
ਖੰਨਾ (ਪਰਮਜੀਤ ਸਿੰਘ ਧੀਮਾਨ) : ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਸੂੁਬਾ ਕਮੇਟੀ ਦੇ ਸੱਦੇ ‘ਤੇ ਜ਼ਿਲ੍ਹਾ ਲੁਧਿਆਣਾ ਦਿਵਖੇ ਜ਼ਿਲ੍ਹਾ ਪ੍ਰਧਾਨ ਕਾ. ਭਜਨ ਸਿੰਘ ਅਤੇ ਜਰਨਲ ਸਕੱਤਰ ਕਾ. ਬਲਬੀਰ ਸਿੰਘ ਸੁਹਾਵੀ ਦੀ ਦੇਖ ਰੇਖ ਹੇਠਾਂ ਮਜ਼ਦੂਰਾਂ ਅਤੇ ਕਾਮਿਆਂ ਦੀਆਂ ਹੱਕੀ ਮੰਗਾਂ ਲਈ ਜ਼ਿਲ੍ਹੇ ਭਰ ਵਿਚ 16 ਥਾਵਾਂ ‘ਤੇ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਸੀਪੀਆਈ ਐਮ. ਦੇ ਸੂਬਾ ਸਕੱਤਰ ਕਾ. ਸੁਖਵਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠਾਂ ਮੁੱਲਾਂਪੁਰ ਦੀ ਅਨਾਜ ਮੰਡੀ ਵਿਚ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਗਿਆ।
ਇਸ ਮੌਕੇ ਕਾ. ਸੇਖੋਂ ਨੇ ਕਿਹਾ ਕਿ ਕੋਵਿਡ 19 ਦੇ ਕਾਰਨ ਪੈਦਾ ਹੋਏ ਹਾਲਤਾਂ ਕਾਰਨ ਮਜ਼ਦੂਰਾਂ ਲਈ ਸਰਕਾਰਾਂ ਵੱਲੋਂ ਕੁੱਝ ਨਹੀਂ ਕੀਤਾ ਗਿਆ ਬਲਕਿ ਮਜ਼ਦੂਰ ਵਰਗ ਭੁੱਖਮਰੀ ਦਾ ਸ਼ਿਕਾਰ ਹੋ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਲਾਕ ਡਾਊਨ ਕਾਰਨ ਬੇਰੁਜ਼ਗਾਰ ਹੋਏ ਮਜ਼ਦੂਰਾਂ ਦੇ ਖਾਤਿਆਂ ਵਿਚ 7500-7500 ਪਾਏ ਜਾਣ, ਮਜ਼ਦੂਰਾਂ ਨੂੰ ਮਹੀਨੇ ਦਾ ਪੂਰਾ ਰਾਸ਼ਨ ਜਿਵੇਂ ਕੇਰਲਾ ਸਰਕਾਰ ਦੀ ਤਰਜ਼ ‘ਤੇ 14 ਵਸਤੂਆਂ ਲਾਕਡਾਊਨ ਕਾਰਨ ਘਰਾਂ ਵਿੱਚ ਪਿੰਡ-ਸ਼ਹਿਰ ਵਿੱਚ ਪਹੁੰਚਦੀਆਂ ਕੀਤੀਆਂ ਜਾਣ। ਪਿੰਡਾਂ ਵਿਚ ਪਈ ਸ਼ਾਮਲਾਟ ਜ਼ਮੀਨ ਦਾ ਤੀਜਾ ਹਿੱਸਾ ਦਲਿਤਾਂ ਨੂੰ ਠੇਕੇ ‘ਤੇ ਖੇਤੀ ਕਰਨ ਲਈ ਦਿੱਤਾ ਜਾਵੇ। ਬਿਜਲੀ ਪਾਣੀ ਦੇ ਬਿੱਲ ਮੁਆਫ਼ ਕੀਤੇ ਜਾਣ। ਜਿਨ੍ਹਾਂ ਦੇ ਰਾਸ਼ਨ ਕਾਰਡ ਕੱਟੇ ਗਏ ਹਨ, ਉਨ੍ਹਾਂ ਦੇ ਕਾਰਡ ਦੁਬਾਰਾ ਬਣਾ ਕੇ ਉਨ੍ਹਾਂ ਨੂੰ ਰਾਸ਼ਨ ਦਿੱਤਾ ਜਾਵੇ। ਇਸ ਮੌਕੇ ਕਾ. ਭਜਨ ਸਿੰਘ ਤੇ ਕਾ. ਬਲਬੀਰ ਸਿੰੰਘ ਨੇ ਦੱਸਿਆ ਕਿ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਖੰਨਾ, ਇਕੋਲਾਹਾ, ਘੁੰਗਰਾਲੀ ਰਾਜਪੂਤਾਂ, ਸਮਰਾਲਾ, ਬੌਂਦਲੀ, ਨੀਲੋਂ, ਮਾਛੀਵਾੜਾ ਸਾਹਿਬ, ਝੜੌਂਦੀ, ਮੁੱਲਾਪੁਰ ਵਿਚ 02 ਥਾਵਾਂ ‘ਤੇ, ਰਾਏਕੋਟ, ਭੈਣੀ ਤਰੇੜਾਂ, ਡੱਲਾਂ, ਭੰਮੀਪੁਰਾ, ਧੂਰ ਕੋਟ, ਆਲਮਗੀਰ ਆਦਿ ਵਿਖੇ ਰੋਸ ਪ੍ਰਦਰਸਨ ਕੀਤੇ ਗਏ।