ਅਮਰੀਕਾ (ਨੀਟਾ ਮਾਛੀਕੇ)-ਕੈਲੇਫੋਰਨੀਆਂ ਦੇ ਸ਼ਹਿਰ ਸੈਕਰਾਮੈਂਟੋ ਤੋਂ ਇੱਕ ਹੋਰ ਮੰਦਭਾਗੀ ਖ਼ਬਰ ਆ ਰਹੀ ਹੈ। ਸਥਾਨਿਕ ਗੋਲ਼ਡ ਸਟਾਰ ਮਾਰਟ ਸਟੋਰ ਦੇ ਮਾਲਕ ਕੁਲਵਿੰਦਰ ਸਿੰਘ ਦਾ ਇੱਕ ਬੀਅਰ ਚੋਰ ਵੱਲੋਂ ਬੀਅਰ ਦੀ ਬੋਤਲ ਬਦਲੇ ਕਤਲ ਕਰ ਦਿੱਤਾ ਗਿਆ..! ਇਹ ਸਟੋਰ ਡਾਊਨਟਾਊਨ ਏਰੀਏ ਵਿੱਚ ਜੀ ਸਟ੍ਰੀਟ ਤੇ ਸਥਿਤ ਦੱਸਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਵੀਰਵਾਰ ਦੁਪਿਹਰ ਦੋ ਕੁ ਵਜੇ ਇੱਕ ਬੀਅਰ ਚੋਰ ਸਟੋਰ ਤੇ ਆਇਆ ਅਤੇ ਧੱਕੇ ਨਾਲ ਬੀਅਰ ਦੀ ਬੋਤਲ ਚੱਕਕੇ ਜਾਣ ਲੱਗਾ, ਇਸੇ ਦੌਰਾਨ ਸਟੋਰ ਮਾਲਕ ਕੁਲਵਿੰਦਰ ਸਿੰਘ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ‘ਤਾਂ ਬੀਅਰ ਚੋਰ ਨੇ ਕੁਲਵਿੰਦਰ ਸਿੰਘ ਨੂੰ ਏਨੇਂ ਜ਼ੋਰ ਦੀ ਧੱਕਾ ਮਾਰਿਆ ਕਿ ਉਸਦਾ ਸਿਰ ਫ਼ਰਸ਼ ਤੇ ਵੱਜਣ ਕਰਕੇ ਉਹ ਥਾਂਏ ਬੇਹੋਸ਼ ਹੋ ਗਿਆ ਅਤੇ ਵੀਰਵਾਰ ਦੇਰ ਰਾਤ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ। ਪੁਲਿਸ ਮੁਤਾਬਕ ਉਹਨਾਂ ਹਮਲਾਵਰ ਦੀ ਪਹਿਚਾਣ ਕਰ ਲਈ ਹੈ, ਅਤੇ ਕੁਝ ਹੋਰ ਸਬੂਤ ਇਕੱਠੇ ਕਰਨ ਉਪਰੰਤ ਉਸਦੀ ਗ੍ਰਿਫ਼ਤਾਰੀ ਹੋਵੇਗੀ। ਓਧਰ ਸਥਾਨਿਕ ਲੋਕ ਕਾਤਲ ਦੀ ਪੁਲਿਸ ਵੱਲੋਂ ਗ੍ਰਿਫ਼ਤਾਰੀ ਨਾਂ ਕਰਨ ਕਰਕੇ ਕਾਫ਼ੀ ਖਫਾ ਨਜ਼ਰ ਆਏ। ਸਵ. ਕੁਲਵਿੰਦਰ ਸਿੰਘ ਦਾ ਪੰਜਾਬ ਤੋਂ ਸਬੰਧ ਧੂਰੀ ਇਲਾਕੇ ਨਾਲ ਦੱਸਿਆ ਜਾ ਰਿਹਾ ਹੈ। ਇਸ ਮਨਹੂਸ ਖ਼ਬਰ ਦੇ ਆਉਣ ਨਾਲ ਸੈਕਰਾਮੈਂਟੋ ਏਰੀਏ ਦਾ ਪੰਜਾਬੀ ਭਾਈਚਾਰਾ ਗਹਿਰੇ ਸੋਗ ਵਿੱਚ ਡੁੱਬਿਆ ਹੋਇਆ ਹੈ।
2020-03-10