ਕਰੋਨਾ ਵਾਇਰਸ ਵੈਕਸੀਨ ਲਈ ਅਮਰੀਕਾ ਵਲੋਂ ਸਵਿਟਜਰਲੈਂਡ ਨਾਲ ਸਮਝੌਤਾ
ਟਰੰਪ ਨੂੰ ਵਾਇਰਸ ਫੈਲਣ ਬਾਰੇ ਜਨਵਰੀ ਵਿਚ ਖੁਫ਼ੀਆ ਰਿਪੋਰਟਾਂ ‘ਚ ਦਿੱਤੀ ਗਈ ਸੀ ਜਾਣਕਾਰੀ
ਵਾਸ਼ਿੰਗਟਨ 3 ਮਈ (ਹੁਸਨ ਲੜੋਆ ਬੰਗਾ)– ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਨਾਲ 1668 ਮੌਤਾਂ ਹੋਣ ਦੀ ਰਿਪੋਰਟ ਹੈ ਤੇ ਮ੍ਰਿਤਕਾਂ ਦੀ ਕੁੱਲ ਗਿਣਤੀ 67444 ਹੋ ਗਈ ਹੈ। ਕੋਰੋਨਾ ਨਾਲ ਪੀੜਤ 29322 ਨਵੇਂ ਮਰੀਜ਼ ਸਾਹਮਣੇ ਆਏ ਹਨ ਤੇ ਵਾਇਰਸ ਨਾਲ ਪੀੜਤ ਅਮਰੀਕੀਆਂ ਦੀ ਕੁਲ ਗਿਣਤੀ 11,60,774 ਹੋ ਗਈ ਹੈ। ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵਧਕੇ 72% ਹੋ ਗਈ ਹੈ। ਕੁਲ 2,41,169 ਮਾਮਲਿਆਂ ਵਿਚੋਂ 1,73,725 ਅਮਰੀਕੀ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ। ਇਸੇ ਦੌਰਾਨ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕੋਰੋਨਾਵਾਇਰਸ ਦੇ ਫੈਲਣ ਸਬੰਧੀ ਜਨਵਰੀ ਵਿਚ ਖੁਫ਼ੀਆ ਜਾਣਕਾਰੀ ਮਿਲ ਗਈ ਸੀ। ਵਾਈਟ ਹਾਊਸ ਦੇ ਇਕ ਅਧਿਕਾਰੀ ਅਨੁਸਾਰ ਜਨਵਰੀ ਵਿਚ ਦੋ ਵਾਰ 23 ਤੇ 28 ਜਨਵਰੀ ਨੂੰ ਟਰੰਪ ਨੂੰ ਖੁਫ਼ੀਆ ਜਾਣਕਾਰੀ ਦਿੱਤੀ ਗਈ ਸੀ। ਪਹਿਲੀ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਕੋਰੋਨਾਵਾਇਰਸ ਵਿਚ ਵਿਸ਼ਵ ਭਰ ‘ਚ ਫੈਲਣ ਦੀ ਸਮਰੱਥਾ ਹੈ। ਇਹ ਚਿਤਾਵਨੀ ਅਮਰੀਕਾ ਵਿਚ ਪਹਿਲਾ ਮਾਮਲਾ ਸਾਹਮਣੇ ਆਉਣ ਉਪਰੰਤ ਦਿੱਤੀ ਗਈ ਸੀ। ਪਰੰਤੂ ਇਸ ਦੇ ਨਾਲ ਹੀ ਰਾਸ਼ਟਰਪਤੀ ਨੂੰ ਇਹ ਵੀ ਦਸਿਆ ਗਿਆ ਸੀ ਕਿ ਇਹ ਵਾਇਰਸ ਜਿਆਦਾ ਖਤਰਨਾਕ ਨਹੀਂ ਹੈ। ਇਸ ਤੋਂ 5 ਦਿਨਾਂ ਬਾਅਦ ਰਾਸ਼ਟਰਪਤੀ ਨੂੰ ਦਸਿਆ ਗਿਆ ਕਿ ਵਾਇਰਸ ਚੀਨ ਤੋਂ ਬਾਹਰ ਫੈਲ ਰਿਹਾ ਹੈ ਪਰੰਤੂ ਮੌਤਾਂ ਚੀਨ ਵਿਚ ਹੀ ਹੋ ਰਹੀਆਂ ਹਨ ਤੇ ਚੀਨ ਹੋ ਰਹੀਆਂ ਮੌਤਾਂ ਨੂੰ ਛੁਪਾ ਰਿਹਾ ਹੈ।
ਮਰੀਜ਼ਾਂ ਦੀ ਗਿਣਤੀ ਵਧਣ ਦੀ ਸੰਭਾਵਨਾ-
ਕੋਵਿਡ-19 ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਆਉਣ ਵਾਲੇ ਦਿਨਾਂ ਦੌਰਾਨ ਅਮਰੀਕਾ ਸਮੇਤ ਪੂਰੇ ਵਿਸ਼ਵ ਵਿਚ ਵਧਣ ਦੀ ਸੰਭਾਵਨਾ ਹੈ। ਮਾਹਿਰਾਂ ਅਨੁਸਾਰ ਅਮਰੀਕਾ ਵਿਚ ਆਉਣ ਵਾਲੇ ਹਫ਼ਤਿਆਂ ਦੌਰਾਨ ਟੈਸਟਾਂ ਦੇ ਨਤੀਜੇ ਆਉਣ ਨਾਲ ਮਰੀਜ਼ਾਂ ਦੀ ਗਿਣਤੀ ਵਿਚ ਰੋਜ਼ਾਨਾ ਵਾਧਾ ਹੋਵੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਦਾ ਕੇਂਦਰ ਬਣ ਚੁੱਕੇ ਅਮਰੀਕਾ ਵਿਚ ਟੈਸਟ ਸਹੂਲਤਾਂ ਸੀਮਿਤ ਹੋਣ ਕਾਰਨ ਮਰੀਜ਼ਾਂ ਦੀ ਅਸਲ ਗਿਣਤੀ ਕਿਤੇ ਜਿਆਦਾ ਹੈ।
ਕਈ ਰਾਜਾਂ ਨੇ ਪਾਬੰਦੀਆਂ ਹਟਾਈਆਂ-
ਲੁਸਿਆਨਾ, ਕੋਲੋਰਾਡੋ, ਮੈਨੀ ਤੇ ਸਾਊਥਕੋਰੋਲੀਨਾ ਸਮੇਤ ਦਰਜ਼ਨ ਤੋਂ ਵਧ ਰਾਜਾਂ ਨੇ ਕੁਝ ਸ਼ਰਤਾਂ ਸਹਿਤ ਰੈਸਟੋਰੈਂਟ, ਸਟੋਰ ਤੇ ਹੋਰ ਕਾਰੋਬਾਰੀ ਅਦਾਰੇ ਖੋਲ ਦਿੱਤੇ ਹਨ ਤਾਂ ਜੋ ਅਰਥ ਵਿਵਸਥਾ ਨੂੰ ਮੁੜ ਪੱਟੜੀ ਉਪਰ ਲਿਆਂਦਾ ਜਾ ਸਕੇ। ਸ਼ਰਤਾਂ ਦੀ ਸਖਤੀ ਨਾਲ ਪਾਲਣਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਲੁਸਿਆਨਾ ਵਿਚ ਲੋਕ ਰੈਸਟੋਰੈਂਟਾਂ ‘ਚ ਖਾਣੇ ਦਾ ਆਨੰਦ ਲੈ ਸਕਣਗੇ ਪਰ ਇਕ ਮੇਜ਼ ਵਿਚਾਲੇ ਫਾਸਲਾ 10 ਫੁੱਟ ਦਾ ਹੋਵੇਗਾ ਤੇ ਕੋਈ ਵੇਟਰ ਨਹੀਂ ਹੋਵੇਗਾ। ਗਾਹਕ ਖੁਦ ਖਾਣਾ ਲੈ ਕੇ ਨਿਰਧਾਰਤ ਮੇਜ਼ ਉਪਰ ਬਹਿਕੇ ਖਾ ਸਕੇਗਾ। ਮੈਨੀ ਵਾਸੀਆਂ ਨੂੰ ਆਪਣੀਆਂ ਕਾਰਾਂ ਵਿਚ ਬੈਠਕੇ ਚਰਚ ਦੀ ਪ੍ਰਾਰਥਨਾ ਵਿਚ ਹਿੱਸਾ ਲੈਣ ਦੀ ਖੁਲ ਦਿੱਤੀ ਗਈ ਹੈ। ਇਥੇ ਗੋਲਫ਼ ਕੋਰਸ, ਨਾਈਆਂ ਦੀਆਂ ਦੁਕਾਨਾਂ ਤੇ ਦੰਦਾਂ ਦੇ ਡਾਕਟਰਾਂ ਦੀਆਂ ਦੁਕਾਨਾਂ ਵੀ ਖੋਲ ਦਿੱਤੀਆਂ ਗਈਆਂ ਹਨ। ਕੋਲੋਰਾਡੋ ਵਿਚ ਲੋਕ ਆਪਣੇ ਵਾਲ ਕਟਵਾ ਸਕਦੇ ਹਨ ਤੇ ਸਟੋਰਾਂ ਵਿਚ ਖ੍ਰੀਦਦਾਰੀ ਕਰ ਸਕਣਗੇ ਪਰ ਡੈਨਵਰ ਤੇ ਨਾਲ ਲੱਗਦੀਆਂ ਕਾਊਂਟੀਆਂ ਵਿਚ ‘ ਸਟੇਅ ਐਟ ਹੋਮ’ ਦੇ ਆਦੇਸ਼ ਲਾਗੂ ਰਹਿਣਗੇ। ਮਹੀਨੇ ਦੇ ਵਧ ਸਮੇਂ ਤੋਂ ਬਾਅਦ ਸਾਊਥ ਕੋਰੋਲੀਨਾ ਵਿਚ ਬੀਚਾਂ ਖੋਲ ਦਿੱਤੀਆਂ ਹਨ ਤੇ ਸਟੇਟ ਪਾਰਕਾਂ ਨੇ ਆਪਣੇ ਗੇਟ ਖੋਲ ਦਿੱਤੇ ਹਨ। ਰਾਜ ਦੀ ਮਿਰਟਲ ਬੀਚ ਜਿਥੇ ਕਿ ਸੈਲਾਨੀਆਂ ਦੀ ਸਭ ਤੋਂ ਵਧ ਭੀੜ ਹੁੰਦੀ ਹੈ, ਵਿਖੇ ਹੋਟਲਾਂ ਦੀਆਂ ਲਿਫ਼ਟਾਂ ਵਿਚ ਇਕ ਵਾਰ ਇਕ ਵਿਅਕਤੀ ਜਾਂ ਇਕ ਪਰਿਵਾਰ ਦੇ ਮੈਂਬਰ ਹੀ ਜਾ ਸਕਣਗੇ। ਇਸ ਮੌਕੇ ਕੁੱਝ ਲੋਕਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਤਰਾਂ ਲੱਗ ਰਿਹਾ ਹੈ ਜਿਵੇਂ ਉਹ ਜੇਲ ਵਿਚੋਂ ਰਿਹਾਅ ਹੋ ਕੇ ਆਏ ਹੋਣ।
ਕਰੋਨਾ ਵਾਇਰਸ ਵੈਕਸੀਨ ਲਈ ਅਮਰੀਕਾ ਵਲੋਂ ਸਵਿਟਜਰਲੈਂਡ ਨਾਲ ਸਮਝੌਤਾ:
ਵੈਕਸੀਨ ਤਿਆਰ ਕਰਨ ਵਾਲੀ ਅਮਰੀਕਾ ਦੀ ਵੱਡੀ ਕੰਪਨੀ ਮੋਡੇਰਨਾ (Biotech Moderna) ਤੇ ਸਵਿਟਜਰਲੈਂਡ ਦੀ ਲੋਂਜ਼ਾ (Lonza Biologics facility) ਕੋਰੋਨਵਾਇਰਸ ਵੈਕਸੀਨ ਦੀਆਂ ਅਰਬਾਂ ਖੁਰਾਕਾਂ ਤਿਆਰ ਕਰਨ ਦੀ ਤਿਆਰੀ ਕਰ ਰਹੀਆਂ ਹਨ। ਦੋਵੇਂ ਕੰਪਨੀਆਂ ਸ਼ੁਰੂ ਵਿਚ ਮੋਡੇਰਨਾ ਅਮਰੀਕਾ ਅਤੇ ਸਵਿਟਜ਼ਰਲੈਂਡ ਵਿਚ ਲੋਂਜ਼ਾ ਕੋਰੋਨਵਾਇਰਸ ਵੈਕਸੀਨ ਦਾ ਨਿਰਮਾਣ ਕਰਨ ਦੀ ਸਮਝੋਤਾ ਹੋਇਆ ਹੈ ਤਾਂ ਜੋ ਦੋਵਾਂ ਥਾਵਾਂ’ ਤੇ ਟੀਕਾ ਬਣਾਇਆ ਜਾ ਸਕੇ, ਦੋਨਾਂ ਕੰਪਨੀਆਂ ਵਿੱਚ 10 ਸਾਲ ਦਾ ਸਮਝੌਤਾ ਹੋਇਆ ਹੈ। ਦੋਨੋਂ ਕੰਪਨੀਆਂ ਜੁਲਾਈ 2020 ਵਿਚ ਲੋਂਜ਼ਾ ਦੀ ਅਮਰੀਕੀ ਵਿਚਲੇ ਖੋਜ ਕੇਂਦਰ ਤੋਂ ਐਮ ਆਰ ਐਨ ਏ -1273 ਨਾਂ ਦਾ ਵੈਕਸੀਨ ਪਹਿਲੇ ਬੈਚ ਚ ਤਿਆਰ ਕਰਨ ਦੀ ਉਮੀਦ ਕਰਦੀਆਂ ਹਨ। ਅਮਰੀਕਾ ਵਲੋਂ ਮੋਡੇਰਨਾ ਕੰਪਨੀ ਰਾਹੀਂ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਅਮਰੀਕਾ ਵਲੋਂ ਸਮਝੋਤਾ ਕੀਤਾ ਗਿਆ ਹੈ। ਇਸ ਸਮੇਂ ਐਮਆਰਐਨਏ -1273 ਦੇ ਪੜਾਅ 1 ਦੇ ਟਰਾਇਲ ਚੱਲ ਰਹੇ ਹਨ , ਅਤੇ ਅਮਰੀਕਾ ਦੇ ਫੂਡ ਐਂਡ ਡਰੱਗ (ਐਫ ਡੀ ਏ) ਤੋਂ ਮੰਨਜੂਰੀ ਲਈ ਬਿਨੈ ਪੱਤਰ ਸੌਂਪਿਆ ਗਿਆ ਹੈ।