ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਨੇ ਕੱਟੇ ਨੀਲੇ ਕਾਰਡ ਦੁਬਾਰਾ ਬਣਾਉਣ ਦੀ ਮੰਗ ਨੂੰ ਲੈ ਕੇ ਖੁਰਾਕ ਸਪਲਾਈ ਦਫ਼ਤਰ ਅੱਗੇ ਦਿੱਤਾ ਧਰਨਾ

ਖੁਰਾਕ ਸਪਲਾਈ ਵਿਭਾਗ ਦੇ ਇੰਸ. ਰਾਜਨ ਸਿੰਗਲਾ ਨੂੰ ਮੰਗ ਪੱਤਰ ਦਿੰਦੇ ਹੋਏ ਬਲਬੀਰ ਸਿੰਘ ਸੁਹਾਵੀ, ਕਾ. ਭਗਵੰਤ ਸਿੰਘ, ਹਰਬੰਸ ਸਿੰਘ ਮੋਹਨਪੁਰ ਤੇ ਹੋਰ। ਫੋਟੋ : ਧੀਮਾਨ

ਖੰਨਾ (ਪਰਮਜੀਤ ਸਿੰਘ ਧੀਮਾਨ) : ਅੱਜ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ‘ਤੇ ਤਹਿਸੀਲ ਕਮੇਟੀ ਵੱਲੋਂ ਪੰਜਾਬ ਭਰ ਵਿਚ ਕੋਰੋਨਾ ਲਾਕਡਾਊਨ ਦੌਰਾਨ ਮਜ਼ਦੂਰਾਂ ਤੇ ਲੋੜਵੰਦਾਂ ਦੇ ਕੱਟੇ ਨੀਲੇ ਕਾਰਡਾਂ ਨੂੰ ਦੁਬਾਰਾ ਬਣਾਉਣ ਦੀ ਮੰਗ ਨੂੰ ਲੈ ਕੇ ਸਬ ਡਵੀਜ਼ਨ ਖੰਨਾ ਦੇ ਖੁਰਾਕ ਸਪਲਾਈ ਅਫ਼ਸਰ ਦਫ਼ਤਰ, ਦਾਣਾ ਮੰਡੀ ਵਿਖੇ ਤਹਿਸੀਲ ਪ੍ਰਧਾਨ ਹਰਬੰਸ ਸਿੰਘ ਮੋਹਨਪੁਰ ਦੀ ਅਗਵਾਈ ਹੇਠਾਂ ਵਿਸ਼ਾਲ ਧਰਨਾ ਦਿੱਤਾ ਗਿਆ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂਅ ‘ਤੇ ਮੰਗ ਦਿੱਤਾ ਗਿਆ।

ਇਸ ਮੌਕੇ ਸੀਪੀਐਮ. ਦੇ ਤਹਿਸੀਲ ਸਕੱਤਰ ਕਾ. ਭਗਵੰਤ ਸਿੰਘ ਇਕੋਲਾਹਾ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਕਾ. ਬਲਬੀਰ ਸਿੰਘ ਸੁਹਾਵੀ ਅਤੇ ਹੋਰਾਂ ਵੱਲੋਂ ਖੁਰਾਕ ਸਪਲਾਈ ਵਿਭਾਗ ਦੇ ਇੰਸਪੈਕਟਰ ਰਾਜਨ ਸਿੰਗਲਾ ਨੂੰ ਮੰਗ-ਪੱਤਰ ਰਾਹੀਂ ਮੰਗ ਕੀਤੀ ਕਿ ਕੋਰੋਨਾ ਕਾਰਨ ਹੋਈ ਤਾਲਾਬੰਦੀ ਕਾਰਨ ਮਜ਼ਦੂਰ ਵਰਗ ਕਿਸੇ ਵੀ ਕੰਮਕਾਰ ਦਾ ਕੋਈ ਵਸੀਲਾ ਨਾ ਹੋਣ ਕਰਕੇ ਗੁਰਬਤ ਦੇ ਦੌਰ ਵਿਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਸ਼ੁਰੂਆਤ ਦੌਰਾਨ ਅੱਧੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ ਜੋ ਕਿ ਮਜ਼ਦੂਰ ਵਰਗ ਸਰਾਸਰ ਧੱਕਾ ਹੈ। ਉਨ੍ਹਾਂ ਮੰਗ ਕੀਤੀ ਕਿ ਜਿਹੜੇ ਮਜ਼ਦੂਰ ਪਿਛਲੇ ਸਮੇਂ ‘ਚ ਨੀਲੇ ਕਾਰਡਾਂ ‘ਤੇ ਕਣਕ ਲੈ ਰਹੇ ਸਨ, ਉਨ੍ਹਾਂ ਸਾਰਿਆਂ ਦੇ ਨਵੇਂ ਲਾਭਪਾਤਰੀ ਰਾਸ਼ਨ ਕਾਰਡ ਤੁਰੰਤ ਬਣਾਏ ਜਾਣ ਅਤੇ ਹਰੇਕ ਲਾਭਪਾਤਰੀ ਨੂੰ 10 ਕਿਲੋ ਕਣਕ/ਚਾਵਲ ਪ੍ਰਤੀ ਵਿਅਕਤੀ ਸਮੇਤ ਹਰ ਮਹੀਨੇ ਜੀਵਨ ਵਿਚ ਲੋੜੀਂਦੀਆਂ ਹੋਰ 16 ਵਸਤਾਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਨੇ ਹੇਠਲੇ ਮੱਧ ਵਰਗ ‘ਤੇ ਵੀ ਬਹੁਤ ਵੱਡੀ ਸੱਟ ਮਾਰੀ ਹੈ, ਉਨ੍ਹਾਂ ਪਰਿਵਾਰਾਂ ਜਿਹੜੇ ਆਮਦਨ ਕਰ ਨਹੀਂ ਭਰਦੇ ਨੂੰ ਵੀ ਰਾਸ਼ਨ ਦਿੱਤਾ ਜਾਵੇ। ਯੂਨੀਅਨ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਬਿਜਲੀ ਸੋਧ ਬਿੱਲ 2020 ਦੇ ਖਿਲਾਫ਼ ਕੇਰਲਾ ਸਰਕਾਰ ਦੀ ਤਰਜ਼ ‘ਤੇ ਮਤਾ ਪਾਸ ਕਰਕੇ ਇਸ ਨੂੰ ਐਕਟ ਬਣਨ ਤੋਂ ਰੋਕਣ ਲਈ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਬਿਜਲੀ ਦੇ ਨਿੱਜੀ ਹੱਥਾਂ ਵਿਚ ਜਾਣ ਨਾਲ ਗਰੀਬ ਅਤੇ ਕਿਸਾਨ ਵਰਗ ਬਿਲਕੁੱਲ ਹੀ ਮਾਰਿਆ ਜਾਵੇਗਾ। ਇਸ ਮੌਕੇ ਕੇਸਰ ਸਿੰਘ ਫੌਜੀ ਗੰਢੂਆਂ, ਅਵਤਾਰ ਸਿੰਘ ਮੰਨਾ ਇਕੋਲਾਹੀ, ਮੋਹਨ ਘਈ, ਇਕਬਾਲ ਸਿੰਘ, ਚਰਨਜੀਤ ਸਿੰਘ ਰੂਸਲੜਾ, ਰਹਿਮਦੀਨ, ਸੁਖਦੇਵ ਸਿੰਘ, ਕਰਨਪ੍ਰੀਤ ਸਿੰਘ ਆਦਿ ਹਾਜ਼ਰ ਸਨ।

Share This :

Leave a Reply