ਕਾਇਆ ਕਲਪ ਤਹਿਤ ਨਵਾਂਸ਼ਹਿਰ ਤੇ ਗੁਰਦਾਸਪੁਰ ਦੇ ਜ਼ਿਲ੍ਹਾ ਹਸਪਤਾਲਾਂ ਨੂੰ ਮਿਲਿਆ ਰਾਜ ਭਰ ਵਿੱਚੋਂ ਪਹਿਲਾ ਸਥਾਨ

ਜ਼ਿਲ੍ਹਾ ਹਸਪਤਾਲ ਸ਼ਹੀਦ ਭਗਤ ਸਿੰਘ ਨਗਰ ਜਿਸ ਨੂੰ ਕਾਇਆ ਕਲਪ ਪ੍ਰੋਗਰਾਮ ਰਾਜ ’ਚੋਂ ਪਹਿਲਾ ਸਥਾਨ ਮਿਲਿਆ ਹੈ

ਨਵਾਂਸ਼ਹਿਰ ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਹਸਪਤਾਲ ਸ਼ਹੀਦ ਭਗਤ ਸਿੰਘ ਨਗਰ ਨੇ ਆਪਣੀਆਂ ਬੇਹਤਰੀਨ ਸਿਹਤ ਸੇਵਾਵਾਂ ਸਦਕਾ ਸਾਲ 2017-18 ਤੋਂ ਬਾਅਦ ਇੱਕ ਵਾਰ ਫ਼ੇਰ ਕਾਇਆ ਸਵੱਛ ਭਾਰਤ ਦੇ ਕਾਇਆ ਕਲਪ ਪ੍ਰੋਗਰਾਮ ਅਧੀਨ ਸਾਫ਼-ਸਫ਼ਾਈ ਦੇ ਉੱਚ ਮਿਆਰਾਂ ਤਹਿਤ ਰਾਜ ਭਰ ’ਚੋਂ ਸਾਲ 2019-20 ਲਈ ਰਾਜ ਭਰ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਪ੍ਰੋਗਰਾਮ ਤਹਿਤ ਜ਼ਿਲ੍ਹਾ ਗੁਰਦਾਸਪੁਰ ਨੂੰ ਵੀ ਪਹਿਲਾ ਸਥਾਨ ਮਿਲਿਆ ਹੈ। ਦੋਵਾਂ ਹਸਪਤਾਲਾਂ ’ਚ ਸਖਤ ਮੁਕਾਬਲਾ ਹੋਣ ਕਾਰਨ 78.5 ਫ਼ੀਸਦੀ ਅੰਕ ਮਿਲੇ ਹਨ।

ਸਿਵਲ ਸਰਜਨ ਡਾ. ਰਾਜਿੰਦਰ ਪ੍ਰਸ਼ਾਦ ਭਾਟੀਆ ਅਨੁਸਾਰ ਇਸ ਤੋਂ ਪਹਿਲਾਂ ਹਸਪਤਾਲ ਨੈਸ਼ਨਲ ਕੁਆਲਿਟੀ ਐਸ਼ੋਰੈਂਸ ਸਟੈਂਡਰਡ ਤਹਿਤ ਕੁਆਲੀਫ਼ਾਈ ਕਰ ਚੁੱਕਾ ਹੈ, ਜਿਸ ਤਹਿਤ 27 ਸਤੰਬਰ 2017 ਤੋਂ 26 ਸਤੰਬਰ 2020 ਤੱਕ ਹਰ ਸਾਲ ਹਸਪਤਾਲ ਨੂੰ 10-10 ਲੱਖ ਰੁਪਏ ਦੀ ਗਰਾਂਟ-ਇੰਨ-ਏਡ ਮਿਲ ਰਹੀ ਹੈ। ਉਨ੍ਹਾਂ ਕਾਇਆਕਲਪ ਪ੍ਰੋਗਰਾਮ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਉੱਚ ਗੁਣਵੱਤਾ ਦੀਆਂ ਸਿਹਤ ਸੰਭਾਲ ਸੁਵਿਧਾਵਾਂ ਉਪਲਬਧ ਕਰਵਾਉਣ ਲਈ ਪ੍ਰੇਰਣਾਦਾਇਕ ਦੱਸਦਿਆਂ ਕਿਹਾ ਕਿ ਇਸ ਨਾਲ ਸਰਕਾਰੀ ਹਸਪਤਾਲਾਂ ਵਿੱਚ ‘ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ’ ਜ਼ਰੀਏ ਸੇਵਾਵਾਂ ਜਿਵੇਂ ਕਿ ਅਪ੍ਰੇਸ਼ਨ ਥਿਏਟਰ, ਬਾਇਓ ਵੇਸਟ ਡਿਸਪੋਜ਼ਲ ਅਤੇ ਪ੍ਰੋਟੋਕੋਲ ਆਦਿ ਉਪਲਬਧ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਇਸੇ ਹਸਪਤਾਲ ਦੇ ਐਸ.ਐਮ.ਓ. ਡਾ. ਹਰਵਿੰਦਰ ਸਿੰਘ ਨੂੰ ਕਾਇਆ ਕਲਪ ਪ੍ਰੋਗਰਾਮ ਤਹਿਤ ਸਰਵੋਤਮ ਐਸ.ਐਮ.ਓ. ਦਾ ਐਵਾਰਡ ਵੀ ਮਿਲ ਚੁੱਕਾ ਹੈ। ਇਸ ਤੋਂ ਪਹਿਲਾਂ ਇਹ ਹਸਪਤਾਲ 2016-17 ’ਚ ਚੌਥੇ ਸਥਾਨ ’ਤੇ, 2017-18 ’ਚ ਪਹਿਲੇ ਸਥਾਨ ’ਤੇ, 2018-19 ’ਚ ਚੌਥੇ ਸਥਾਨ ’ਤੇ ਰਹਿ ਚੁੱਕਾ ਹੈ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਨੂੰ ਕਾਇਆ ਕਲਪ ਪ੍ਰੋਗਰਾਮ ਤਹਿਤ ਦੁਬਾਰਾ ਫ਼ਿਰ ਐਵਾਰਡ ਲਈ ਚੁਣੇ ਜਾਣ ’ਤੇ ਵਧਾਈ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਹਸਪਤਾਲ ਨੇ ਉਕਤ ਐਵਾਰਡ ਤੋਂ ਇਲਾਵਾ ਇਨ੍ਹਾਂ ਦਿਨਾਂ ’ਚ ਕੋਵਿਡ ਮਰੀਜ਼ਾਂ ਦੀ ਸਾਂਭ-ਸੰਭਾਲ ’ਚ ਤੇ ਉਨ੍ਹਾਂ ਦਾ ਮਨੋਬਲ ਵਧਾਉਣ ’ਚ ਵੀ ਬਹੁਤ ਵਧੀਆ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਕਿਹਾ ਜ਼ਿਲ੍ਹਾ ਹਸਪਤਾਲ ਦਾ ਐਵਾਰਡ ਲਈ ਚੁਣੇ ਜਾਣਾ ਇਸ ਦੀਆਂ ਮਾਨਵਤਾ ਪ੍ਰਤੀ ਸੇਵਾਵਾਂ ’ਤੇ ਮੋਹਰ ਹੈ। ਵਿਧਾਇਕ ਅੰਗਦ ਸਿੰਘ ਨੇ ਕਾਇਆ ਕਲਪ ਪ੍ਰੋਗਰਾਮ ਵਿੱਚ ਐਵਾਰਡ ਹਾਸਲ ਕਰਨ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਜ਼ਿਲ੍ਹਾ ਹਸਪਤਾਲ ਦੇ ਸਮੂਹ ਵਿੰਗਾਂ ਦੇ ਕਰਮਚਾਰੀਆਂ ਨੂੰ ਵਧਾਈ ਦਿੱਤੀ ਹੈ। ਐਸ ਐਮ ਓ ਡਾ. ਹਰਵਿੰਦਰ ਸਿੰਘ ਨੇ ਕਾਇਆ ਕਲਪ ਐਵਾਰਡ ਲਈ ਪਹਿਲੇ ਸਥਾਨ ’ਤੇ ਚੁਣੇ ਜਾਣ ਦਾ ਸਿਹਰਾ ਸਮੁੱਚੇ ਹਸਪਤਾਲ ਦੇ ਅਮਲੇ ਨੂੰ ਅਤੇ ਸਿਵਲ ਸਰਜਨ ਵੱਲੋਂ ਸਮੇਂ-ਸਮੇਂ ਦਿੱਤੇ ਮਾਰਗ ਦਰਸ਼ਨ ਨੂੰ ਦਿੱਤਾ ਹੈ।

Share This :

Leave a Reply