ਫਤਿਹਗਡ਼੍ਹ ਸਾਹਿਬ (ਮੀਡੀਆ ਬਿਊਰੋ ) ਪੰਜਾਬ ਸੂਬੇ, ਇੱਥੋਂ ਦੀ ਕਿਸਾਨੀ ਪੰਜਾਬੀਆਂ ਨਾਲ ਹੋ ਰਹੇ ਜ਼ਬਰਜੁਲਮ, ਵਿਤਕਰਿਆਂ ਅਤੇ ਬੇਇਨਸਾਫ਼ੀਆਂ ਨੂੰ ਦੂਰ ਕਰਨ ਲਈ ਹੁਣ ਤੱਕ ਕਿਸੇ ਵੀ ਸੈਂਟਰ ਸਰਕਾਰ ਨੇ ਕੋਈ ਵੀ ਅਮਲ ਨਹੀਂ ਕੀਤਾ। ਬਲਕਿ ਲੰਮੇ ਸਮੇਂ ਤੋਂ ਇਹ ਬੇਇਨਸਾਫ਼ੀਆਂ ਅਤੇ ਵਿਤਕਰਿਆਂ ਦੀ ਗਿਣਤੀ ਨਿਰੰਤਰ ਵਧਦੀ ਹੀ ਜਾ ਰਹੀ ਹੈ। ਜਿਸ ਨਾਲ ਕੇਵਲ ਪੰਜਾਬ ਦੀ ਕਿਸਾਨੀ ਜੋ ਸੂਬੇ ਦੀ ਰੀਡ਼੍ਹ ਦੀ ਹੱਡੀ ਹੈ, ਉਹ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਨਿਵਾਸੀ ਅਤੇ ਇੱਥੋਂ ਦੇ ਕਾਰੋਬਾਰ ਅਤੇ ਸਭ ਵਰਗਾਂ ਦੇ ਮਨ ਅਤੇ ਆਤਮਾਵਾਂ ਵਿਚ ਦਿਨਵਦਿਨ ਰੋਸ ਅਤੇ ਕੁਡ਼ੱਤਣ ਵਧਦੀ ਜਾ ਰਹੀ ਹੈ। ਜਿਸ ਦੇ ਨਤੀਜ਼ੇ ਕਦੇ ਵੀ ਲਾਹੇਵੰਦ ਸਾਬਤ ਨਹੀਂ ਹੋਣਗੇ, ਕਿਉਂਕਿ ਪੰਜਾਬੀ ਅਤੇ ਇੱਥੋਂ ਦਾ ਕਿਸਾਨ ਵਰਗ ਸਮੁੱਚੇ ਮੁਲਕ ਦਾ ਨਿਰੰਤਰ ਢਿੱਡ ਭਰਨ ਦੀ ਜੁੰਮੇਵਾਰੀ ਨਿਭਾਉਂਦਾ ਆ ਰਿਹਾ ਹੈ। ਹੁਣ ਮੋਦੀ ਹਕੂਮਤ ਵਲੋਂ ਇਸ ਕਿਸਾਨੀ ਜ਼ਬਰਜੁਲਮ ਵਿਚ ਵਾਧਾ ਕਰਦੇ ਹੋਏ ਕਣਕ ਦੇ ਬਜਰੰਗੀ ਦਾਣਾ ਦੇ ਨਾਮ ਦੇ ਕੇ ਉਸਦੀ ਮਿਹਨਤ ਨਾਲ ਪਾਲ੍ਹੀ ਅਤੇ ਮੰਡੀ ਵਿਚ ਲਿਆਂਦੀ ਗਈ ਕਣਕ ਦੀ ਫਸਲ ਦੀ ਸਰਕਾਰ ਵਲੋਂ ਐਲਾਨੀ ਗਈ ਕੀਮਤ ਤੋਂ ਘੱਟ ਦੇਣ ਦੀ ਅਸਿਹ ਅਤੇ ਵਿਤਕਰੇ ਭਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜੋ ਅਤਿ ਨਿੰਦਣਯੋਗ ਅਤੇ ਸਮੁੱਚੇ ਪੰਜਾਬ ਨਿਵਾਸੀਆਂ ਲਈ ਅਸਿਹ ਹੈ।
ਇਹ ਵਿਚਾਰ ਸ. ਜਸਕਰਨ ਸਿੰਘ ਕਾਹਨਸਿੰਘ ਵਾਲਾ ਪ੍ਰਧਾਨ ਕਿਸਾਨ ਵਿੰਗ ਅਤੇ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸੈਂਟਰ ਦੀ ਮੋਦੀ ਹਕੂਮਤ ਦੀ ਪੰਜਾਬ ਦੇ ਕਿਸਾਨ ਵਿਰੋਧੀ ਅਤੇ ਪੰਜਾਬ ਨਿਵਾਸੀਆਂ ਨਾਲ ਵਿਤਕਰੇ ਭਰੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਸੈਂਟਰ ਦੀ ਮੁਤੱਸਵੀ ਸਰਕਾਰ ਨੂੰ ਅਜਿਹੇ ਦੁੱਖਦਾਇਕ ਅਮਲਾਂ ਦੇ ਮਾਰੂ ਨਤੀਜਿਆਂ ਲਈ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ। ਉਨਾਂ ਕਿਹਾ ਕਿ ਹੁਣ ਤੱਕ ਕਣਕ ਦੀ ਆਈ ਫਸਲ ਦਾ ਕੇਵਲ ਸੈਂਟਰ ਵਲੋਂ 5500 ਕਰੋਡ਼ ਰੁਪਏ ਦਾ ਹੀ ਭੁਗਤਾਨ ਕੀਤਾ ਗਿਆ ਹੈ ਅਤੇ 58% ਅਦਾਇਗੀ ਅਜੇ ਹੋਣੀ ਬਾਕੀ ਹੈ। ਇੱਥੇ ਇਹ ਵੀ ਵਰਨਣ ਕਰਨਾ ਜਰੂਰੀ ਹੈ ਕਿ 80 ਲੱਖ ਮੀਟਰਿਕ ਟਨ ਕਣਕ ਸੈਂਟਰ ਦੇ ਭੰਡਾਰਾਂ ਵਿਚ ਪਈ ਹੈ। ਜਿਸ ਨੂੰ ਕਰੋਨਾ ਮਹਾਂਮਾਰੀ ਨੂੰ ਮੁੱਖ ਰੱਖ ਕੇ ਇੱਥੋਂ ਦੇ ਗਰੀਬ ਲੋਡ਼ਵੰਦ, ਮਜਦੂਰ ਪਰਿਵਾਰਾਂ ਵਿਚ ਇਹ ਕਣਕ ਹੁਣ ਤੱਕ ਵੰਡ ਦੇਣੀ ਚਾਹੀਦੀ ਸੀ ਅਤੇ ਜੋ ਕਣਕ ਦੇ ਗੁਦਾਮਾਂ ਨੂੰ ਇਸ ਆਉਣ ਵਾਲੀ ਫਸਲ ਦੀ ਸੰਭਾਲ ਲਈ ਖਾਲੀ ਕਰਨਾ ਬਣਦਾ ਸੀ। ਪਰ ਸੈਂਟਰ ਦੀ ਮੋਦੀ ਹਕੂਮਤ ਨੇ ਆਪਣੇ ਵੱਡੇ ਕਾਰਪੋਰੇਟ ਕਾਰੋਬਾਰੀ ਹਿੱਸੇਦਾਰਾਂ ਨੂੰ ਅਤੇ ਆਪਣੇ ਆਪ ਨੂੰ ਫਾਇਦਾ ਪੰਹੁਚਾਉਣ ਲਈ ਪੁਰਾਣੀ ਕਣਕ ਨੂੰ ਬਾਹਰਲੇ ਮੁਲਕਾਂ ਵਿਚ ਭੇਜਣ ਲਈ ਅਤੇ ਗਬਨ ਕਰਨ ਲਈ ਰੱਖਿਆ ਹੋਇਆ ਹੈ। ਅਜਿਹੇ ਅਮਲ ਸੈਂਟਰ ਦੀ ਸਰਕਾਰ ਅਤੇ ਹੁਕਮਰਾਨਾਂ ਦੀ ਇਮਾਨਦਾਰੀ ਜਾਂ ਬੇਇਮਾਨੀ ਨੂੰ ਇੱਥੋਂ ਦੇ ਨਿਵਾਸੀਆਂ ਸਾਹਮਣੇ ਸਪਸ਼ਟ ਕਰਦੇ ਹਨ। ਲੇਕਿਨ ਸਾਨੂੰ ਇਸ ਗੱਲ ਦੀ ਵੱਡੀ ਖੁਸ਼ੀ ਹੈ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਅਨੂਸਾਰ ਸਹੀ ਸਮੇਂ ਤੇ ਸਹੀ ਪ੍ਰਬੰਧ ਕਰਕੇ ਕਣਕ ਦੀ ਖਰੀਦ ਵੀ ਕਰ ਲਈ ਹੈ ਅਤੇ ਉਸਦੀ ਚੁਕਵਾਈ ਕਰਵਾਕੇ ਕਿਸਾਨਾਂ ਨੂੰ ਭੁਗਤਾਨ ਕਰਨ ਦਾ ਪ੍ਰਬੰਧ ਵੀ ਜਾਰੀ ਕਰ ਦਿੱਤਾ ਹੈ ਅਤੇ ਅਜਿਹਾ ਪ੍ਰਬੰਧ ਕਰਦੇ ਹੋਏ ਸੋਸ਼ਲ ਡਿਸਟਂੈਸਿੰਗ ਨੂੰ ਵੀ ਕਾਇਮ ਰੱਖਿਆ ਹੈ ਅਤੇ ਬੀਮਾਰੀ ਨੂੰ ਫੈਲਣ ਤੋਂ ਵੀ ਰੋਕਣ ਦੀ ਜੁੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਸੂਬੇ, ਪੰਜਾਬ ਦੀ ਕਿਸਾਨੀ ਅਤੇ ਸਿੱਖ ਕੋਮ ਨੇ ਅੱਜ ਤੱਕ ਹਰ ਵੱਡੀ ਆਉਣ ਵਾਲੀ ਮੁਸ਼ਕਿਲ ਜਾਂ ਬਾਹਰੀ ਹਮਲੇ ਅਤੇ ਜੰਗਾਂ ਦੌਰਾਨ ਆਪਦੀਆਂ ਹੇਕਾਂ ਡਾਹ ਕੇ ਸਾਥ ਵੀ ਦਿੰਦੀ ਆ ਰਹੀ ਹੈ ਅਤੇ ਕੁਰਬਾਨੀਆਂ ਵੀ ਕੀਤੀਆਂ ਹਨ। ਹੁਣ ਵੀ ਕਰੋਨਾ ਮਹਾਂਮਾਰੀ ਦੀ ਆਫ਼ਤ ਨਾਲ ਜੂਝਦੀ ਹੋਈ ਮਨੁੱਖਤਾ ਦੀ ਸੇਵਾ ਵਿਚ ਦਿਨ ਰਾਤ ਹਾਜ਼ਰ ਹੈ। ਇਹ ਅਮਲ ਕੇਵਲ ਪੰਜਾਬ ਵਿਚ ਹੀ ਨਹੀਂ ਬਲਕਿ ਸਮੁੱਚੇ ਇੰਡੀਆਂ ਅਤੇ ਬਾਹਰਲੇ ਮੁਲਕਾਂ ਵਿਚ ਸਿੱਖ ਕੌਮ ਵਲੋਂ ਲੰਗਰਾਂ, ਦਵਾਈਆਂ, ਸੁਰੱਖਿਆ ਕਿੱਟਾਂ, ਮਾਸਕ, ਪੀਡ਼੍ਹਿਤਾਂ ਨੂੰ ਹਸਪਤਾਲਾਂ ਤੱਕ ਪੰਹੁਚਾਉਣ ਅਤੇ ਮ੍ਰਿਤਕਾਂ ਨੂੰ ਸ਼ਮਸ਼ਾਨਘਾਟਾਂ ਤੱਕ ਪੰਹੁਚਾਉਣ ਦੀਆਂ ਆਪਣੀਆਂ ਇਖ਼ਲਾਕੀ ਅਤੇ ਸਮਾਜਿਕ ਜੁੰਮੇਵਾਰੀਆਂ ਨਿਭਾਈਆਂ ਜਾ ਰਹੀਆਂ ਹਨ, ਫਿਰ ਉਸ ਪੰਜਾਬ ਦੇ ਕਿਸਾਨ ਅਤੇ ਸਿੱਖ ਕੌਮ ਨਾਲ ਕਣਕ ਦੀ ਫਸਲ ਦੀ ਖਰੀਦ ਸਮੇਂ ਗੁਣਾਤਮਕ ਕਣਕ ਦਾ ਬਹਾਨਾ ਬਣਾ ਕੇ ਕੀਮਤ ਘਟਾਉਣ ਦੇ ਅਮਲਾਂ ਨੂੰ ਅਸੀਂ ਬਿਲਕੁੱਲ ਸਹਿਣ ਨਹੀਂ ਕਰਾਂਗੇ। ਅਜਿਹੇ ਦੁੱਖਦਾਇਕ ਅਮਲ ਉਨਾਂ ਹੁਕਮਰਾਨਾਂ ਲਈ ਵੀ ਸ਼ਰਮਨਾਕ ਅਤੇ ਕਾਲੇ ਧੱਬੇ ਵਾਲੇ ਹਨ, ਜਿਨਾਂ ਲਈ ਸਾਡੇ ਗੁਰੂ ਸਾਹਿਬਾਨ, ਜਰਨੈਲਾਂ ਅਤੇ ਫੌਜੀਆਂ ਨੇ ਇਸ ਮੁਲਕ ਅਤੇ ਮਨੁੱਖਤਾ ਦੀ ਰਾਖੀ ਲਈ ਨਿਰਸਵਾਰਥ ਹੋ ਕੇ ਮਹਾਨ ਕੁਰਬਾਨੀਆਂ ਕੀਤੀਆਂ ਅਤੇ ਆਪਣੀ ਅਣਖਗੈਰਤ ਨੂੰ ਕਾਇਮ ਰੱਖਣ ਲਈ ਦ੍ਰਿਡ਼ ਰਹੇ। ਉਨਾਂ ਮੰਗ ਕੀਤੀ ਕਿ ਹੁਣ ਜਦੋਂ ਝੋਨੇ ਦੀ ਬਿਜਾਈ ਦਾ ਸਮਾਂ ਹੈ। ਇਸਦੇ ਨਾਲ ਹੀ ਪੰਜਾਬ ਵਿਚੋਂ ਪ੍ਰਵਾਸੀ ਮਜਦੂਰਾਂ ਦੀ ਵੱਡੀ ਘਾਟ ਹੈ, ਤਾਂ ਪੰਜਾਬ ਸਰਕਾਰ ਝੋਨੇ ਦੀ ਫਸਲ ਦੀ ਬਿਜਾਈ ਲਈ ਖੇਤੀਬਾਡ਼ੀ ਯੂਨੀਵਰਸਿਟੀ ਲੁਧਿਆਣਾ ਦੀਆਂ ਆਧੁਨਿਕ ਮਸ਼ੀਨਾਂ ਅਤੇ ਲਵਾਈ ਲਈ ਪਹਿਲ ਦੇ ਅਧਾਰ ਤੇ ਮਜਦੂਰ ਵਰਗ ਦਾ ਪ੍ਰਬੰਧ ਕਰੇ। ਉਸਦੇ ਨਾਲ ਹੀ ਸੈਂਟਰ ਸਰਕਾਰ ਕਿਸਾਨ ਦੀਆਂ ਆਉਣ ਵਾਲੀਆਂ ਫਸਲਾਂ ਮੱਕੀ ਅਤੇ ਮੂੰਗੀ ਆਦਿ ਦੀਆਂ ਮੁਲਕ ਦੇ ਕੀਮਤਸੂਚਕ ਅੰਕ ਨਾਲ ਜੋਡ਼ ਕੇ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੂਸਾਰ ਇਨਾਂ ਦੀਆਂ ਕੀਮਤਾਂ ਦਾ ਹੁਣੇ ਹੀ ਐਲਾਨ ਕਰੇ ਅਤੇ ਇਨਾਂ ਫਸਲਾਂ ਦੀ ਖਰੀਦ ਅਤੇ ਰੱਖ ਰਖਾਓ ਦਾ ਉਚੇਚਾ ਪ੍ਰੰਬਧ ਕਰੇ। ਸ. ਜਸਕਰਨ ਸਿੰਘ ਕਾਹਨਸਿੰਘ ਵਾਲਾ ਨੇ ਤਖ਼ਤ ਸ਼੍ਰੀ ਹਜੂਰ ਸਾਹਿਬ ਤੋਂ ਪੰਜਾਬ ਵਿਚ ਆਏ ਸ਼ਰਧਾਲੂਆਂ ਜਿਨਾਂ ਨੂੰ ਫਿਰੋਜਪੁਰ ਦੇ ਭਗਤ ਸਿੰਘ ਕਾਲਜ਼ ਅਤੇ ਨਵੋਦਿਆ ਵਿਦਿਆਲਿਯਾ ਵਿਚ ਰੱਖਿਆ ਹੈ, ਉਥੇ ਉਨਾਂ ਦੇ ਰਹਿਣ ਲਈ ਨਾਂ ਤਾ ਕੋਈ ਸੁੱਚਜਾ ਪ੍ਰਬੰਧ ਹੈ ਅਤੇ ਨਾਂ ਹੀ ਗਰਮੀ ਦੇ ਦਿਨਾਂ ਵਿਚ ਪੱਖੇ ਹਨ, ਨਾ ਸਫਾਈ ਆਦਿ ਦਾ ਪ੍ਰਬੰਧ ਹੈ ਅਤੇ ਨਾਂ ਹੀ ਉਨਾਂ ਦੀ ਜਾਂਚ ਅਤੇ ਇਲਾਜ਼ ਨੂੰ ਸਹੀ ਢੰਗ ਨਾਲ ਕੀਤਾ ਜਾ ਰਿਹਾ ਹੈ। ਅਸੀਂ ਮੰਗ ਕਰਦੇ ਹਾਂ ਕਿ ਉਨਾਂ ਨੂੰ ਤੁਰੰਤ ਖਾਣਪੀਣ, ਰਹਿਣ ਦੇ ਸੁੱਚਜੇ ਪ੍ਰਬੰਧ ਕੀਤੇ ਜਾਣ ਅਤੇ ਜੋ ਮਰੀਜ਼ ਬਿਲਕੁਲ ਠੀਕ ਹਨ, ਉਨਾਂ ਨੂੰ ਤੁਰੰਤ ਉਨਾਂ ਦੇ ਘਰ ਭੇਜਿਆ ਜਾਵੇ ਅਤੇ ਬਾਕੀਆਂ ਦੇ ਸਹੀ ਢੰਗ ਨਾਲ ਇਲਾਜ਼ ਕਰਕੇ ਉਨਾਂ ਨੂੰ ਵੀ ਥਾਓਂ ਥਾਈਂ ਪੰਹੁਚਾਇਆ ਜਾਵੇ ਤਾਂ ਕਿ ਮਾਨਸਿਕ ਤੋਰ ਤੇ, 2 ਮਹੀਨੇ ਤੋਂ ਆਪਣੇ ਪਰਿਵਾਰਾਂ ਤੋਂ ਦੂਰ ਰਹਿਣ ਵਾਲੇ ਇਨਾਂ ਪੰਜਾਬੀਆਂ ਨੂੰ ਕੋਈ ਪੀਡ਼ਾ ਅਤੇ ਹੀਨਭਾਵਨਾ ਮਹਿਸੂਸ ਨਾ ਹੋਵੇ ।