ਚੰਡੀਗੜ੍ਹ ( ਮੀਡੀਆ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਕਾਰਨ ਆਪਣੀ ਜਾਨ ਗਵਾਉਣ ਵਾਲੇ ਏ.ਸੀ.ਪੀ. ਅਨਿਲ ਕੋਹਲੀ ਦੇ ਛੋਟੇ ਲੜਕੇ ਨੂੰ ਉਸ ਦੀ ਗਰੈਜੂਏਸ਼ਨ ਮੁਕੰਮਲ ਹੋਣ ਤੋਂ ਬਾਅਦ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਨਿਯੁਕਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ।
117 ਡੀ.ਐਸ.ਪੀਜ਼, 382 ਐਸ.ਐਚ.ਓਜ਼, ਏ.ਡੀ.ਜੀ.ਪੀਜ਼, ਆਈ.ਜੀਜ਼, ਐਸ.ਐਸ.ਪੀਜ਼ ਤੇ ਐਸ.ਪੀਜ਼ ਸਣੇ ਫੀਲਡ ਵਿੱਚ ਮੋਹਰੀ ਕਤਾਰ ‘ਚ ਡਟੇ ਅਫਸਰਾਂ ਤੇ ਕਰਮਚਾਰੀਆਂ ਨਾਲ ਬੁੱਧਵਾਰ ਨੂੰ ਪਹਿਲੀ ਵੀਡਿਓ ਕਾਨਫਰੰਸ ਵਿੱਚ ਡੀ.ਜੀ.ਪੀ. ਦਿਨਕਰ ਗੁਪਤਾ ਨੇ ਖੁਲਾਸਾ ਕੀਤਾ ਕਿ ਏ.ਸੀ.ਪੀ. ਦੇ ਲੜਕੇ ਪਾਰਸ ਨੂੰ ਸ਼ਰਤ ‘ਤੇ ਨਿਯੁਕਤੀ ਪੱਤਰ ਦੇ ਦਿੱਤਾ ਹੈ ਜਿਸ ਉਤੇ ਉਸ ਨੇ ਵੀ ਸਹੀ ਪਾ ਦਿੱਤੀ ਹੈ ਜਿਸ ਅਨੁਸਾਰ ਉਸ ਨੂੰ ਗਰੈਜੂਏਸ਼ਨ ਮੁਕੰਮਲ ਹੋਣ ‘ਤੇ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਨਿਯੁਕਤ ਕਰ ਦਿੱਤਾ ਜਾਵੇਗਾ। ਡੀ.ਜੀ.ਪੀ. ਨੇ ਦੱਸਿਆ ਕਿ ਮੁੱਖ ਮੰਤਰੀ ਕੋਵਿਡ ਖਿਲਾਫ ਜੰਗ ਵਿੱਚ ਡਟੇ ਪੁਲਿਸ ਕਰਮੀਆਂ ਦੀ ਸਿਹਤ ਤੇ ਭਲਾਈ ਲਈ ਅਤਿਅੰਤ ਸਹਾਇਤਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਆਪਣੇ ਕਰਮੀਆਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇਸ਼ ਭਰ ਦੇ ਮੁੱਖ ਮੰਤਰੀਆਂ ਵਿੱਚੋਂ ਪਹਿਲੇ ਹਨ ਜਿਨ੍ਹਾਂ ਪੰਜਾਬ ਪੁਲਿਸ ਦੇ ਕਰਮਚਾਰੀਆਂ ਲਈ 50 ਲੱਖ ਰੁਪਏ ਦਾ ਸਿਹਤ ਬੀਮਾ ਐਲਾਨਿਆ ਹੈ। ਡੀ.ਜੀ.ਪੀ. ਨੇ ਦੱਸਿਆ ਕਿ ਉਨ੍ਹਾਂ ਨੇ ਸੂਬਾ ਸਰਕਾਰ ਨੂੰ ਇਹ ਪ੍ਰਸਤਾਵ ਦਿੱਤਾ ਹੈ ਕਿ ਜਿਹੜਾ ਪੁਲਿਸ ਕਰਮੀ ਕੋਵਿਡ-19 ਨਾਲ ਜਾਨ ਗਵਾਉਂਦਾ ਹੈ, ਉਸ ਦੇ ਪਰਿਵਾਰ ਨੂੰ ਉਸ ਦੀ ਸੇਵਾ ਮੁਕਤੀ ਵਾਲੇ ਦਿਨ ਤੱਕ ਪੈਨਸ਼ਨ ਵਜੋਂ ਪੂਰੀ ਤਨਖਾਹ ਦਿੱਤੀ ਜਾਵੇ।
ਸੋਸ਼ਲ ਮੀਡੀਆ ਮੁਹਿੰਮ ‘ਮੈਂ ਵੀ ਹਰਜੀਤ ਸਿੰਘ’ ਦੀ ਵੱਡੀ ਸਫਲਤਾ ਦਾ ਜ਼ਿਕਰ ਕਰਦਿਆਂ ਡੀ.ਜੀ.ਪੀ. ਨੇ ਕਿਹਾ ਕਿ ਪੁਲਿਸ ਲਈ ਵੱਡੇ ਪੱਧਰ ‘ਤੇ ਸਦਭਾਵਨਾ ਪੈਦਾ ਕਰਨ ਤੋਂ ਇਲਾਵਾ ਇਸਨੇ ਇੱਕ ਸਖ਼ਤ ਸੰਦੇਸ਼ ਦਿੱਤਾ ਹੈ ਕਿ ਇਕ ਪੁਲਿਸ ਕਰਮਚਾਰੀ ‘ਤੇ ਹਮਲਾ ਸਮੁੱਚੀ ਫੋਰਸ ‘ਤੇ ਹਮਲਾ ਮੰਨਿਆ ਜਾਵੇਗਾ ਜੋ ਕਾਨੂੰਨ ਅਤੇ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਇਕਜੁਟ ਹੈ। ਉਨ੍ਹਾਂ ਦੇਸ਼ ਭਰ ਤੋਂ ਇਸ ਮੁਹਿੰਮ ਦੇ ਸਮਰਥਨ ਦੀ ਸ਼ਲਾਘਾ ਕੀਤੀ ਅਤੇ ਕਈ ਰਾਜਾਂ ਦੀ ਪੁਲਿਸ ਫੋਰਸ ਨੇ ਪੰਜਾਬ ਪੁਲਿਸ ਨਾਲ ਇਕਜੁੱਟਤਾ ਜ਼ਾਹਰ ਕੀਤੀ।