ਕੋਰੋਨਾ ਸੰਕਟ ‘ਚ ਮਗਨਰੇਗਾ ਦੇ ਨਵੇਂ ਚੁਣੇ 5 ਗਰਾਮ ਰੋਜ਼ਗਾਰ ਸੇਵਕ ਵੀ ਲੋਕਾਂ ਦੀ ਮਦਦ ਲਈ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ‘ਚ ਤਾਇਨਾਤ ਕੀਤੇ -ਡਾ. ਪ੍ਰੀਤੀ ਯਾਦਵ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਵਿਖੇ ਸਥਾਪਤ ਮੁੱਖ ਕੰਟਰੋਲ ਰੂਮ ‘ਚ ਕੰਮ ਕਰ ਰਹੇ ਮਗਨਰੇਗਾ ਦੇ ਗਰਾਮ ਰੋਜ਼ਗਾਰ ਸੇਵਕਾਂ ਨਾਲ ਕੋਈ ਨੁਕਤਾ ਸਾਂਝਾ ਕਰਦੇ ਹੋਏ ਪੀ.ਸੀ.ਐਸ. ਟ੍ਰੇਨੀ ਸ. ਜਗਨੂਰ ਸਿੰਘ ਗਰੇਵਾਲ

ਪਟਿਆਲਾ (ਅਰਵਿੰਦਰ ਸਿੰਘ ਜੋਸ਼ਨ) ਪੰਜਾਬ ਸਰਕਾਰ ਵੱਲੋਂ ਨੋਵਲ ਕੋਰੋਨਾਵਾਇਰਸ ਨਾਲ ਲੜੀ ਜਾ ਰਹੀ ਜੰਗ ਲਈ ਜਾਰੀ ‘ਉਪਰੇਸ਼ਨ ਫ਼ਤਹਿ’ ਵਿੱਚ ਕਾਮਯਾਬੀ ਹਾਸਲ ਕਰਨ ਲਈ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰ ‘ਤੇ ਸਥਾਪਤ ਕੀਤਾ ਗਿਆ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਸਫ਼ਲਤਾ ਪੂਰਵਕ ਜ਼ਿਲ੍ਹੇ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਰਿਹਾ ਹੈ।


ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਕੰਟਰੋਲ ਰੂਮ ਦੀ ਨਿਗਰਾਨੀ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮਿਸ. ਇਨਾਇਤ ਵੱਲੋਂ ਕਰਨ ਸਮੇਤ ਸਿਖਲਾਈ ਅਧੀਨ ਪੀ.ਸੀ.ਐਸ. ਅਧਿਕਾਰੀ ਸ. ਜਗਨੂਰ ਸਿੰਘ ਗਰੇਵਾਲ ਅਤੇ ਤਹਿਸੀਲਦਾਰ ਜਿੰਸੂ ਬਾਂਸਲ ਨੂੰ ਇੱਥੇ ਕੰਮ ਕਰ ਰਹੇ ਵੱਖ-ਵੱਖ ਵਿਭਾਗਾਂ ਦੇ 3 ਦਰਜਨ ਤੋਂ ਵਧੇਰੇ ਕਰਮਚਾਰੀਆਂ ਨਾਲ ਤਾਲਮੇਲ ਕਰਨ ਲਈ ਤਾਇਨਾਤ ਕੀਤਾ ਗਿਆ ਹੈ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਕੰਟਰੋਲ ਰੂਮ ਵਿੱਚ ਮਗਨਰੇਗਾ ਸਕੀਮ ਤਹਿਤ ਨਵੇਂ ਚੁਣੇ ਗਏ 5 ਗਰਾਮ ਰੋਜ਼ਗਾਰ ਸੇਵਕਾਂ ਦੀਆਂ ਵੀ ਸੇਵਾਵਾਂ ਲਈਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਫੀਲਡ ਵਿੱਚ ਡਿਊਟੀ ‘ਤੇ ਜਾਣ ਤੋਂ ਪਹਿਲਾਂ ਹੀ 27 ਮਾਰਚ ਨੂੰ ਇਸ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਵਿੱਚ ਤਾਇਨਾਤ ਕਰ ਦਿੱਤਾ ਗਿਆ ਸੀ, ਤਾਂ ਕਿ ਉਹ ਵੀ ਅਜਿਹੇ ਸੰਕਟ ਦੇ ਸਮੇਂ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਸਮੇਤ ਲੋਕਾਂ ਨਾਲ ਤਾਲਮੇਲ ਕਰਨ ਬਾਰੇ ਸਿਖਲਾਈ ਹਾਸਲ ਕਰ ਸਕਣ।
ਏ.ਡੀ.ਸੀ. ਨੇ ਦੱਸਿਆ ਕਿ ਇਨ੍ਹਾਂ ਵਿੱਚ ਰਾਜਪੁਰਾ ਬਲਾਕ ਦੇ ਗਰਾਮ ਰੋਜ਼ਗਾਰ ਸੇਵਕ ਰਮਨਦੀਪ ਸਿੰਘ, ਪ੍ਰਭਜੋਤ ਸਿੰਘ ਤੇ ਸੁਮਿਤ ਸਿੰਘ, ਨਾਭਾ ਬਲਾਕ ਦੇ ਗੁਰਦੀਪ ਸਿੰਘ ਅਤੇ ਪਟਿਆਲਾ ਬਲਾਕ ਦੇ ਗਰਾਮ ਰੋਜ਼ਗਾਰ ਸੇਵਕ ਯੁਧਵੀਰ ਸਿੰਘ ਸ਼ਾਮਲ ਹਨ, ਜੋ ਕਿ ਪਹਿਲੇ ਦਿਨ ਤੋਂ ਹੀ ਜ਼ਿਲ੍ਹਾ ਕੰਟਰੋਲ ਰੂਮ ਵਿਖੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੇ ਹਨ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਕੰਟਰੋਲ ਰੂਮ ‘ਤੇ ਰੋਜ਼ਾਨਾ ਸੈਂਕੜੇ ਕਾਲਾਂ ਆ ਰਹੀਆਂ ਹਨ ਜਿਸ ਵਿੱਚ ਲੋਕਾਂ ਵੱਲੋਂ ਕੋਰੋਨਾਵਾਇਰਸ ਬਾਰੇ, ਅਮਨ ਕਾਨੂੰਨ ਬਾਰੇ, ਸਾਫ਼-ਸਫ਼ਾਈ, ਸਿਹਤ ਸੇਵਾਵਾਂ, ਦਵਾਈਆਂ, ਕਰਿਆਨਾ, ਐਲ.ਪੀ.ਜੀ. ਗੈਸ, ਸਬਜ਼ੀਆਂ ਤੇ ਫ਼ਲਾਂ, ਮੁਫ਼ਤ ਰਾਸ਼ਨ ਜਾਂ ਭੋਜਨ ਦੀ ਲੋੜ, ਸਮੇਤ ਹੋਰ ਜ਼ਰੂਰੀ ਸੇਵਾਵਾਂ ਬਾਰੇ ਜਾਣਕਾਰੀ ਹਾਸਲ ਕਰਨ ਦੇ ਨਾਲ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਵੀ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਹੱਲ ਮੌਕੇ ‘ਤੇ ਹੀ ਕਰਵਾਉਣ ਲਈ ਗ੍ਰਾਮ ਰੋਜ਼ਗਾਰ ਸੇਵਕ ਆਪਣੀ ਡਿਊਟੀ ਦੌਰਾਨ ਯਤਨਸ਼ੀਲ ਹਨ।
ਡਾ. ਯਾਦਵ ਨੇ ਕਿਹਾ ਕਿ ਕੋਈ ਵੀ ਨਾਗਰਿਕ ਲੋੜ ਪੈਣ ‘ਤੇ ਜ਼ਿਲ੍ਹੇ ਦੇ ਮੁੱਖ ਕੰਟਰੋਲ ਰੂਮ ਦੇ ਨੰਬਰ 0175-2350550 ‘ਤੇ ਸੰਪਰਕ ਕਰ ਸਕਦਾ ਹੈ, ਜਿਸ ਉਪਰ ਆਈਆਂ ਕਾਲਾਂ ਦਾ ਡਾਟਾ ਸਾਂਭ ਕੇ ਰੱਖਿਆ ਜਾਂਦਾ ਹੈ ਅਤੇ ਇਨ੍ਹਾਂ ਫੋਨ ਕਾਲਾਂ ਦਾ ਫਾਲੋਅਪ ਵੀ ਲਿਆ ਜਾਂਦਾ ਹੈ ਅਤੇ ਹੁਣ ਤੱਕ ਲੋਕਾਂ ਤੋਂ ਚੰਗੀ ਫੀਡਬੈਕ ਹੀ ਮਿਲੀ ਹੈ।

Share This :

Leave a Reply