ਕੋਰੋਨਾਵਾਇਰਸ ਸਬੰਧੀ ਸੋਸ਼ਲ ਮੀਡੀਆ ’ਤੇ ਅਫ਼ਵਾਹ ਫੈਲਾਉਣ ਵਾਲੇ ਵਿਅਕਤੀ ’ਤੇ ਪਰਚਾ ਦਰਜ

ਸੰਗਰੂਰ (ਅਜੈਬ ਸਿੰਘ ਮੋਰਾਂਵਾਲੀ ) ਬੀਤੇ ਦਿਨੀਂ ਸੰਗਰੂਰ ਜ਼ਿਲੇ ’ਚ ਕੋਰੋਨਾਵਾਇਰਸ ਤੋਂ ਪਾਜਿਟਿਵ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ਼ ਸੋਸ਼ਲ ਮੀਡੀਆ ’ਤੇ ਝੂਠੀਆਂ ਅਫ਼ਵਾਹਾਂ ਫੈਲਾਉਣ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਜ਼ਿਲਾ ਮੈਜਿਸਟਰੇਟ ਸ਼੍ਰੀ ਘਨਸ਼ਿਆਮ ਥੋਰੀ ਨੇ ਜ਼ਿਲਾ ਪੁਲਿਸ ਮੁਖੀ ਨੂੰ ਅਜਿਹੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਉਣ ਲਈ ਕਿਹਾ ਹੈ। ਜ਼ਿਲਾ ਮੈਜਿਸਟਰੇਟ ਤੋਂ ਮਿਲੀਆਂ ਹਦਾਇਤਾਂ ਤੋਂ ਬਾਅਦ ਸੰਗਰੂਰ ਪੁਲਿਸ ਵੱਲੋਂ ਨਾਗਰੀ ਪਿੰਡ ਦੇ ਰਹਿਣ ਵਾਲੇ ਜਗਤਾਰ ਬਾਵਾ ਪੱਤਰਕਾਰ ਵਿਰੁੱਧ ਫੇਸਬੁੱਕ ’ਤੇ ਕੋਰੋਨਾਵਾਇਰਸ ਨੂੰ ਲੈ ਕੇ ਝੂਠੀਆਂ ਅਫ਼ਵਾਹਾਂ ਫੈਲਾਉਣ ਕਰਕੇ ਪਰਚਾ ਦਰਜ ਕੀਤਾ ਹੈ।


ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ ਕੱਲ ਜਗਤਾਰ ਬਾਵਾ ਪੱਤਰਕਾਰ ਵੱਲੋਂ ਆਪਣੇ ਫੇਸਬੁੱਕ ਪੇਜ ’ਤੇ ਸੰਗਰੂਰ ’ਚ ਕਿਸੇ ਸਬਜੀ ਵੇਚਣ ਵਾਲੇ ਦੇ ਪਾਜਿਟਿਵ ਆਉਣ ਸਬੰਧੀ ਝੂਠੀ ਜਾਣਕਾਰੀ ਵਾਲੀ ਪੋਸਟ ਪਾਈ ਸੀ। ਉਨਾਂ ਕਿਹਾ ਕਿ ਸੰਗਰੂਰ ਪੁਲਿਸ ਵੱਲੋਂ ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਭਾਰਤੀ ਦੰਡਾਵਲੀ ਦੀ ਧਾਰਾ 188 ਤੇ 505 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 54 ਅਤੇ ਐਪੀਡੇਮਿਕ ਡਿਜ਼ੀਸਜ਼ ਐਕਟ 1897 ਦੀ ਧਾਰਾ 3 ਦੇ ਤਹਿਤ ਥਾਣਾ ਛਾਜਲੀ ਵਿਖੇ ਮਾਮਲਾ ਦਰਜ ਕਰ ਲਿਆ ਹੈ।
ਐਸ.ਐਸ.ਪੀ. ਨੇ ਹੋਰਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ਖ਼ਾਸਕਰਕੇ ਵੱਟਸਐਪ ਜਾਂ ਫੇਸਬੁੱਕ ’ਤੇ ਆਉਣ ਵਾਲੀ ਕਿਸੇ ਵੀ ਅਣਅਧਿਕਾਰਤ ਜਾਣਕਾਰੀ ’ਤੇ ਯਕੀਨ ਨਾ ਕੀਤਾ ਜਾਵੇ। ਉਨਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਬਣਾਏ ਗਏ ਪੇਜਾਂ ’ਤੇ ਪਾਈ ਜਾਣਕਾਰੀ ਨੂੰ ਹੀ ਸਹੀ ਮੰਨਿਆ ਜਾਵੇ। ਉਨਾਂ ਕਿਹਾ ਕਿ ਕਿਸੇ ਵੀ ਜਾਣਕਾਰੀ ਨੂੰ ਅੱਗੇ ਭੇਜਣ ਜਾਂ ਫਾਰਵਰਡ ਕਰਨ ਤੋਂ ਪਹਿਲਾਂ ਇਹ ਜ਼ਰੂਰ ਯਕੀਨੀ ਬਣਾਇਆ ਜਾਵੇ ਕਿ ਇਹ ਜਾਣਕਾਰੀ ਪੂਰੀ ਤਰਾਂ ਸਹੀ ਹੈ ਜਾਂ ਨਹੀਂ। ਉਨਾਂ ਦੱਸਿਆ ਕਿ ਬਿਨਾਂ ਜਾਂਚ ਕੀਤਿਆਂ ਸੋਸ਼ਲ ਮੀਡੀਆ ’ਤੇ ਗਲਤ ਜਾਣਕਾਰੀ ਪਾਉਣ ਵਾਲੇ ਵਿਅਕਤੀ ਵਿਰੁੱਧ ਭਵਿੱਖ ’ਚ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Share This :

Leave a Reply