ਲੁਧਿਆਣਾ (ਰਵਿੰਦਰ ਸਿੰਘ ਢਿੱਲੋਂ) ਭਾਰਤ ਇਕ ਬਹੁਤ ਹੀ ਖਤਰਨਾਕ ਦੌਰ ਵਿਚੋਂ ਗੁਜ਼ਰ ਰਿਹਾ ਹੈ।ਕਰੋਨਾ ਵਾਇਰਸ ਦੇ ਕਮਿਨਿਟੀ ਸਟੇਜ਼ ਵਿਚ ਆ ਜਾਣ ਦਾ ਖਤਰਾ ਮੰਡਰਾ ਰਿਹਾ ਹੈ। ਇਹਨਾਂ ਸਬਦਾਂ ਦਾ ਪ੍ਰਗਟਾਵਾ ਜਸਪ੍ਰੀਤ ਕੌਰ ਫਲਕ ਪ੍ਰਧਾਨ ਕਵਿਤਾ ਕਥਾ ਕਾਰਵਾ ਨੇ ਇਕ ਪ੍ਰੈਸ ਨੋਟ ਰਾਹੀ ਕੀਤਾ ਅਤੇ ਕਿਹਾ ਜੇਕਰ ਅਜਿਹੀ ਹਾਲਤ ਆ ਜਾਂਦੀ ਹੈ ਤਾਂ ਮਹਾਮਾਰੀ ਇੰਨੀ ਭਿਆਨਕ ਰੂਪ ਵਿਚ ਹੋ ਸਕਦੀ ਹੈ ਜਿਸ ਨਾਲ ਨਜਿੱਠਨ ਲਈ ਭਾਰਤ ਅਸਮਰਥ ਹੋਵੇਗਾ। ਇਸ ਲੀ ਰੋਗ ਨੂੰ ਆਪਣੇ ਨੇੜੇ ਨਾਂ ਆਓਣ ਦੇਣਾ ਹੀ ਸਿਆਣਪ ਹੈ। ਅਨੇਕਾ ਤਰਾਂ ਦੇ ਕਦਮ ਚੁਕੇ ਗਏ ਹਨ। ਮਿਸਾਲ ਵਜ਼ੋਂ ਐਤਵਾਰ ਦਾ ਜਨਤਾ ਕਰਫਿਊ ਪੂਰੀ ਤਰਾਂ ਨਾਲ ਕਾਮਯਾਬ ਕਰਕੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਲਾਹ ਤੇ ਫੁੱਲ ਚੜ੍ਹਾ ਕੇ ਖੂਬ ਸ਼ਲਾਘਾ ਖੱਟੀ। ਪਰ ਇਹ ਕੀ? ਪੰਜ ਵਜਦਿਆਂ ਹੀ ਨੱਚਣ ਟੱਪਣ ਲਗ ਪਏ ਕਈ ਥਾਂਈਂ ਲੋਕ। ਢੋਲ ਵਜਾ ਕੇ, ਇਕੱਠੇ ਹੋ ਕੇ ਜਲੂਸ ਕੱਢਣ ਲਗ ਪਏ। ਸ਼ਾਇਦ ਇਨ੍ਹਾਂ ਲੋਕਾਂ ਨੂੰ ਨਹੀਂ ਪਤਾ ਕਿ ਕਰੋਨਾ ਵਾਇਰਸ ਕਿੰਨਾ ਖਤਰਨਾਕ ਦੁਸ਼ਮਣ ਹੈ ਇਨਸਾਨਿਅਤ ਦਾ। ਜਾਂ ਫਿਰ ਲੋਕ ਮਰਜੀਵੜੇ ਬਣ ਕੇ ਕਿਸੇ ਮੌਤ ਦੇ ਖਤਰੇ ਦੀ ਪਰਵਾਹ ਨਹੀਂ ਕਰਨਾ ਚਾਂਹੁਦੇ। ਮੰਦਭਾਗਾ ਹੈ ਇਹ ਸਭ ਕੁਝ। ਸਰਕਾਰ ਨੂੰ ਸਖਤ ਕਦਮ ਚੁਕਣ ਦੀ ਲੋੜ ਹੈ। ਹਾਲਾਂਕਿ ਸਾਰੇ ਸਰਕਾਰੀ ਅਦਾਰੇ , ਸਕੂਲ, ਕਾਲਜ, ਯੂਨੀਵਰਸਿਟੀਆਂ ਬੰਦ ਹਨ ਤੇ ਬਾਜ਼ਾਰ, ਸੜਕਾਂ ਸਭ ਕੁਝ ਬੰਦ ਹਨ ਪਰ ਹੋਰ ਵੀ ਸਖਤ ਕਦਮਾਂ ਦੀ ਲੋੜ ਹੈ। ਆਪਣੇ ਆਪ ਨੂੰ ਬਚਾਈ ਰਖਣ ਦੇ ਕਦਮਾਂ ਦੇ ਨਾਲ ਨਾਲ ਆਵਾਜਾਈ ਤੇ ਇਕਠ ਤੇ ਬਿਲਕੁਲ ਰੋਕ ਲਾਈ ਜਾਵੇ । ਚਲ ਰਹੇ ‘ਘਰੋਂ ਕੰਮ ਕਰਨ’ ਦੇ ਉਪਰਾਲੇ ਦੇ ਚੰਗੇ ਨਤੀਜੇ ਨਿਕਲਣਗੇ। ਇਸ ਨੂੰ ਹੋਰ ਅੱਗੇ ਵਧਾਓਣ ਦੀ ਲੋੜ ਹੋਵੇਗੀ। ਚੰਗੀ ਗਲ ਹੈ ਕਿ ਕਈ ਸ਼ਹਿਰਾਂ ਵਿਚ ਪ੍ਰਸ਼ਾਸਨ ਵਲੋਂ ਕਰਫਿਊ ਲਗਾ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਸਖਤੀ ਨਾਲ ਘਰ ਬੈਠਣ ਲਈ ਮਜ਼ਬੂਰ ਕੀਤਾ ਜਾਏ। ਸਾਨੂੰ ਚਾਹੀਦਾ ਹੈ ਕਿ ਬਚਿਆਂ ਨੂੰ , ਘਰਾਂ ਵਿਚ ਕੰਮ ਕਾਜ ਕਰਨ ਵਾਲਿਆਂ ਨੂੰ ਕਰੋਨਾ ਵਾਇਰਸ ਦੇ ਖਤਰਿਆਂ ਤੋਂ ਜਾਣੂ ਕਰਵਾਇਆ ਜਾਏ ਅਤੇ ਇਸ ਤੋਂ ਕਿਵੇਂ ਬਚਿਆ ਜਾਏ, ਬਾਰੇ ਜਾਗਰੂਕ ਕੀਤਾ ਜਾਏ। ਬਹੁਤੇ ਵਿਦਿਆਰਥੀ ਤਾਂ ਆਪੋ-ਆਪਣੇ ਘਰੀਂ ਚਲੇ ਗਏ ਹਨ ਪਰ ਜਿਹੜੇ ਵਿਦਿਆਰਥੀ ਅਜੇ ਵੀ ਵਿਦਿਅਕ ਅਦਾਰਿਆਂ ਦੇ ਹੋਸਟਲਾਂ ਚ ਹਨ, ਉਨ੍ਹਾਂ ਦਾ ਨਿਯਮਤ ਤੌਰ ਤੇ ਮੁਆਇਨਾ ਕਰਵਾਇਆ ਜਾਵੇ ਅਤੇ ਡਾਕਟਰੀ ਸੁਵਿਧਾ ਮੁੱਹਈਆ ਕਰਵਾਈ ਜਾਵੇ। ਅਜਿਹਾ ਸੜਕਾਂ ਤੇ ਰਹਿ ਰਹੇ ਮੰਗਤਿਆਂ ਬਾਰੇ ਵੀ ਕੀਤਾ ਜਾਵੇ ਤਾਂ ਚੰਗਾ ਹੈ।
2020-03-23