ਕਾਮਰੇਡ ਅਮਰਨਾਥ ਫੂਡ ਪਾਈਪ ਕੈਂਸਰ ਤੋਂ ਪੀੜਤ, ਹਾਲਤ ਗੰਭੀਰ

ਕਾਮਰੇਡ ਅਮਰਨਾਥ ਦੀ ਸੇਵਾ ਸੰਭਾਲ ਕਰਦੇ ਹੋਏ ਪਰਿਵਾਰਕ ਮੈਂਬਰ।

ਫ਼ਤਹਿਗੜ੍ਹ ਸਾਹਿਬ (ਸੂਦ) ਗ਼ਰੀਬ, ਮਜ਼ਦੂਰ, ਕੀਰਤੀਆਂ, ਕਾਮਿਆਂ ਦੀ ਆਵਾਜ਼ ਬੁਲੰਦ ਕਰਨ ਵਾਲੇ ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਕਾਮਰੇਡ ਅਮਰਨਾਥ ਅੱਜ ਕੱਲ੍ਹ ਮੁਸ਼ਕਲ ਹਾਲਾਤ ਵਿਚੋਂ ਗੁਜ਼ਰ ਰਹੇ ਹਨ। ਕਾਮਰੇਡ ਅਮਰਨਾਥ ਭੋਜਨ ਨਾਲੀ (ਫੂਡ ਪਾਈਪ) ਦੇ ਕੈਂਸਰ ਤੋਂ ਪੀੜਤ ਹਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਲੋਕ ਡਾਊਨ ਕਾਰਨ ਬੰਦ ਹੋਏ ਪੀ.ਜੀ.ਆਈ. ਕਾਰਨ ਉਹ ਘਰ ਪਿੰਡ ਬੈਦਵਾਨ ਬਾਸੀਆਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਹੀ ਜ਼ਿੰਦਗੀ ਤੇ ਮੌਤ ਵਿਚਕਾਰ ਸੰਘਰਸ਼ ਕਰ ਰਹੇ ਹਨ।

ਉਨ੍ਹਾਂ ਦੇ ਸਪੁੱਤਰ ਬਲਜੀਤ ਸਿੰਘ ਨੇ ਦੱਸਿਆ ਕਿ ਮਾਰਚ 2020 ਵਿਚ ਉਨ੍ਹਾਂ ਨੂੰ ਭੋਜਨ ਨਿਗਲਣ ਵਿਚ ਦਿੱਕਤ ਮਹਿਸੂਸ ਹੋਈ ਸੀ। ਪਹਿਲਾਂ ਥੋੜ੍ਹੀ ਬਹੁਤ ਦਵਾਈ ਵਗ਼ੈਰਾ ਲੈਂਦੇ ਰਹੇ। 1 ਅਪਰੈਲ 2020 ਨੂੰ ਉਹ ਆਪਣੇ ਪਿਤਾ ਨੂੰ ਔਰਿਸਨ ਸੁਪਰ ਸਪੈਸਿਲਿਟੀ ਹਸਪਤਾਲ ਲੁਧਿਆਣਾ ਵਿਖੇ ਲੈ ਗਏ ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਇੰਡੋਸਕੋਪੀ ਕਰ ਕੇ ਉਨ੍ਹਾਂ ਦੀ ਭੋਜਨ ਨਾਲ਼ੀ ਵਿਚ ਕੈਂਸਰ ਹੋਣ ਦੀ ਪੁਸ਼ਟੀ ਕੀਤੀ। 8 ਅਪਰੈਲ ਨੂੰ ਉਹ ਪੀ.ਜੀ.ਆਈ. ਚੰਡੀਗੜ੍ਹ ਵਿਖੇ ਅਮਰਜੰਸੀ ਵਿਚ ਗਏ ਜਿੱਥੇ ਡਾਕਟਰਾਂ ਨੇ ਉਨ੍ਹਾਂ ਦੇ ਪੁਰਾਣੇ ਟੈੱਸਟ ਵਗ਼ੈਰਾ ਦੇਖ ਕੇ ਸਪਸ਼ਟ ਕਰ ਦਿੱਤਾ ਕਿ ਕਾਮਰੇਡ ਅਮਰਨਾਥ ਨੂੰ ਕੈਂਸਰ ਹੈ। ਮਨਜੀਤ ਨੇ ਦੱਸਿਆ ਕਿ ਪੀ.ਜੀ.ਆਈ ਦੇ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਕਰਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇੱਥੇ (ਪੀ.ਜੀ.ਆਈ.) ਕਰੋਨਾ ਮਰੀਜ਼ ਆਏ ਹੋਏ ਹਨ, ਜਿਸ ਕਾਰਨ ਇਨ੍ਹਾਂ ਨੂੰ ਇਨਫੈਕਸ਼ਨ ਹੋਣ ਦਾ ਜ਼ਿਆਦਾ ਡਰ ਹੈ। ਉਨ੍ਹਾਂ ਲੋਕ ਡਾਊਨ ਖੁੱਲ੍ਹਣ ਤੋਂ ਬਾਅਦ ਆਉਣ ਲਈ ਕਿਹਾ। ਇਸ ਤੋਂ ਬਾਅਦ ਉਹ ਆਪਣੇ ਪਿਤਾ ਨੂੰ ਸੰਗਰੂਰ ਵਿਖੇ ਕੈਂਸਰ ਹਸਪਤਾਲ ਲੈ ਗਏ ਜਿੱਥੋਂ ਵੀ ਉਨ੍ਹਾਂ ਨੂੰ ਲੋਕ ਡਾਊਨ ਖੁੱਲ੍ਹਣ ਤੋਂ ਬਾਅਦ ਆਉਣ ਲਈ ਕਿਹਾ ਗਿਆ। 13 ਅਪਰੈਲ ਨੂੰ ਉਹ ਬੇਰਗਲ ਹਸਪਤਾਲ ਮੁਹਾਲੀ ਵਿਖੇ ਲੈ ਗਏ ਜਿੱਥੇ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ। ਹਸਪਤਾਲ ਵਿਖੇ ਡਾਕਟਰਾਂ ਨੇ 15 ਰੇਡੀਏਸ਼ਨ ਥਰੈਪੀਆਂ ਅਤੇ 3 ਕਿਮੋ ਥਰੈਪੀਆਂ ਦਿੱਤੀਆਂ। ਜਿਸ ਕਾਰਨ ਉਨ੍ਹਾਂ ਦਾ ਸਰੀਰ ਕਾਫ਼ੀ ਕਮਜ਼ੋਰ ਪੈ ਗਿਆ ਹੈ। ਹੁਣ ਉਹ ਆਪਣੇ ਪਿੰਡ ਵਿਖੇ ਹੀ ਹਨ, ਉਨ੍ਹਾਂ ਦੀਆਂ ਦਵਾਈਆਂ ਚੱਲ ਰਹੀਆਂ ਹਨ ਜੋ ਕਿ ਕਾਫ਼ੀ ਮਹਿੰਗੀਆਂ ਹਨ। ਉਨ੍ਹਾਂ ਨੂੰ ਭੋਜਨ (ਤਰਲ ਪਦਾਰਥ) ਨਕਲੀ ਫੂਡ ਪਾਈਪ ਰਾਹੀਂ ਪਹੁੰਚਾਇਆਂ ਜਾ ਰਿਹਾ ਹੈ। ਮਨਜੀਤ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਿਤਾ ਦੇ ਇਲਾਜ ਲਈ ਜਿੰਨੀ ਜਮਾਂ ਪੂੰਜੀ ਸੀ, ਖ਼ਰਚ ਕਰ ਦਿੱਤੀ ਹੈ। ਲਗਭਗ ਢਾਈ ਲੱਖ ਰੁਪਇਆ ਉਧਾਰ ਫੜ ਕੇ ਖ਼ਰਚ ਕੀਤਾ ਹੈ। ਹੁਣ ਉਨ੍ਹਾਂ ਕੋਲ ਪੈਸੇ ਨਹੀਂ ਹਨ ਪਰ ਉਹ ਹਿੰਮਤ ਨਹੀਂ ਹਾਰਨਗੇ।
ਜ਼ਿਕਰਯੋਗ ਹੈ ਕਿ ਕਾਮਰੇਡ ਅਮਰਨਾਥ ਨੇ ਹਮੇਸ਼ਾ ਹੀ ਮਜ਼ਦੂਰ , ਸ਼ੋਸ਼ਿਤ ਲੋਕਾਂ, ਕਾਮਿਆਂ ਲਈ ਆਵਾਜ਼ ਉਠਾਈ ਹੈ। ਉਨ੍ਹਾਂ ਜ਼ਿਲ੍ਹੇ ਵਿਚ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ। ਮਜ਼ਦੂਰਾਂ ਦੇ ਹੱਕਾਂ ਲਈ ਕੀਤੇ ਸੰਘਰਸ਼ ਦੌਰਾਨ ਉਨ੍ਹਾਂ ਕਈ ਘਾਟੇ ਵੀ ਝੱਲੇ। ਉਨ੍ਹਾਂ ਸਰਮਾਏਦਾਰਾਂ ਵੱਲੋਂ ਦਿੱਤੇ ਲੋਭ ਲਾਲਚ ਨੂੰ ਠੋਕਰ ਮਾਰਦਿਆਂ ਕੀਰਤੀਆਂ ਦੇ ਸੰਘਰਸ਼ ਦੀ ਹਾਮੀ ਭਰੀ। ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲਾ ਕਾਮਰੇਡ ਅਮਰਨਾਥ ਅੱਜ ਲਾਚਾਰ ਹੋਇਆ ਇਕੱਲਾ ਮੌਤ ਨਾ ਜੂਝ ਰਿਹਾ ਹੈ।

Share This :

Leave a Reply