ਕੋਰੋਨਾਵਾਇਰਸ ਨਾਲ ਪੀੜਤਾਂ ਦੀ ਗਿਣਤੀ 400545 ਹੋਈ, ਮੌਤਾਂ 12900

ਅਮਰੀਕਾ ਵਿਚ ਮ੍ਰਿਤਕਾਂ ‘ਚ ਪਹਿਲਾਂ ਤੋਂ ਬਿਮਾਰੀਆਂ ਨਾਲ ਪੀੜਤ ਲੋਕਾਂ ਦੀ
ਗਿਣਤੀ ਵੱਧ।

ਨਿਉਯਾਰਕ (ਹੁਸਨ ਲੜੋਆ ਬੰਗਾ)-ਅਮਰੀਕਾ ਵਿਚ ਫੈਲੇ ਕੋਰੋਨਾਵਾਇਰਸ ਨਾਲ ਪੀੜਤਾਂ ਤੇ ਮੌਤਾਂ ਦੀ ਗਿਣਤੀ ਵਿਚ ਸਥਿਰਤਾ ਆਉਣ ਦੀਆਂ ਪ੍ਰਗਟਾਈਆਂ ਸੰਭਾਵਨਾਵਾਂ ਦੇ ਦਰਮਿਆਨ ਮੌਤਾਂ ਦੀ ਗਿਣਤੀ ਤੇ ਪ੍ਰਭਾਵਿਤ ਲੋਕਾਂ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ 1900 ਤੋਂ ਵਧ ਲੋਕ ਮੌਤ ਦੇ ਮੂੰਹ ਵਿਚ ਜਾ ਪਏ ਹਨ ਤੇ ਕੁਲ ਮੌਤਾਂ  12900 ਹੋ ਗਈਆਂ ਹਨ ਜਦ ਕਿ ਬਿਮਾਰੀ ਨਾਲ ਪੀੜਤ ਲੋਕਾਂ ਦੀ ਗਿਣਤੀ ਤਕਰੀਬਨ 400545 ਹੋ ਗਈ ਹੈ। ਇਕੱਲੇ ਨਿਊਯਾਰਕ ਵਿਚ 4760 ਲੋਕ ਮਾਰੇ ਜਾ ਚੁੱਕੇ ਹਨ। ਤਾਜ਼ਾ ਮਿਲੇ ਅੰਕੜਿਆਂ ਅਨੁਸਾਰ ਇਨਾਂ ਵਿਚੋਂ 86% ਮੌਤਾਂ ਉਨਾ ਵਿਅਕਤੀਆਂ ਦੀਆਂ ਹੋਈਆਂ ਹਨ ਜੋ ਪਹਿਲਾਂ ਹੀ ਹਾਈਪਰਟੈਨਸ਼ਨ ਤੇ ਸ਼ੂਗਰ ਵਰਗੇ ਰੋਗਾਂ ਤੋਂ ਪੀੜਤ ਸਨ। ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਤਾਜਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਨਿਊਯਾਰਕ ਵਿਚ ਕੋਰੋਨਾਵਾਇਰਸ ਕਿਸ ਤਰਾਂ ਤੇਜੀ ਨਾਲ ਫੈਲਿਆ ਤੇ ਇਸ ਨੂੰ ਦੇਸ਼ ਵਿਚ ਕੋਵਿਡ-19 ਦਾ ਕੇਂਦਰ ਬਿੰਦੂ ਬਣਾ ਦਿੱਤਾ। ਰਾਜ ਵਿਚ ਮਾਰੇ ਗਏ ਲੋਕਾਂ ਵਿਚ 61% ਮਰਦ ਹਨ ਤੇ 39% ਔਰਤਾਂ ਹਨ। ਇਨਾਂ ਵਿਚ 63% ਉਹ ਲੋਕ ਸ਼ਾਮਿਲ ਹਨ ਜਿਨਾਂ ਮਰ 70 ਸਾਲ ਜਾਂ ਇਸ ਤੋਂ ਵਧ ਸੀ।

ਸਮੁੰਦਰੀ ਸੈਨਾ ਦੇ ਸਕੱਤਰ ਨੇ ਦਿੱਤਾ ਅਸਤੀਫ਼ਾ: ਅਮਰੀਕੀ ਸਮੁੰਦਰੀ ਸੈਨਾ ਦੇ ਸਕੱਤਰ ਥੋਮਸ  ਮੋਡਲੀ ਨੇ ਆਪਣੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਜਿਸ ਨੂੰ ਤੁਰੰਤ ਸਵਿਕਾਰ ਕਰ ਲਿਆ ਗਿਆ ਹੈ। ਥੋਮਸ ਮੋਡਲੀ ਨੇ ਰੋਜਵੈਲਟ ਸਮੁੰਦਰੀ ਜਹਾਜ਼ ਦੇ ਕੈਪਟਨ ਨੂੰ ਬਰਖਾਸਤ ਕਰ ਦਿੱਤਾ ਸੀ ਜਿਸ ਨੇ ਕੋਰੋਨਾਵਾਇਰਸ ਨਾਲ ਪੀੜਤ ਅਮਲੇ ਨੂੰ ਬਚਾਉਣ ਲਈ ਮੱਦਦ ਕਰਨ ਦੀ ਬੇਨਤੀ ਕੀਤੀ ਸੀ। ਮੋਡਲੀ ਨੇ ਸਮੁੰਦਰੀ ਜਹਾਜ਼ ਦੇ ਅਮਲੇ ਨੂੰ ਸੰਬੋਧਨ ਕਰਦਿਆਂ ਕੈਪਟਨ ਬਰੈਟ ਕਰੋਜ਼ੀਰ ਨੂੰ ਬਹੁਤ ਹੀ ਸਿੱਧਾ ਤੇ ਮੂਰਖ ਆਦਮੀ ਕਿਹਾ ਸੀ। ਇਸ ਉਪਰੰਤ ਡੈਮੋਕਰੈਟਿਕ ਸੰਸਦ ਮੈਂਬਰਾਂ ਨੇ ਮੋਡਲੀ ਤੋਂ ਅਸਤੀਫੇ ਦੀ ਮੰਗ ਕੀਤੀ ਸੀ।

ਕਾਲੇ ਲੋਕ ਵਧ ਪ੍ਰਭਾਵਿਤ: ਇਸੇ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਅਮਰੀਕਾ ਦੇ ਕੁੱਝ ਪ੍ਰਮੁੱਖ ਸ਼ਹਿਰਾਂ ਵਿਚ ਦੂਸਰੇ ਅਮਰੀਕੀਆਂ ਦੀ ਤੁਲਨਾ ਵਿਚ ਕਾਲੇ ਲੋਕਾਂ ਦੀਆਂ ਕੋਰੋਨਾਵਾਇਰਸ ਨਾਲ ਵਧ ਮੌਤਾਂ ਹੋ ਰਹੀਆਂ ਹਨ। ਪਰੰਤੂ ਸੰਘੀ ਅਧਿਕਾਰੀ ਤੇ ਰਾਜ ਨਸਲ ਦੇ ਆਧਾਰ ‘ਤੇ ਮਾਰੇ ਗਏ ਲੋਕਾਂ ਦੇ ਅੰਕੜੇ ਜਾਰੀ ਨਹੀਂ ਕਰ ਰਹੇ ਜਿਸ ਤੋਂ ਅਤਿ ਗਰੀਬੀ ਦੇ ਹਾਲਾਤ ਵਿਚ ਰਹਿ ਰਹੀ ਕਾਲੀ ਵਸੋਂ ਬਾਰੇ ਚਿੰਤਾਵਾਂ ਉਠਣੀਆਂ ਸੁਭਾਵਕ ਹਨ। ਮਨੁੱਖੀ ਹੱਕਾਂ ਬਾਰੇ ਸੰਸਥਾਵਾਂ, ਡੈਮੋਕਰੈਟਿਕਸ ਸੰਸਦ ਮੈਂਬਰਾਂ ਤੇ ਵਾਇਟ ਹਾਊਸ ਨੇ ਸੰਘੀ ਸਿਹਤ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਕੋਰੋਨਾਵਾਇਰਸ ਨਾਲ ਜੁੜੀਆਂ ਮੌਤਾਂ ਤੇ ਪ੍ਰਭਾਵਿਤ ਲੋਕਾਂ ਦੇ ਨਸਲੀ ਆਧਾਰ ‘ਤੇ ਅੰਕੜੇ ਜਾਰੀ ਕੀਤੇ ਜਾਣ ਤਾਂ ਜੋ ਹਰੇਕ ਭਾਈਚਾਰੇ ਬਾਰੇ ਜਾਣਕਾਰੀ ਸਾਹਮਣੇ ਆ ਸਕੇ। ਰਾਸ਼ਟਰਪਤੀ ਡੋਨਾਲਡ ਟਰੰਪ ਤੇ ਨੈਸ਼ਨਲ ਇੰਸਟੀਚਿਊਟ ਆਫ ਅਲਰਜੀ ਐਂਡ ਇਨਫੈਕਸ਼ਨ ਡਸੀਜ਼ ਦੇ ਡਾਇਰੈਕਟਰ ਡਾ ਐਨਥਨੀ ਫੌਕੀ ਨੇ ਵੀ ਵਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਕੋਰੋਨਾਵਾਇਰਸ ਨਾਲ ਅਫਰੀਕੀ ਅਮਰੀਕਨ ਬਹੁਤ ਬੁਰੀ ਤਰਾਂ ਪ੍ਰਭਾਵਿਤ ਹੋਏ ਹਨ ਜੋ ਕਿ ਦੇਸ਼ ਲਈ ਇਕ ਵੱਡੀ ਚੁਣੌਤੀ ਹੈ। ਟਰੰਪ ਨੇ ਕਿਹਾ ਕਿ ਅਸੀਂ ਇਸ ਦੇ ਕਾਰਨ ਲਭਾਂਗੇ ਤੇ ਨਸਲੀ ਆਧਾਰ ‘ਤੇ ਮੌਤਾਂ ਦਾ ਅੰਕੜਾ ਇਸ ਹਫਤੇ ਦੇ ਆਖਿਰ ਵਿਚ ਉਪਲਬੱਧ ਹੋ ਜਾਣਾ ਚਾਹੀਦਾ ਹੈ

Share This :

Leave a Reply