ਕੋਰੋਨਾ ਦੀ ਦਹਿਸ਼ਤ ਤੋਂ ਬਾਅਦ ਜ਼ਿਲ੍ਹੇ ’ਚ ਹਾਲਾਤ ਆਮ ਹੋਣ ਲੱਗੇ

ਨਵਾਂਸ਼ਹਿਰ ਦੇ ਬੱਸ ਸਟੈਂਡ ’ਤੇ ਸਵਾਰੀਆਂ ਨੂੰ ਬੱਸ ’ਚ ਚੜ੍ਹਾਉਣ ਤੋਂ ਪਹਿਲਾਂ ਉਨ੍ਹਾਂ ਦਾ ਟੈਂਪਰੇਚਰ ਜਾਂਚਦੇ ਹੋਏ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਪਿਛਲੇ ਦੋ ਮਹੀਨਿਆਂ ਤੋਂ ਕੋਰੋਨਾ ਨਾਲ ਜੂਝਣ ਬਾਅਦ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਲੀਹ ਤੋਂ ਲੱਥੀ ਜ਼ਿੰਦਗੀ ਆਮ ਹੋਣ ਲੱਗ ਪਈ ਹੈ। ਪ੍ਰਸ਼ਾਸਨ ਵੱਲੋਂ ਦੁਕਾਨਾਂ ਅਤੇ ਸਨਅਤੀ ਅਦਾਰੇ ਖੋਲ੍ਹਣ ਦੇ ਆਦੇਸ਼ਾਂ ਨਾਲ ਇਹਤਿਆਤ ਵਰਤਦੇ ਹੋਏ ਇਨ੍ਹਾਂ ਦਾ ਰੋਸਟਰ ਵਾਰ ਖੁੱਲ੍ਹਣਾ ਯਕੀਨੀ ਬਣਾਇਆ ਜਾ ਰਿਹਾ ਹੈ।
ਸਰਕਾਰ ਵੱਲੋਂ ਤਹਿਸੀਲਾਂ ’ਚ ਵਸੀਕੇ ਰਜਿਸਟਰ ਕਰਨ ਦੀ ਆਗਿਆ ਦਿੱਤੇ ਜਾਣ ਬਾਅਦ ਸੁੰਨੀਆਂ ਪਈਆਂ ਤਹਿਸੀਲਾਂ ’ਚ ਜ਼ਿੰਦਗੀ ਫ਼ਿਰ ਤੋਂ ਧੜਕਣ ਲੱਗ ਪਈ ਹੈ।

ਨਵਾਂਸ਼ਹਿਰ ਦੇ ਤਹਿਸੀਲਦਾਰ ਕੁਲਵੰਤ ਸਿੰਘ ਸਿੱਧੂ ਅਨੁਸਾਰ ਕਲ੍ਹ ਲੋਕਾਂ ਦੀ ਆਮਦ ਭਾਵੇਂ ਥੋੜ੍ਹੀ ਸੀ ਪਰੰਤੂ ਅੱਜ 10 ਵਸੀਕਿਆਂ ਸਮੇਤ 13 ਦਸਤਾਵੇਜ਼ ਰਜਿਸਟਰ ਕੀਤੇ ਜਾ ਚੁੱਕੇ ਹਨ। ਬਲਾਚੌਰ ਦੇ ਤਹਿਸੀਲਦਾਰ ਚੇਤਨ ਬੰਗੜ ਅਨੁਸਾਰ ਅੱਜ 6 ਵਸੀਕੇ ਰਜਿਸਟਰ ਕੀਤੇ ਗਏ ਹਨ। ਬੰਗਾ ਦੇ ਤਹਿਸੀਲਦਾਰ ਅਜੀਤਪਾਲ ਸਿੰਘ ਅਨੁਸਾਰ ਉਨ੍ਹਾਂ ਕੋਲ ਅੱਜ ਤਿੰਨ ਵਸੀਕੇ ਰਜਿਸਟਰ ਹੋਏ। ਕੋਰੋਨਾ ਕਾਰਨ ਬਣੇ ਸਹਿਮ ਦੇ ਮਾਹੌਲ ਕਾਰਨ ਲੋਕ ਹੌਲੀ ਹੌਲੀ ਬਾਹਰ ਨਿਕਲਣ ਲੱਗੇ ਹਨ।
ਜ਼ਿਲ੍ਹੇ ’ਚ ਸਥਿਤ 17 ਸੇਵਾ ਕੇਂਦਰਾਂ ’ਚੋਂ ਸ਼ਹਿਰੀ ਕੇਂਦਰਾਂ ਨੇ ਬੀਤੀ 11 ਮਈ ਤੋਂ ਅਤੇ ਪੇਂਡੂ ਕੇਂਦਰਾਂ ਨੇ 17 ਮਈ ਤੋਂ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਰਡੋਵੇਜ਼ ਨਵਾਂਸ਼ਹਿਰ ਦੇ ਜੀ ਐਮ ਹਰਿੰਦਰ ਸਿੰਘ ਉੱਪਲ ਨੇ ਦੱਸਿਆ ਕਿ ਸਰਕਾਰ ਦੇ ਪੁਆਇੰਟ ਟੂ ਪੁਆਇੰਟ ਬਸ ਸੇਵਾ ਚਲਾਉਣ ਦੇ ਆਦੇਸ਼ਾਂ ਦੇ ਮੱਦੇਨਜ਼ਰ ਅੱਜ ਲੁਧਿਆਣਾ ਲਈ ਤਿੰਨ ਅਤੇ ਜਲੰਧਰ ਲਈ ਇੱਕ ਬੱਸ ਚਲਾਈ ਗਈ, ਜਿਸ ’ਚ 50 ਫ਼ੀਸਦੀ ਸਵਾਰੀਆਂ ਤੋਂ ਵੱਧ ਨਾ ਹੋਣ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ’ਤੇ ਹੈਂਡ ਸੈਨੇਟਾਈਜ਼ਰ ਅਤੇ ਬੁਖਾਰ ਚੈਕ ਕਰਨ ਲਈ ਥਰਮਲ ਥਰਮੋਮੀਟਰ ਦਾ ਪ੍ਰਬੰਧ ਕੀਤਾ ਗਿਆ ਹੈ। ਸ਼ਹਿਰ ਦੇ ਬਾਜ਼ਾਰਾਂ ’ਚ ਲੋਕ ਹੁਣ ਜ਼ਰੂਰੀ ਵਸਤਾਂ ਤੋਂ ਅੱਗੇ ਹੋਰ ਲੋੜੀਂਦਾ ਸਮਾਨ ਜਿਵੇਂ ਕੱਪੜੇ, ਜੁੱਤੀਆਂ, ਮਕਾਨ ਉਸਾਰੀ ਨਾਲ ਸਬੰਧਤ ਮੈਟੀਰੀਅਲ ਖਰੀਦਣ ਲਈ ਆਉਣ-ਜਾਣ ਕਰਨ ਲੱਗੇ ਹਨ। ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਦਾ ਕਹਿਣਾ ਹੈ ਕਿ ਦੋ ਮਹੀਨੇ ਦੇ ਕਰਫ਼ਊ/ਲਾਕਡਾਊਨ ਤੋਂ ਬਾਅਦ ਜ਼ਿੰਦਗੀ ਨੂੰ ਆਮ ਹੋਣ ’ਚ ਸਮਾਂ ਲੱਗਦਾ ਹੈ ਪਰ ਜ਼ਿਲ੍ਹੇ ’ਚ ਲੋਕਾਂ ਵੱਲੋਂ ਕਰਫ਼ਿਊ ਦੌਰਾਨ ਵੀ ਅਤੇ ਹੁਣ ਛੋਟਾਂ ਦੌਰਾਨ ਵੀ ਦਿਖਾਈ ਜਾ ਰਹੀ ਸੰਜੀਦਗੀ ਅਤੇ ਬਿਮਾਰੀ ਪ੍ਰਤੀ ਗੰਭੀਰਤਾ ਸ਼ਲਾਘਾਯੋਗ ਹੈ।

Share This :

Leave a Reply