ਕੋਰੋਨਾਵਾਇਰਸ ਦਾ ਕੇਂਦਰ ਬਣੇ ਨਿਊਯਾਰਕ ਵਿਚ 10 ਤੋਂ ਘਟ ਇਕੱਠ ਵਾਲੇ ਸਮਾਗਮਾਂ ਨੂੰ ਦਿੱਤੀ ਖੁੱਲ ।

ਅਮਰੀਕਾ ਵਿਚ 1127 ਹੋਰ ਮੌਤਾਂ, ਕੁਲ ਗਿਣਤੀ 98683 ਹੋਈ

ਰਾਸ਼ਟਰਪਤੀ ਨੇ ਖੇਡੀ ਗੋਲਫ਼

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)-ਪਿਛਲੇ 24 ਘੰਟਿਆਂ ਦੌਰਾਨ ਅਮਰੀਕਾ ਵਿਚ ਕੋਰੋਨਾਵਾਇਰਸ ਨਾਲ 1127 ਹੋਰ ਅਮਰੀਕੀ ਦਮ ਤੋੜ ਗਏ ਹਨ ਜਦ ਕਿ 43713 ਮਰੀਜ਼ ਠੀਕ ਹੋਏ ਹਨ ਜਿਨਾਂ ਨੂੰ ਹਸਪਤਾਲਾਂ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ। ਮੌਤਾਂ ਦੀ ਕੁਲ ਗਿਣਤੀ 98683 ਹੋ ਗਈ ਹੈ। 21734 ਨਵੇਂ ਪੌਜ਼ੇਟਿਵ ਮਰੀਜ਼ ਹਸਪਤਾਲਾਂ ਵਿਚ ਦਾਖਲ ਹੋਏ ਹਨ ਜਿਨਾਂ ਨਾਲ ਪੀੜਤਾਂ ਦੀ ਕੁਲ ਗਿਣਤੀ 16,66,828 ਹੋ ਗਈ ਹੈ। ਸਿਹਤਮੰਦ ਹੋਣ ਦੀ ਦਰ ਵਧਕੇ 82% ਹੋ ਗਈ ਹੈ। ਮੌਤ ਦਰ 18% ਹੈ।  


ਨਿਊਯਾਰਕ ਜਿਥੇ ਪਿਛਲੇ 24 ਘੰਟਿਆਂ ਦੌਰਾਨ 103 ਮਰੀਜ਼ ਦਮ ਤੋੜ ਗਏ ਹਨ ਤੇ ਮ੍ਰਿਤਕਾਂ ਦੀ ਕੁਲ ਗਿਣਤੀ 29112 ਹੋ ਗਈ ਹੈ , ਵਿਚ ਗਵਰਨਰ ਨੇ ਕੁਝ ਗੈਰ ਜਰੂਰੀ ਸਰਗਰਮੀਆਂ ਨੂੰ ਖੁਲ ਦੇਣ ਦਾ ਐਲਾਨ ਕੀਤਾ ਹੈ। ਗਵਰਨਰ ਨੇ ਜਨਮ ਦਿਨ ਪਾਰਟੀਆਂ ਸਮੇਤ 10 ਤੋਂ ਘਟ ਇਕੱਠ ਵਾਲੇ ਹੋਰ ਸਮਾਜਕ ਸਮਾਗਮਾਂ ਨੂੰ ਕਰਨ ਦੀ ਖੁਲ ਦੇ ਦਿੱਤੀ ਹੈ। ਗਵਰਨਰ ਐਂਡਰੀਊ ਕੋਮੋ ਨੇ ਕਿਹਾ ਹੈ ਕਿ ਇਹ ਪਾਰਟੀਆਂ ਤਾਂ ਹੀ ਸੰਭਵ ਹੋਣਗੀਆਂ ਜੇਕਰ ਇਨਾਂ ਵਿਚ ਸਮਾਜਿਕ ਦੂਰੀ ਬਣਾਕੇ ਰਖੀ ਜਾਵੇਗੀ ਤੇ ਮਾਸਕ ਪਹਿਨੇ ਜਾਣਗੇ।
ਰਾਸ਼ਟਰਪਤੀ ਨੇ ਗੋਲਫ਼ ਖੇਡੀ-
ਵਾਈਟ ਹਾਊਸ ਵੱਲੋਂ ਸ਼ਾਇਦ ਇਹ ਸੰਦੇਸ਼ ਦੇਣ ਲਈ ਕਿ ਹਾਲਾਤ ਆਮ ਵਾਂਗ ਹੋ ਰਹੇ ਹਨ , ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੋਲਫ਼ ਖੇਡੀ। ਚਿੱਟੀ ਟੋਪੀ ਤੇ ਪੋਲੋ ਸ਼ਰਟ ਪਾਈ ਰਾਸ਼ਟਰਪਤੀ ਉਤਰੀ ਵਰਜੀਨੀਆ ਵਿਚ ਟਰੰਪ ਨੈਸ਼ਨਲ ਗੋਲਫ਼ ਕਲੱਬ ਵਿਖੇ ਗਏ। ਇਹ ਰਾਸ਼ਟਰਪਤੀ ਦਾ ਮੰਨਭਾਉਂਦਾ ਮੈਦਾਨ ਹੈ ਜਿਥੇ ਉਹ ਕੋਰੋਨਾ ਮਹਾਮਾਰੀ ਫੈਲਣ ਉਪਰੰਤ ਪਹਿਲੀ ਵਾਰ ਆਏ। ਵਰਜੀਨੀਆ ਦਾ ਗੋਲਫ਼ ਮੈਦਾਨ ਗਵਰਨਰ ਰਾਲਫ ਨੌਰਥਮ ਦੇ ਘਰਾਂ ਵਿਚ ਰਹਿਣ ਦੇ ਹੁਕਮਾਂ ਦਰਮਿਆਨ ਵੀ ਖੁਲਾ ਰਿਹਾ ਹੈ। ਘਰਾਂ ਵਿਚ ਰਹਿਣ ਦੇ ਹੁਕਮਾਂ ਤੋਂ ਬਾਅਦ ਰਾਸ਼ਟਰਪਤੀ ਨੇ ਤਕਰੀਬਨ ਅਪ੍ਰੈਲ ਦਾ ਮਹੀਨਾ ਵਾਈਟ ਹਾਊਸ ਦੇ ਅੰਦਰ ਹੀ ਗੁਜਾਰਿਆ। ਮਹੀਨੇ ਦੇ ਆਖੀਰ ਵਿਚ ਉਹ ਇਕ ਰਸਮੀ ਸਮਾਗਮ ਵਿਚ ਹਿੱਸਾ ਲੈਣ ਲਈ ਕੈਂਪ ਡੇਵਿਡ ਮੈਰੀਲੈਂਡ ਗਏ ਸਨ। ਬਾਅਦ ਵਿਚ ਉਹ ਕੋਰੋਨਾ ਮਹਾਮਾਰੀ ਵਿਰੁੱਧ ਹੋ ਰਹੀਆਂ ਕੋਸ਼ਿਸ਼ਾਂ ਦਾ ਜਾਇਜ਼ਾ ਲੈਣ ਲਈ ਕਈ ਰਾਜਾਂ ਵਿਚ ਗਏ।
ਵਾਈਟ ਹਾਊਸ ਨੇ ਲੋਕਾਂ ਨੂੰ ਸੁਚੇਤ ਕੀਤਾ-
ਵਾਈਟ ਹਾਊਸ ਦੇ ਕੋਰੋਨਾਵਾਇਰਸ ਕੋਆਰਡੀਨੇਟਰ ਡਾ ਦੇਬੋਰਾਹ ਬ੍ਰਿਕਸ ਨੇ ਕਿਹਾ ਹੈ ਕਿ ਜੇਕਰ ਅਮਰੀਕੀ ਉਚਿੱਤ ਸਮਾਜਕ ਦੂਰੀ ਬਣਾਕੇ ਰਖ ਸਕਦੇ ਹਨ ਤਾਂ ਉਹ ਘਰਾਂ ਤੋਂ ਬਾਹਰ  ਜਾ ਸਕਦੇ ਹਨ। ਉਨਾਂ ਕਿਹਾ ਹੈ ਕਿ ਤੁਸੀਂ ਗੋਲਫ਼ ਖੇਡ ਸਕਦੇ ਹੋ, ਟੇਬਲ ਟੈਨਿਸ ਖੇਡ  ਸਕਦੇ ਹੋ। ਤੁਸੀਂ ਬੀਚਾਂ ਉਪਰ ਜਾ ਸਕਦੇ ਹੋ ਪਰ ਅਜਿਹਾ ਕਰਨਾ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਤੁਸੀਂ ਇਕ ਦੂਸਰੇ ਤੋਂ 6 ਫੁੱਟ ਦੀ ਦੂਰੀ ਬਣਾਕੇ ਰਖ ਸਕਦੇ ਹੋ।

Share This :

Leave a Reply