ਪਟਿਆਲਾ(ਅਰਵਿੰਦਰ ਸਿੰਘ) ਕੋਰੋਨਾਵਾਇਰਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਣਕ ਦੀ ਖਰੀਦ ਲਈ ਕੀਤੇ ਵਿਸ਼ੇਸ਼ ਪ੍ਰਬੰਧਾਂ ਦੀ ਕਿਸਾਨਾਂ ਵੱਲੋਂ ਸ਼ਲਾਘਾ ਕੀਤੀ ਗਈ ਹੈ। ਮੰਡੀਆਂ ‘ਚ ਇਕੱਠ ਹੋਣ ਤੋਂ ਬਚਾਅ ਕਰਨ ਲਈ ਜ਼ਿਲ੍ਹੇ ਅੰਦਰ 290 ਖ਼ਰੀਦ ਕੇਂਦਰ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਵਿੱਚ 110 ਮੰਡੀਆਂ ਅਤੇ 180 ਸਬ ਯਾਰਡ ਬਣਾਏ ਗਏ ਹਨ ਤਾਂ ਕਿ ਕਿਸਾਨਾਂ, ਆੜਤੀਆਂ ਅਤੇ ਮਜ਼ਦੂਰਾਂ ਦਰਮਿਆਨ ਕੋਰੋਨਾਵਾਇਰਸ ਨੂੰ ਫੈਲਣ ਤੋਂ ਬਚਾਇਆ ਜਾ ਸਕੇ।
ਅੱਜ ਤੀਜੇ ਦਿਨ ਤੱਕ ਇਨ੍ਹਾਂ ਖਰੀਦ ਕੇਂਦਰਾਂ ਵਿੱਚੋਂ 103 ਮੰਡੀਆਂ ਵਿੱਚ ਕਣਕ ਦੀ ਕੁਲ 48903 ਮੀਟਰਿਕ ਟਨ ਆਮਦ ਦਰਜ ਕੀਤੀ ਗਈ ਹੈ। ਜਿੱਥੇ ਆਪਣੀ ਜਿਣਸ ਲੈਕੇ ਪੁੱਜੇ ਕਿਸਾਨਾਂ ਨੇ ਸਰਕਾਰ ਵੱਲੋਂ ਕੂਪਨ ਪ੍ਰਣਾਲੀ ਸਮੇਤ ਹੋਰ ਕੀਤੇ ਵਿਸ਼ੇਸ਼ ਪ੍ਰਬੰਧਾਂ ਦੀ ਪ੍ਰਸ਼ੰਸਾ ਕਰਦਿਆਂ ਇਸ ਨੂੰ ਲੋਕ ਹਿੱਤ ਵਿੱਚ ਲਿਆ ਗਿਆ ਚੰਗਾ ਫੈਸਲਾ ਦੱਸਿਆ ਹੈ।
ਪਟਿਆਲਾ ਅਨਾਜ ਮੰਡੀ ‘ਚ ਆਪਣੀ ਜਿਣਸ ਲੈਕੇ ਪੁੱਜੇ ਪਿੰਡ ਖੇੜੀਮਾਨੀਆਂ, ਜਾਗੋ, ਬਖ਼ਸ਼ੀਵਾਲਾ, ਆਲੋਵਾਲ, ਫੱਗਣ ਮਾਜਰਾ, ਕਲਿਆਣ, ਜੱਸੋਵਾਲ, ਸਿਊਨਾ, ਬੀਬੀਪੁਰ, ਸਿੱਧੂਵਾਲ, ਦੌਣ ਕਲਾਂ, ਸੈਫ਼ਦੀਪੁਰ, ਹਸਨਪੁਰ, ਲਚਕਾਣੀ, ਬਾਰਨ, ਪਨੌਦੀਆਂ, ਹਸਨਪੁਰ, ਰਸੂਲਪੁਰ ਜੌੜਾ, ਕਾਲਵਾ, ਦੰਦਰਾਲਾ ਖਰੌੜ ਆਦਿ ਪਿੰਡਾਂ ਦੇ ਕਿਸਾਨਾਂ ਨੇ ਅੱਜ ਕਰੀਬ 61 ਟਰਾਲੀਆਂ ਕਣਕ ਲਿਆਂਦੀ।
ਇਨ੍ਹਾਂ ਕਿਸਾਨਾਂ ਨਾਲ ਗੱਲਬਾਤ ਕਰਨ ‘ਤੇ ਇਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਵਾਰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਕੀਤੇ ਪ੍ਰਬੰਧਾਂ ‘ਤੇ ਸਤੁੰਸ਼ਟੀ ਦਾ ਇਜ਼ਹਾਰ ਕਰਦਿਆਂ ਇਸ ਸੰਕਟ ਦੇ ਸਮੇਂ ਸਰਕਾਰ ਦਾ ਸਾਥ ਦੇਣ ਦਾ ਭਰੋਸਾ ਦਿਵਾਇਆ। ਜਦੋਂਕਿ ਆੜਤੀ ਹਰਜੀਤ ਸਿੰਘ ਸ਼ੇਰੂ, ਅਸ਼ੋਕ ਕੁਮਾਰ, ਲਛਮਣ ਦਾਸ, ਮੁਕੇਸ਼ ਕੁਮਾਰ ਆਦਿ ਨੇ ਕਿਹਾ ਕਿ ਉਨ੍ਹਾਂ ਨੂੰ ਬਾਰਦਾਨੇ ਦੀ ਕੋਈ ਸਮੱਸਿਆ ਨਹੀਂ ਅਤੇ ਉਨ੍ਹਾਂ ਨੇ ਖ਼ੁਦ ਆਪਣੇ ਮਜ਼ਦੂਰਾਂ ਨੂੰ ਸੈਨੇਟਾਈਜੇਸ਼ਨ ਸਮੇਤ ਮਾਸਕ ਦਾ ਪ੍ਰਬੰਧ ਕੀਤਾ ਹੋਇਆ ਹੈ।
ਕਣਕ ਦੀ ਸਰਕਾਰੀ ਖਰੀਦ ਦੇ ਅੱਜ 36893 ਮੀਟਰਿਕ ਟਨ ਕਣਕ ਦੀ ਆਮਦ ਦਰਜ ਕੀਤੀ ਗਈ ਜਦੋਂਕਿ ਵੱਖ-ਵੱਖ ਸਰਕਾਰੀ ਏਜੰਸੀਆਂ ਵੱਲੋਂ 32719 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚੋਂ ਕਣਕ ਦੀ ਲਿਫਟਿੰਗ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ ਅਤੇ ਅੱਜ ਤੱਕ 1426 ਮੀਟਰਿਕ ਟਨ ਲਿਫਟਿੰਗ ਹੋਈ ਹੈ ਅਤੇ ਹੁਣ ਇਸ ਵਿੱਚ ਤੇਜੀ ਲਿਆਂਦੀ ਜਾਵੇਗੀ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ 103 ਮੰਡੀਆਂ ‘ਚ ਹੁਣ ਤੱਕ ਕੁਲ 48903 ਮੀਟਰਿਕ ਟਨ ਕਣਕ ਮੰਡੀਆਂ ‘ਚ ਆ ਚੁੱਕੀ ਹੈ, ਜਿਸ ਵਿੱਚੋਂ ਕੁਲ 43854 ਮੀਟਰਿਕ ਟਨ ਦੀ ਖਰੀਦ ਵੀ ਕੀਤੀ ਜਾ ਚੁੱਕੀ ਹੈ। ਜਿਸ ‘ਚੋਂ ਪਨਗਰੇਨ ਵੱਲੋਂ 12993 ਮੀਟਰਿਕ ਟਨ, ਮਾਰਕਫੈਡ ਵੱਲੋਂ 10189 ਮੀਟਰਿਕ ਟਨ, ਪਨਸਪ ਵੱਲੋਂ 10395 ਮੀਟਰਿਕ ਟਨ, ਵੇਅਰ ਹਾਊਸ ਵੱਲੋਂ 6225 ਮੀਟਰਿਕ ਟਨ ਅਤੇ ਐਫ.ਸੀ.ਆਈ ਵੱਲੋਂ 4052 ਮੀਟਰਿਕ ਟਨ ਦੀ ਖ਼ਰੀਦ ਕੀਤੀ ਗਈ ਹੈ। ਸ੍ਰੀ ਕੁਮਾਰ ਅਮਿਤ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕੀ ਕਣਕ ਹੀ ਮੰਡੀਆਂ ‘ਚ ਲੈ ਕੇ ਆਉਣ।