ਅਮਰੀਕਾ ਵਿੱਚ ਮੌਤਾਂ ਦੀ ਗਿਣਤੀ 69921 ਹੋਈ
ਕੈਲੀਫੋਰਨੀਆ ਵਿਚ ਸ਼ੁੱਕਰਵਾਰ ਤੋਂ ਸ਼ਰਤਾਂ ਸਹਿਤ ਖੁਲਣਗੇ ਪ੍ਰਚੂਨ ਸਟੋਰ
ਕੈਲੀਫੋਰਨੀਆ (ਹੁਸਨ ਲੜੋਆ ਬੰਗਾ)– ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ 1323 ਮੌਤਾਂ ਹੋਈਆਂ ਹਨ ਤੇ ਕੋਰੋਨਾਵਾਇਰਸ ਨਾਲ ਹੋਈਆਂ ਮੌਤਾਂ ਦੀ ਗਿਣਤੀ 69921 ਹੋ ਗਈ ਹੈ। 24713 ਨਵੇਂ ਮਰੀਜ਼ ਹਸਪਤਾਲਾਂ ਵਿਚ ਦਾਖਲ ਹੋਏ ਹਨ ਜਿਨਾਂ ਨਾਲ ਪੀੜਤਾਂ ਦੀ ਕੁਲ ਗਿਣਤੀ 12,12,835 ਹੋ ਗਈ ਹੈ। ਹੁਣ ਤੱਕ 1,88,027 ਮਰੀਜ਼ ਠੀਕ ਹੋਏ ਹਨ। ਇਹ ਚੰਗੀ ਖ਼ਬਰ ਹੈ ਕਿ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਇਸ ਵੇਲੇ ਮੌਤ ਦਰ 27% ਰਹਿ ਗਈ ਹੈ ਤੇ ਠੀਕ ਹੋਣ ਵਾਲੇ ਅਮਰੀਕੀਆਂ ਦੀ ਪ੍ਰਤੀਸ਼ਤ 73% ਹੋ ਗਈ ਹੈ।
ਵਧ ਸਕਦੀਆਂ ਹਨ ਮੌਤਾਂ-
ਨਿਊਯਾਰਕ ਟਾਈਮਜ਼ ਅਨੁਸਾਰ ਟਰੰਪ ਪ੍ਰਸ਼ਾਸਨ ਵੱਲੋਂ ਨਿੱਜੀ ਤੌਰ ‘ਤੇ ਰਾਸ਼ਟਰ ਵਿਆਪੀ ਹੋਣ ਵਾਲੀਆਂ ਮੌਤਾਂ ਦੇ ਲਾਏ ਗਏ ਅਨੁਮਾਨ ਅਨੁਸਾਰ ਇਕ ਜੂਨ ਤੱਕ ਮੌਤਾਂ ਮੌਜੂਦਾ ਪ੍ਰਤੀ ਦਿਨ ਔਸਤ 1750 ਤੋਂ ਵਧਕੇ 3000 ਪ੍ਰਤੀ ਦਿਨ ਹੋ ਸਕਦੀਆਂ ਹਨ। ਬਿਲਕੁੱਲ ਇਸੇ ਤਰਾਂ ਦਾ ਅਨੁਮਾਨ ਹੀ ਵਾਈਟ ਹਾਊਸ ਨੇ ਲਾਇਆ ਹੈ। ਉਸ ਨੇ ਮੌਤਾਂ ਬਾਰੇ ਆਪਣੀ ਭਵਿੱਖਬਾਣੀ ਤਕਰੀਬਨ ਦੁੱਗਣੀ ਕਰ ਦਿੱਤੀ ਹੈ। ਵਾਈਟ ਹਾਊਸ ਅਨੁਸਾਰ ਉਸ ਦੇ ਪਹਿਲੇ ਅਨੁਮਾਨ 72000 ਤੋਂ ਵਧਕੇ ਮੌਤਾਂ 1,34,000 ਤੋਂ ਵਧ ਹੋ ਸਕਦੀਆਂ ਹਨ।
ਕੈਲੀਫੋਰਨੀਆ ਵਿਚ ਖੁਲਣਗੇ ਪ੍ਰਚੂਨ ਸਟੋਰ –
ਦੇਸ਼ ਦੇ ਸਭ ਤੋਂ ਵਧ ਆਬਾਦੀ ਵਾਲੇ ਰਾਜ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਓਜ਼ੋਮ ਜਿਨਾਂ ਉਪਰ ਹੋਰ ਰਾਜਾਂ ਦੇ ਗਵਰਨਰਾਂ ਵੱਲੋਂ ਅਰਥਵਿਵਸਥਾ ਖੋਲਣ ਲਈ ਦਬਾਅ ਪਾਇਆ ਜਾ ਰਿਹਾ ਸੀ, ਨੇ ਐਲਾਨ ਕੀਤਾ ਹੈ ਕਿ ਪ੍ਰਚੂਨ ਸਟੋਰਾਂ ਦੇ ਮਾਲਕ ਸ਼ਰਤਾਂ ਤਹਿਤ ਸ਼ੁਕਰਵਾਰ ਤੋਂ ਆਪਣੇ ਕਾਰੋਬਾਰ ਸ਼ੁਰੂ ਕਰ ਸਕਦੇ ਹਨ। ਗਵਰਨਰ ਗੈਵਿਨ ਨਿਓਜ਼ੋਮ ਨੇ ਕਿ ਅਸੀਂ ਹੌਲੀ ਹੌਲੀ ਇਸ ਸ਼ੁੱਕਰਵਾਰ ਨੂੰ ਪੜਾਅ 2 ਵਿੱਚ ਜਾਣਾ ਸ਼ੁਰੂ ਕਰਾਂਗੇ ਤੇ ਕੁਝ ਸੈਕਟਰ ਜਿੱਥੇ ਵਾਇਰਸ ਦੇ ਸੰਚਾਰ ਦਾ ਘੱਟ ਜੋਖਮ ਹੈ ਉਥੇ ਤਬਦੀਲੀਆਂ ਤਹਿਤ ਦੁਬਾਰਾ ਖੋਲ੍ਹਾਂਗੇ , ਗਵਰਨਰ ਗੈਵਿਨ ਨਿਓਜ਼ੋਮ ਨੇ ਮੰਨਿਆ ਕਿ ਕੈਲੀਫੋਰਨੀਆਂ ਦੇ ਕੁਝ ਖੇਤਰਾਂ ਨੂੰ ਸਖਤ ਦਿਸ਼ਾ-ਨਿਰਦੇਸ਼ਾਂ ਦੀ ਜ਼ਰੂਰਤ ਹੋਏਗੀ, ਜਦੋਂ ਕਿ ਕੁਝ ਖੇਤਰਾਂ ਵਿੱਚ ਸਖਤੀ ਦੀ ਘੱਟ ਜਰੂਰਤ ਹੈ। ਛੇ ਬੇਅ ਏਰੀਆ ਕਾਉਂਟੀਆਂ ਜਿਨ੍ਹਾਂ ਵਿੱਚ ਪਹਿਲਾਂ ਆਰਡਰ ਜਾਰੀ ਕੀਤੇ ਗਏ ਸਨ ਵਿੱਚ ਬਾਕੀ ਦਿਹਾਤੀ ਇਲਾਕਿਆਂ ਨਾਲੋਂ ਵਾਇਰਸ ਦੀ ਲਾਗ ਬਹੁਤ ਜ਼ਿਆਦਾ ਵੇਖੀ ਸੀ। ਉਨਾਂ ਇਹ ਵੀ ਕਿਹਾ ਹੈ ਕਿ ਕੋਰੋਨਾ ਨਾਲ ਘਟ ਪ੍ਰਭਵਿਤ ਹੋਏ ਰਾਜ ਦੇ ਹਿੱਸਿਆਂ ਵਿਚ ਕਾਰੋਬਾਰ ਖੋਲਣ ਦੀ ਪੂਰੀ ਖੁੱਲ ਦਿੱਤੀ ਜਾਵੇਗੀ। ਸਿਹਤ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਾਰੋਬਾਰ ਖੋਲਣ ਦੌਰਾਨ ‘ਸੋਸ਼ਲ ਡਿਸਟੈਂਸ’ ਦੀ ਉਲੰਘਣਾ ਕੀਤੀ ਗਈ ਤਾਂ ਮੌਤਾਂ ਤੇ ਮਾਮਲਿਆਂ ਦੀ ਗਿਣਤੀ ਬਹੁਤ ਤੇਜੀ ਨਾਲ ਵਧ ਸਕਦੀ ਹੈ।
ਐਫ ਡੀ ਏ ਨੇ ਨਵੇਂ ਟੈਸਟ ਨੂੰ ਦਿੱਤੀ ਪ੍ਰਵਾਨਗੀ-
ਯੂ ਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ ਡੀ ਏ) ਨੇ ਨਵੇਂ ਰੋਸ਼ ਐਂਟੀ ਬੌਡੀ ਟੈਸਟ ਨੂੰ ਪ੍ਰਵਾਨਗੀ ਦਿੱਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਟੈਸਟ ਵਧੇਰੇ ਦਰੁਸਤ ਸਿੱਟੇ ਦੇਵੇਗਾ। ਇਸ ਐਂਟੀ ਬੌਡੀ ਟੈਸਟ ਨਾਲ ਇਹ ਪਤਾ ਲਾਇਆ ਜਾ ਸਕੇਗਾ ਕਿ ਕੀ ਕੋਈ ਵਿਅਕਤੀ ਪਹਿਲਾਂ ਵੀ ਕਿਸੇ ਵਾਇਰਸ ਨਾਲ ਪੀੜਤ ਰਿਹਾ ਹੈ। ਇਸ ਟੈਸਟ ਨਾਲ ਲੱਛਣ ਨਜਰ ਨਾ ਆਉਣ ਦੇ ਬਾਵਜੂਦ ਵੀ ਪੀੜਤ ਵਿਅਕਤੀ ਦਾ ਪਤਾ ਲਾਇਆ ਜਾ ਸਕੇਗਾ।