂਰਨ ਸਵੱਛਤਾ ਲਈ ਹੱਥ ਵਾਰ-ਵਾਰ ਧੋਹਣ ਦੇ ਨਾਲ-ਨਾਲ ਆਪਣੇ ਮੂੰਹ, ਨੱਕ ਅਤੇ ਅੱਖਾਂ ਨੂੰ ਨਾ ਛੂਹਣ। ਜਦੋਂਕਿ ਡਾ. ਵਿਸ਼ਾਲ ਚੋਪੜਾ ਅਤੇ ਡਾ. ਸਿਬੀਆ ਨੇ ਕਿਹਾ ਕਿ ਰਜਿੰਦਰਾ ਹਸਪਤਾਲ ਦਾ ਸਮੁੱਚਾ ਮੈਡੀਕਲ ਅਮਲਾ ਜਿੱਥੇ ਕੋਵਿਡ-19 ਮਰੀਜਾਂ ਦਾ ਇਲਾਜ ਤਨਦੇਹੀ ਅਤੇ ਮਾਨਵੀ ਹਮਦਰਦੀ ਨਾਲ ਕਰਨ ਲਈ ਵਚਨਬੱਧ ਹੈ ਉਥੇ ਹੀ ਇਸ ਭਿਆਨਕ ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਵੀ ਪੂਰਾ ਅਹਿਤਿਆਤ ਰਿਹਾ ਹੈ।
ਇਸੇ ਦੌਰਾਨ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਮੇਤ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਦੇਖ-ਰੇਖ ਹੇਠ ਜ਼ਿਲ੍ਹਾ ਪ੍ਰਸ਼ਾਸਨ ਇਸ ਸੰਕਟ ਦੀ ਘੜੀ ਲੋਕਾਂ ਦੇ ਨਾਲ ਖੜ੍ਹਾ ਹੈ। ਸ੍ਰੀ ਕੁਮਾਰ ਅਮਿਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨੋਵਲ ਕਰੋਨਾਵਾਇਰਸ ਕੋਵਿਡ-19 ਤੋਂ ਬਚਾਅ ਅਤੇ ਇਸਦੇ ਪ੍ਰਭਾਵ ਨੂੰ ਰੋਕਣ ਲਈ ਰੱਖਦਿਆਂ ਲਗਾਏ ਕਰਫਿਊ ਦੌਰਾਨ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਯਕੀਨੀ ਬਣਾ ਕੇ ਇਸ ਨੂੰ ਫੈਲਣ ਤੋਂ ਰੋਕਣ ਵਿੱਚ ਆਪਣਾ ਸਹਿਯੋਗ ਦੇਣ।

Share This :

Leave a Reply