ਉਪ ਰਾਸ਼ਟਰਪਤੀ ਦੀ ਬੁਲਾਰਨ ਵੀ ਕੋਰੋਨਾ ਪੀੜਤ ਨਿਕਲੀ।
ਅਮਰੀਕਾ ਦੀ ਖੁਫ਼ੀਆ ਸੇਵਾ ਦੇ 11 ਮੁਲਾਜ਼ਮਾਂ ਨੂੰ ਕੋਰੋਨਾ,60 ਨੂੰ ਏਕਾਂਤਵਾਸ ਵਿਚ ਭੇਜਿਆ
ਦੂਸਰੀ ਵਾਰ ਵੀ ਟਰੰਪ ਦਾ ਟੈਸਟ ਨੈਗੇਟਿਵ ਆਇਆ।
ਵਾਸ਼ਿੰਗਟਨ (ਹੁਸਨ ਲੜੋਆ ਬੰਗਾ)– ਅਮਰੀਕਾ ਵਿਚ ਕੋਰੋਨਾ ਮਹਾਮਾਰੀ ਨਾਲ ਪਿਛਲੇ 24 ਘੰਟਿਆਂ ਦੌਰਾਨ 1409 ਵਿਅਕਤੀ ਮੌਤ ਦੇ ਮੂੰਹ ਵਿਚ ਜਾ ਪਏ ਹਨ ਤੇ ਮੌਤਾਂ ਦੀ ਕੁਲ ਗਿਣਤੀ 78616 ਹੋ ਗਈ ਹੈ। ਨਵੇਂ ਮਰੀਜ਼ਾਂ ਦੇ ਆਉਣ ਦੀ ਰਫ਼ਤਾਰ ਵੀ ਪਹਿਲਾਂ ਵਾਂਗ ਜਾਰੀ ਹੈ ਤੇ 29531 ਨਵੇਂ ਮਰੀਜ਼ ਹਸਪਤਾਲਾਂ ਵਿਚ ਪੁੱਜੇ ਹਨ। ਕੋਰੋਨਾਪੀੜਤ ਅਮਰੀਕਨਾਂ ਦੀ ਕੁਲ ਗਿਣਤੀ 13,22,154 ਹੋ ਗਈ ਹੈ। ਇਸੇ ਦੌਰਾਨ ਕੋਰੋਨਾਵਾਇਰਸ ਵਾਈਟ ਹਾਊਸ ਦੇ ਅੰਦਰੂਨੀ ਘੇਰੇ ਵਿਚ ਵੀ ਪੁੱਜ ਗਿਆ ਹੈ।
ਬੀਤੇ ਦਿਨ ਰਾਸ਼ਟਰਪਤੀ ਦੇ ਇਕ ਨਿੱਜੀ ਮੁਲਾਜ਼ਮ ਦੇ ਕੋਰੋਨਾ ਪੀੜਤ ਹੋਣ ਉਪਰੰਤ ਉਪ ਰਾਸ਼ਟਰਪਤੀ ਦੀ ਸਪੋਕਸਵੋਮੈਨ ਕੋਰੋਨਾ ਪੀੜਤ ਨਿਕਲੀ ਹੈ। ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਸਮੇਤ ਅਹਿਮ ਵਿਅਕਤੀਆਂ ਨੂੰ ਸੁਰੱਖਿਆ ਘੇਰਾ ਦੇਣ ਵਾਲੀ ਅਮਰੀਕਾ ਦੀ ਖੁਫ਼ੀਆ ਸੇਵਾ ਦੇ 11 ਮੁਲਾਜ਼ਮ ਵੀ ਕੋਰੋਨਾ ਤੋਂ ਪੀੜਤ ਨਿਕਲੇ ਹਨ। ਇਸ ਨਾਲ ਵਾਈਟ ਹਾਊਸ ਵਿਚ ਸਹਿਮ ਦਾ ਮਾਹੌਲ ਬਣ ਗਿਆ ਹੈ ਤੇ ਕੋਈ ਵੀ ਇਕ ਦੂਸਰੇ ਨਾਲ ਗੱਲ ਕਰਨ ਤੋਂ ਟਾਲਾ ਵਟ ਰਿਹਾ ਹੈ।
ਖੁਫ਼ੀਆ ਸੇਵਾ ਦੇ 11 ਮੁਲਾਜ਼ਮ ਕੋਰੋਨਾ ਤੋਂ ਪੀੜਤ-
ਅਮਰੀਕਾ ਦੀ ਖੁਫ਼ੀਆ ਸੇਵਾ ਦੇ ਘਟੋ ਘੱਟ 11 ਮੁਲਾਜ਼ਮ ਕੋਰੋਨਾ ਨਾਲ ਪੀੜਤ ਨਿਕਲੇ ਹਨ ਜਦ ਕਿ 60 ਹੋਰਨਾਂ ਨੂੰ ਏਕਾਂਤਵਾਸ ਵਿਚ ਭੇਜ ਦਿੱਤਾ ਗਿਆ ਹੈ। ਇਹ ਪ੍ਰਗਟਾਵਾ ਇਸ ਮਸਲੇ ਨਾਲ ਜੁੜੇ ਇਕ ਵਿਅਕਤੀ ਨੇ ਕੀਤਾ ਹੈ। ਇਹ ਵਿਅਕਤੀ ਜੋ ਜਨਤਿਕ ਤੌਰ ‘ਤੇ ਬਿਆਨਜਾਰੀ ਕਰਨ ਲਈ ਅਧਿਕਾਰਤ ਨਹੀਂ ਹੈ, ਨੇ ਇਹ ਦੱਸਣ ਤੋਂ ਨਾਂਹ ਕਰ ਦਿੱਤੀ ਕਿ ਖੁਫ਼ੀਆ ਸੇਵਾ ਦੇ ਪੀੜਤ ਏਜੰਟ ਕਿੰਨੇ ਹੋਰ ਆਮ ਨਾਗਰਿਕਾਂ ਦੇ ਸੰਪਰਕ ਵਿਚ ਸਨ। ਬਿਮਾਰ ਮੁਲਾਜ਼ਮਾਂ ਨੂੰ ਕਿਥੇ ਰੱਖਿਆ ਗਿਆ ਹੈ ਇਸ ਬਾਰੇ ਵੀ ਪਤਾ ਨਹੀਂ ਲੱਗ ਸਕਿਆ। ਇਹ ਖੁਫ਼ੀਆ ਸੇਵਾ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਉਨਾਂ ਦੇ ਪਰਿਵਾਰਾਂ ਤੇ ਬਾਹਰਲੇ ਦੇਸ਼ਾਂ ਦੇ ਮੁੱਖੀਆਂ ਨੂੰ ਅਮਰੀਕਾ ਆਉਣ ‘ਤੇ ਰਖਿਆ ਪ੍ਰਦਾਨ ਕਰਦੀ ਹਨ। ਇਸ ਸੇਵਾ ਦੇ 3000 ਏਜੰਟਾਂ ਸਮੇਤ 7600 ਮੁਲਾਜ਼ਮ ਹਨ। ਸਭ ਤੋਂ ਪਹਿਲਾਂ ਯਾਹੂ ਨਿਊਜ਼ ਨੇ ਖੁਲਾਸਾ ਕੀਤਾ ਸੀ ਕਿ ਕੋਰੋਨਾਵਾਇਰਸ ਮਹਾਮਾਰੀ ਵਾਇਟ ਹਾਊਸ ਦੇ ਅੰਦਰੂਨੀ ਦਾਇਰੇ ਵਿਚ ਪੁੱਜ ਗਈ ਹੈ। ਬੀਤੇ ਦਿਨ ਵਾਈਟ ਹਾਊਸ ਨੇ ਦੱਸਿਆ ਸੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਕ ਨਿੱਜੀ ਸੇਵਾਦਾਰ ਦਾ ਟੈਸਟ ਪੌਜ਼ਟਿਵ ਆਇਆ ਹੈ। ਰਾਸ਼ਟਰਪਤੀ ਟਰੰਪ ਦੇ ਹਾਲ ਹੀ ਵਿਚ ਦੋ ਟੈਸਟ ਕੀਤੇ ਗਏ ਹਨ ਜੋ ਨੈਗੇਟਿਵ ਆਏ ਹਨ।
ਉਪ ਰਾਸ਼ਟਰਪਤੀ ਦੀ ਬੁਲਾਰਨ ਵੀ ਪੀੜਤ-
ਉਪ ਰਾਸ਼ਟਰਪਤੀ ਮਾਈਕ ਪੈਂਸ ਦੀ ਸੋਪਕਸਵੋਮੈਨ ਕੇਟੀ ਮਿਲਰ ਵੀ ਕੋਰੋਨਾ ਪੀੜਤ ਪਾਈ ਗਈ ਹੈ। ਸ਼ੁਰੂ ਵਿਚ ਕੇਵਲ ਏਨਾ ਹੀ ਦੱਸਿਆ ਗਿਆ ਸੀ ਕਿ ਉਪ ਰਾਸ਼ਟਰਪਤੀ ਦੇ ਇਕ ਸਟਾਫ਼ ਮੈਂਬਰ ਦਾ ਟੈਸਟ ਪੌਜ਼ੇਟਿਵ ਆਇਆ ਹੈ ਪਰ ਦੇਰ ਸ਼ਾਮ ਪਤਾ ਲੱਗਾ ਕਿ ਇਹ ਕੇਟੀ ਮਿਲਰ ਹੈ। ਕੇਟੀ ਮਿਲਰ ਰਾਸ਼ਟਰਪਤੀ ਟਰੰਪ ਦੇ ਚੋਟੀ ਦੇ ਅਧਿਕਾਰੀ ਸਟੀਫਨ ਮਿਲਰ ਦੀ ਪਤਨੀ ਹੈ। ਇਸ ਨਾਲ ਵਾਈਟ ਹਾਊਸ ਦੀ ਚਿੰਤਾ ਵਿਚ ਹੋਰ ਵਾਧਾ ਹੋ ਗਿਆ ਹੈ। ਕੇਟੀ ਮਿਲਰ ਨੇ ਹਾਲ ਵਿਚ ਟਰੰਪ ਵੱਲੋਂ ਆਯੋਜਿਤ ਪ੍ਰਾਰਥਨਾ ਸਭਾ ਵਿਚ ਹਿੱਸਾ ਲਿਆ ਸੀ ਜਿਸ ਵਿਚ ਰਾਸ਼ਟਰਪਤੀ ਤੋਂ ਇਲਾਵਾ ਉਨਾਂ ਦੀਆਂ ਪਤਨੀਆਂ, ਉਪ ਰਾਸ਼ਟਰਪਤੀ ਤੇ ਹੋਰ ਸਟਾਫ਼ ਮੈਂਬਰਾਂ ਸਮੇਤ ਅਨੇਕਾਂ ਵਿਅਕਤੀਆਂ ਨੇ ਹਿੱਸਾ ਲਿਆ ਸੀ। ਕੇਟੀ ਮਿਲਰ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਉਪਰੰਤ ਉਪ ਰਾਸ਼ਟਰਪਤੀ ਦਾ ਡੇਸ ਮੋਇਨਸ ਲੋਵਾ ਦਾ ਦੌਰਾ ਰੱਦ ਕਰਨਾ ਪਿਆ ਹੈ। 6 ਅਧਿਕਾਰੀ ਜਿਨਾਂ ਨੇ ਉਪ ਰਾਸ਼ਟਰਪਤੀ ਨਾਲ ਜਾਣਾ ਸੀ, ਕੇਟੀ ਮਿਲਰ ਦੇ ਸੰਪਰਕ ਵਿਚ ਰਹੇ ਹਨ।