ਟਰੰਪ ਵਲੋਂ ਸਾਬਕਾ ਰਾਸ਼ਟਰਪਤੀ ਬੁੱਸ਼ ਦੀ ਅਲੋਚਨਾ
ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਮੌਤਾਂ 68598 ਹੋਈਆਂ, ਪੁਲਿਸ ਵੱਲੋਂ ਪਾਬੰਦੀਆਂ ਦੀ ਪਾਲਣਾ ਕਰਵਾਉਣ ਲਈ ਡਰੋਨ ਦੀ ਵਰਤੋਂ।
ਵਾਸ਼ਿੰਗਟਨ 4 ਮਈ (ਹੁਸਨ ਲੜੋਆ ਬੰਗਾ)– ਅਮਰੀਕਾ ਵਿਚ ਕੋਰੋਨਾ ਮਹਾਮਾਰੀ ਤੋਂ ਨਿਜ਼ਾਤ ਪਾਉਣ ਲਈ ਲੜੀ ਜਾ ਰਹੀ ‘ਜੰਗ’ ਦੇ ਦਰਮਿਆਨ ਰਾਸ਼ਟਰਪਤੀ ਡੋਨਾਲਡ ਟਰੰਪ ਹਮੇਸ਼ਾਂ ਦੀ ਤਰਾਂ ਸੁਰਖੀਆਂ ਵਿਚ ਬਣੇ ਰਹਿਣ ਲਈ ਅਸਧਾਰਨ ਬਿਆਨਬਾਜੀ ਕਰਦੇ ਰਹਿੰਦੇ ਹਨ। ਹੁਣ ਉਨਾਂ ਨੇ ਕੋਰੋਨਾਵਾਇਰਸ ਨਾਲ ਮੌਤਾਂ ਦਾ ਪਹਿਲਾਂ ਲਾਇਆ ਅਨੁਮਾਨ ਬਦਲਦਿਆਂ ਕਿਹਾ ਹੈ ਕਿ 80000 ਤੋਂ 90000 ਤੱਕ ਅਮਰੀਕੀ ਮਰ ਸਕਦੇ ਹਨ। ਉਨਾਂ ਕਿਹਾ ਕਿ ਪਹਿਲਾਂ ਮੈਂ 65000 ਮੌਤਾਂ ਦੀ ਗੱਲ ਕਰਦਾ ਸੀ ਪਰ ਹੁਣ ਮੈ 80 ਤੋਂ 90 ਹਜਾਰ ਮੌਤਾਂ ਹੋਣ ਦੀ ਗੱਲ ਕਹਿ ਰਿਹਾ ਹਾਂ। ਜੇਕਰ ਮੌਤਾਂ ਦਾ ਅੰਕੜਾ 90 ਹਜਾਰ ਤੋਂ ਨਹੀਂ ਵਧਦਾ ਤਾਂ ਇਸ ਸਾਡੀ ਸਫਲਤਾ ਹੋਵੇਗੀ।
ਉਨਾਂ ਨੇ ਸਬਕਾ ਰਾਸ਼ਟਰਪਤੀ ਜਾਰਜ ਡਬਲਊ ਬੁੱਸ਼ ਵੱਲੋਂ ਕੋਰੋਨਾਵਾਇਰਸ ਵਿਰੁੱਧ ਲੋਕਾਂ ਨੂੰ ਸੰਦੇਸ਼ ਦੇਣ ਲਈ ਜਾਰੀ ਵੀਡੀਓ ਦੀ ਵੀ ਅਲੋਚਨਾ ਕੀਤੀ ਹੈ ਤੇ ਬੁੱਸ਼ ਨੂੰ ਤਾਨਾ ਮਾਰਿਆ ਹੈ ਕਿ ਮਹਾਦੋਸ਼ ਵੇਲੇ ਉਹ ਕਿਥੇ ਸਨ। ਉਧਰ ਦੇਸ਼ ਵਿਚ ਕੋਰੋਨਾਵਾਇਰਸ ਨਾਲ ਮੌਤਾਂ ਦਾ ਸਿਲਸਲਾ ਰੁਕ ਨਹੀਂ ਰਿਹਾ। ਜੌਹਨ ਹੋਪਕਿਨਜ ਯੁਨੀਵਰਸਿਟੀ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 1450 ਹੋਰ ਅਮਰੀਕੀ ਮੌਤ ਦੇ ਮੂੰਹ ਵਿਚ ਜਾ ਪਏ ਹਨ ਤੇ ਕੁਲ ਮੌਤਾਂ 68598 ਹੋ ਗਈਆਂ ਹਨ। 28000 ਤੋਂ ਵਧ ਨਵੇਂ ਮਰੀਜ਼ ਹਸਪਤਾਲਾਂ ਵਿਚ ਪਹੁੰਚੇ ਹਨ ਤੇ ਪੀੜਤ ਮਰੀਜ਼ਾਂ ਦੀ ਗਿਣਤੀ 11,88,122 ਹੋ ਗਈ ਹੈ।
ਟਰੰਪ ਵੱਲੋਂ ਬੁੱਸ਼ ਦੀ ਅਲੋਚਨਾ:
ਸਾਬਕਾ ਰਸ਼ਟਰਪਤੀ ਜਾਰਜ ਡਬਲਊ ਬੁੱਸ਼ ਵੱਲੋਂ ਜਾਰੀ ਇਕ ਵੀਡੀਓ ਜਿਸ ਵਿਚ ਉਨਾਂ ਵੱਲੋਂ ਅਮਰੀਕੀਆਂ ਨੂੰ ਕੋਰੋਨਾ ਮਹਾਮਾਰੀ ਵਿਰੁੱਧ ਡਟਣ ਦਾ ਸੱਦਾ ਦਿੱਤਾ ਗਿਆ ਹੈ, ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰਾਸ ਨਹੀਂ ਆਈ। ਇਸ ਵੀਡੀਓ ਵਿਚ ਬੁੱਸ਼ ਨੇ ਟਰੰਪ ਦਾ ਜ਼ਿਕਰ ਨਹੀਂ ਕੀਤਾ। ਟਰੰਪ ਨੇ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਉਸ ਵੇਲੇ ਕਿਥੇ ਸਨ ਜਦੋਂ ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਮਜ਼ਾਕ ਹੋ ਰਿਹਾ ਸੀ। ਟਰੰਪ ਦਾ ਇਸ਼ਾਰਾ ਮਹਾਦੋਸ਼ ਦੀ ਜਾਂਚ ਤੇ ਸੁਣਵਾਈ ਦੌਰਾਨ ਸਾਬਕਾ ਰਾਸ਼ਟਰਪਤੀ ਵੱਲੋਂ ਧਾਰੀ ਚੁੱਪ ਵਲ ਸੀ। ਟਰੰਪ ਨੇ ਟਵੀਟ ਵਿਚ ਕਿਹਾ ਹੈ ਕਿ ਮੈ ਬੁੱਸ਼ ਦੀ ਵੀਡੀਓ ਦੀ ਪ੍ਰਸੰਸਾ ਕਰਦਾ ਹਾਂ ਪਰ ਮਹਾਦੋਸ਼ ਦੌਰਾਨ ਉਹ ਕਿਥੇ ਸਨ। ਬੁੱਸ਼ ਨੇ ਵੀਡੀਓ ਵਿਚ ਸਿਹਤ ਸੰਭਾਲ ਵਰਕਰਾਂ ਤੇ ਅਮਰੀਕੀਆਂ ਦੀ ਪ੍ਰਸੰਸਾ ਕੀਤੀ ਹੈ। ਉਨਾਂ ਕਿਹਾ ਹੈ ਕਿ ਅਸੀਂ ਮਨੁੱਖ ਹਾਂ, ਅਸੀਂ ਇਕੱਠੇ ਮਰਾਂਗੇ ਤੇ ਜੀਵਾਂਗੇ ਤੇ ਅਸੀਂ ਜੀਣ ਲਈ ਦ੍ਰਿੜ ਸੰਕਲਪ ਹਾਂ ਤੇ ਅਸੀਂ ਜਰੂਰ ਉਭਰਾਂਗੇ।
ਪੁਲਿਸ ਵੱਲੋਂ ਡਰੋਨ ਦੀ ਵਰਤੋਂ-
” ਇਹ ਡਿਟੋਨਾ ਬੀਚ ਪੁਲਿਸ ਵਿਭਾਗ ਹੈ, ਹੋਈ ਅਸੁਵਿਧਾ ਲਈ ਮੁਆਫ਼ੀ ਚਹੁੰਦੇ ਹਾਂ ਪਰੰਤੂ ਕੋਵਿਡ-19 ਕਾਰਨ ਇਹ ਪਾਰਕ ਇਸ ਸਮੇਂ ਬੰਦ ਕੀਤਾ ਹੋਇਆ ਹੈ।” ਇਹ ਆਵਾਜ਼ ਡਰੋਨ ਉਪਰ ਲਾਏ ਸਪੀਕਰ ਵਿਚੋਂ ਆਉਂਦੀ ਹੈ ਜਿਸ ਦੀ ਵਰਤੋਂ ਪੁਲਿਸ ਵੱਲੋਂ ਲੋਕਾਂ ਨੂੰ ਘਰਾਂ ਰਹਿਣ ਲਈ ਸੰਦੇਸ਼ ਦੇਣ ਵਾਸਤੇ ਕੀਤੀ ਜਾ ਰਹੀ ਹੈ। ਇਹੋ ਜਿਹੇ ਕਈ ਡਰੋਨ ਲੋਕਾਂ ਦੀਆਂ ਗਤੀਵਿਧੀਆਂ ਉਪਰ ਨਜਰ ਰਖਣ ਲਈ ਘੁੰਮਦੇ ਵੇਖੇ ਸਕਦੇ ਹਨ। ਇਨਾਂ ਡਰੋਨਾਂ ਰਾਹੀਂ ਲੋਕਾਂ ਨੂੰ ਸੋਸ਼ਲ ਡਿਸਟੈਂਸ ਰਖਣ ਲਈ ਕਿਹਾ ਜਾ ਰਿਹਾ ਹੈ। ਡਿਟੋਨਾ ਬੀਚ ਫਲੋਰੀਡਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਡਰੋਨ ਦੀ ਵਰਤੋਂ ਬਚਾਅ ਕਾਰਵਾਈਆਂ ਦੌਰਾਨ ਵੀ ਕੀਤੀ ਜਾਂਦੀ ਹੈ ਜਿਵੇਂ ਕਿ ਡੁੱਬ ਰਹੇ ਵਿਅਕਤੀ ਨੂੰ ਬਿਨਾਂ ਉਸ ਨਾਲ ਸਰੀਰਕ ਸੰਪਰਕ ਕੀਤਿਆਂ ‘ਲਾਈਫ਼ ਪ੍ਰੀਜ਼ਰਵਰ’ ਪੁਹੰਚਾਏ ਜਾਂਦੇ ਹਨ।