ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਅੱਜ ਬਲਾਕ ਨਵਾਂਸ਼ਹਿਰ ਦੇ ਪ੍ਰਾਈਵੇਟ ਬੀਜਾਂ/ ਕੀੜੇਮਾਰ ਦਵਾਈਆਂ ਦੀ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਕਈ ਕਿਸਾਨਾਂ ਵਲੋਂ ਵਿਭਾਗ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਕਈ ਡੀਲਰ ਮੱਕੀ ਅਤੇ ਝੋਨੇ ਦੀ ਫਸਲ ਦੇ ਬੀਜਾਂ ਦਾ ਵੱਧ ਰੇਟ ਲਗਾ ਰਹੇ ਹਨ।
ਉਨ੍ਹਾਂ ਜ਼ਿਲ੍ਹੇ ਦੇ ਸਮੂਹ ਡੀਲਰਾਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਜ਼ਿਲ੍ਹੇ ਵਿਚ ਵਾਜਿਬ/ਸਹੀ ਰੇਟਾਂ ਤੇ ਮੱਕੀ ਅਤੇ ਝੋਨੇ ਆਦਿ ਫਸਲਾਂ ਦੇ ਬੀਜ ਸਪਲਾਈ ਕੀਤੇ ਜਾਣ ਅਤੇ ਕਿਸਾਨਾਂ ਨੂੰ ਦਿੱਤੇ ਬੀਜਾਂ ਦੇ ਬਿਲ ਵੀ ਕੱਟੇ ਜਾਣ। ਇਸ ਤੋਂ ਇਲਾਵਾ ਡੀਲਰਾਂ ਵੱਲੋਂ ਸਾਉਣੀ ਦੇ ਬੀਜਾਂ ਦੀ ਰੇਟ ਲਿਸਟ ਦੁਕਾਨ ਦੇ ਸਾਹਮਣੇ ਲਗਾਈ ਜਾਵੇ। ਜੇਕਰ ਕੋਈ ਡੀਲਰ ਵੱਧ ਰੇਟ ਤੇ ਕਿਸਾਨਾਂ ਨੂੰ ਬੀਜ ਵੇਚਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸੀਡ ਐਕਟ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਮੁੱਖ ਖੇਤੀਬਾੜੀ ਅਫਸਰ ਵਲੋਂ ਦੱਸਿਆ ਗਿਆ ਕਿ ਜੇਕਰ ਕਿਸੇ ਕਿਸਾਨ ਨੂੰ ਬੀਜਾਂ ਅਤੇ ਕੀੜੇਮਾਰ ਦਵਾਈਆਂ ਦੀ ਸਪਲਾਈ ਸੰਬੰਧੀ ਅਤੇ ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਸੰਬੰਧੀ ਕੋਈ ਸਮੱਸਿਆਂ ਆਉਂਦੀ ਹੋਵੇ ਤਾਂ ਬਲਾਕਾਂ ਵਿਚ ਤਾਇਨਾਤ ਖੇਤੀਬਾੜੀ ਅਫਸਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।