ਵਿਸ਼ਵ ਇਸ ਸਮੇਂ ਕਰੋਨਾ ਮਹਾਮਾਰੀ ਦੀ ਗੰਭੀਰ ਮਾਰ ਹੇਠ ਹੈ। ਜਿਕਰਯੋਗ ਹੈ ਕਿ ਕਰੋਨਾਵਾਇਰਸ ਦਾ ਪਹਿਲਾ ਮਾਮਲਾ ਪਿਛਲੇ ਸਾਲ ਦਸੰਬਰ ਵਿੱਚ ਚੀਨ ਦੇ ਵੁਹਾਨ ਵਿੱਚ ਸਾਹਮਣੇ ਆਇਆ ਸੀ ਅਤੇ ਅੱਜ ਵਿਸ਼ਵ-ਵਿਆਪੀ ਮਹਾਮਾਰੀ ਬਣ ਦੁਨੀਆ ਦੇ ਬਹੁਤੇ ਦੇਸਾਂ ਵਿੱਚ ਆਪਣੇ ਪੈਰ ਪਸਾਰ ਚੁੱਕਿਆ ਹੈ। ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਵਸਨੀਕਾਂ ਦੀ ਸਿਹਤਯਾਬੀ ਲਈ ਫ਼ਿਕਰਮੰਦ ਹਨ। ਚੀਨ ਦੇਸ਼ ਤੋਂ ਬਾਅਦ ਇਟਲੀ, ਇਰਾਨ, ਸਪੇਨ, ਦੱਖਣੀ ਕੋਰੀਆ, ਫਰਾਂਸ, ਜਰਮਨੀ, ਇੰਗਲੈਂਡ, ਕਤਰ, ਆਸਟ੍ਰੇਲੀਆ, ਅਮਰੀਕਾ, ਕਨੇਡਾ, ਪਾਕਿਸਤਾਨ ਅਤੇ ਸਮੁੱਚੇ ਯੂਰਪ ਤੋਂ ਬਾਅਦ ਹੁਣ ਭਾਰਤ ਨੂੰ ਨਿਸ਼ਾਨਾ ਬਣਾ ਚੁੱਕੀ ਹੈ। ਪਰ, ਇਸ ਮਹਾਮਾਰੀ ਦੇ ਚੱਲਦਿਆਂ ਅਫ਼ਵਾਹਾਂ ਦਾ ਬਜ਼ਾਰ ਵੀ ਗਰਮ ਹੈ। ਜਿਸ ਕਰਕੇ ਲੋਕਾਂ ਦੇ ਮਨਾਂ ਵਿੱਚ ਬਹੁਤ ਸਵਾਲ ਉੱਠ ਰਹੇ ਹਨ। ਕਈ ਥਾਵਾਂ ‘ਤੇ ਦਾਅਵੇ ਕੀਤੇ ਜਾ ਰਹੇ ਹਨ ਕਿ ਗਰਮ ਮੌਸਮ ਦੀ ਮਦਦ, ਸੂਰਜ ਦੀ ਰੋਸ਼ਨੀ, ਗਰਮ ਪਾਣੀ ਪੀਣ ਅਤੇ ਨਹਾਉਣ ਨਾਲ, ਗਊ-ਮੂਤਰ ਪੀਣ ਨਾਲ, ਗੋਬਰ ਦੇ ਲੇਪ ਨਾਲ, ਪਿਆਜ਼ ਅਤੇ ਲਸਣ ਖਾਣ ਨਾਲ ਅਤੇ ਆਇਸਕ੍ਰੀਮ, ਚਿੱਕਨ, ਅੰਡੇ ਨਾ ਖਾਣ ਨਾਲ ਕਰੋਨਾਵਾਇਰਸ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਲੰਘੇ ਕੁਝ ਦਿਨਾਂ ‘ਚ ਸੋਸ਼ਲ ਮੀਡੀਆ ‘ਤੇ ਇਹਨਾਂ ਉਪਰੋਕਤ ਦਾਅਵਿਆਂ ਦਾ ਜ਼ੋਰ ਚੱਲ ਰਿਹਾ ਹੈ। ਇਹਨਾਂ ਦਾਵਿਆਂ ਨੂੰ ਯਕੀਨੀ ਬਨਾਉਂਣ ਲਈ ਯੂਨਿਸੈਫ਼ ਦੇ ਨਾ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਪਰ, ਯੂਨਿਸੈਫ਼ ਦੇ ਲਈ ਕੰਮ ਕਰਨ ਵਾਲੀ ਸ਼ਾਰਲੇਟ ਗੋਨਿਰਜ਼ਕ ਨੇ ਇਨ੍ਹਾਂ ਸਾਰੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਝੂਠ ਕਿਹਾ ਹੈ। ਉਹਨਾਂ ਕਿਹਾ ਕਿ ਜਦੋਂ ਕਰੋਨਾਵਾਇਰਸ ਪੀੜਤ ਮਨੁੱਖ ਖੰਘਦਾ ਜਾਂ ਨਿੱਛ ਮਾਰਦਾ ਹੈ ਤਾਂ 3,000 ਨਾਲੋਂ ਜ਼ਿਆਦਾ ਕਣ ਉਸਦੇ ਥੁੱਕ ਜ਼ਰੀਏ ਸਰੀਰ ਤੋਂ ਬਾਹਰ ਨਿਕਲਦੇ ਹਨ ਤੇ ਹਵਾ ਵਿੱਚ ਫੈਲ ਜਾਂਦੇ ਹਨ। ਇਨ੍ਹਾਂ ਕਣਾਂ ਕਰਕੇ ਕਰੋਨਾਵਾਇਰਸ ਫੈਲਦਾ ਹੈ। ਪੀੜਤ ਵਿਅਕਤੀ ਦੇ ਨੇੜੇ ਜਾਣ ਨਾਲ ਹਵਾ ਦੇ ਜ਼ਰੀਏ ਇਹ ਕਣ ਸਰੀਰ ਵਿੱਚ ਦਾਖਲ ਹੋ ਸਕਦੇ ਹਨ। ਕਦੇ-ਕਦੇ ਇਹ ਕਣ ਕਪੜਿਆਂ, ਦਰਵਾਜ਼ੇ ਦੇ ਹੈਂਡਲ ਜਾਂ ਹੋਰ ਸਮਾਨ ਉੱਤੇ ਵੀ ਗਿਰ ਸਕਦੇ ਹਨ। ਇਸ ਥਾਂ ‘ਤੇ ਹੱਥ ਲਾਉਣ ਨਾਲ ਕਿਸੇ ਵੀ ਹੋਰ ਵਿਅਕਤੀ ਦੇ ਅੱਖ, ਨੱਕ ਤੇ ਮੂੰਹ ਛੂਹਣ ਨਾਲ ਉਸ ਨੂੰ ਵੀ ਇਹ ਬਿਮਾਰੀ ਹੋ ਸਕਦੀ ਹੈ।
ਅਮਰੀਕਾ ਦੇ ਨੈਸ਼ਨਲ ਇੰਸਟੀਟਿਊਟ ਆਫ਼ ਹੈਲਥ ਮੁਤਾਬਕ ਕਣਾਂ ਵਿੱਚ ਵਾਇਰਸ 3-4 ਘੰਟੇ ਤੱਕ ਜ਼ਿੰਦਾ ਰਹਿ ਸਕਦੇ ਹਨ ਤੇ ਹਵਾ ਵਿੱਚ ਤੈਰ ਸਕਦੇ ਹਨ। ਪਰ ਇਹ ਕਣ ਬਾਹਰੀ ਸਤਾਵਾਂ ਦਰਵਾਜੇ ਦੇ ਹੈਂਡਲ, ਲਿਫ਼ਟ ਦੇ ਬਟਨ ਆਦਿ ਦੇ ਪਰਤ ‘ਤੇ ਹੋਣ ਤਾਂ ਇਹ ਦੋ ਦਿਨਾਂ ਤੱਕ ਐਕਟਿਵ ਰਹਿ ਸਕਦੇ ਹਨ। ਜੇਕਰ ਕਣ ਸਟੀਲ ਦੇ ਪਰਤ ਉੱਤੇ ਡਿੱਗਿਆ ਹੋਵੇ, ਤਾਂ 2 ਤੋਂ 3 ਦਿਨ ਜਿਉਂਦੇ ਰਹਿ ਸਕਦੇ ਹਨ ਅਤੇ ਕਈ ਹਲਾਤਾਂ ‘ਚ ਪੂਰਾ ਹਫ਼ਤਾ ਵੀ ਜਿਉਂਦੇ ਰਹਿ ਸਕਦੇ ਹਨ। ਹਾਂ, ਕੱਪੜਿਆਂ ਆਦਿ ਉੱਤੇ ਕਰੋਨਾਵਾਇਰਸ ਬਹੁਤੀ ਦੇਰ ਜ਼ਿੰਦਾ ਨਹੀਂ ਰਹਿ ਸਕਦਾ।
ਸਿਰਫ ਕਿਸੇ ਦੂਸ਼ਿਤ ਪਰਤ ਨੂੰ ਛੂਹ ਕੇ ਤੁਹਾਨੂੰ ਇਹ ਲਾਗ ਨਹੀਂ ਲੱਗ ਸਕਦੀ। ਜਦੋਂ ਤੱਕ ਇਹ ਤੁਹਾਡੇ ਨੱਕ, ਅੱਖ, ਕੰਨ ਦੇ ਜ਼ਰੀਏ ਸਰੀਰ ਵਿੱਚ ਨਹੀਂ ਜਾਂਦਾ, ਉਸ ਵੇਲੇ ਤੱਕ ਤੁਸੀਂ ਤੰਦਰੁਸਤ ਰਹੋਗੇ। ਇਸ ਲਈ ਬਿਨਾਂ ਹੱਥ ਧੋਏ ਭੋਜਨ ਖਾਣਾ ਬਿਮਾਰੀ ਨੂੰ ਸੱਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਕੁਝ ਵਾਇਰਸ ਵਧਦੇ ਤਾਪਮਾਨ ਨਾਲ ਨਸ਼ਟ ਹੁੰਦੇ ਹਨ ਪਰ ਕਰੋਨਾਵਾਇਰਸ 60 ਤੋਂ 70 ਡਿਗਰੀ ਸੈਲਸਿਅਸ ਦੇ ਤਾਪਮਾਨ ਤੱਕ ਵੀ ਨਸ਼ਟ ਨਹੀਂ ਹੋ ਸਕਦਾ। ਇੰਨਾ ਤਾਪ ਨਾਂ ਤਾਂ ਧਰਤੀ ਉੱਤੇ ਅਤੇ ਨਾ ਹੀ ਕਿਸੇ ਮਨੁੱਖੀ ਸਰੀਰ ‘ਚ ਮਿਲੇਗਾ। ਬਰਤਾਨਵੀ ਡਾਕਟਰ ਸਾਰਾ ਜਾਰਵਿਸ ਦੇ ਕਹਿਣ ਮੁਤਾਬਕ ਸਾਰਸ ਮਹਾਂਮਾਰੀ 2002 ਦੇ ਨਵੰਬਰ ਮਹੀਨੇ ਵਿੱਚ ਸ਼ੁਰੂ ਹੋਈ ਸੀ ਅਤੇ ਅਗਲੇ ਸਾਲ ਇਹ ਜੁਲਾਈ ਦੇ ਮਹੀਨੇ ਵਿੱਚ ਖ਼ਤਮ ਵੀ ਹੋ ਗਈ ਸੀ। ਪਰ ਇਹ ਤਾਪਮਾਨ ਵਧਣ ਕਰਕੇ ਹੋਇਆ ਜਾਂ ਕਿਸੇ ਹੋਰ ਕਾਰਨ, ਇਹ ਦੱਸਣਾ ਔਖਾ ਹੈ। ਅਸੀਂ ਜਾਣਦੇ ਹਾਂ ਕਿ ਫਲੂ ਦੇ ਵਾਇਰਸ ਗਰਮੀਆਂ ਵਿੱਚ ਸਰੀਰ ਦੇ ਬਾਹਰ ਨਹੀਂ ਰਹਿ ਸਕਦੇ ਪਰ ਸਾਨੂੰ ਕਰੋਨਾਵਾਇਰਸ ਉੱਤੇ ਗਰਮੀ ਦੇ ਅਸਰ ਦਾ ਅਜੇ ਵੀ ਪੁੱਖਤਾ ਗਿਆਨ ਨਹੀਂ ਹੈ। ਡਾ. ਪਰੇਸ਼ ਦੇਸ਼ਪਾਂਡੇ ਅਨੁਸਾਰ ਜੇਕਰ ਕੋਈ ਗਰਮੀ ਵਿੱਚ ਛਿੱਕਿਆ ਤਾਂ ਥੁੱਕ ਦੇ ਕਣ ਪਰਤ ਉੱਤੇ ਡਿੱਗ ਕੇ ਜਲਦੀ ਸੁਕ ਜਾਣਗੇ। ਇਸ ਨਾਲ ਕਰੋਨਾਵਾਇਰਸ ਫੈਲਣ ਦਾ ਖਤਰਾ ਘੱਟ ਜਾਵੇਗਾ। ਅੱਜ ਕਰੋਨਾਵਾਇਰਸ ਗ੍ਰੀਨਲੈਂਡ ਵਰਗੇ ਠੰਡੇ, ਦੁਬਈ ਵਰਗੇ ਗਰਮ, ਮੁੰਬਈ ਵਰਗੇ ਨਮੀ ਤੇ ਦਿੱਲੀ ਵਰਗੇ ਸੁਖੇ ਸ਼ਹਿਰ ‘ਚ ਨਿਰੰਤਰ ਵੱਧ ਰਿਹਾ ਹੈ। ਇਸ ਲਈ ਵੱਧਦੇ/ਘਟਦੇ ਤਾਪਮਾਨਾਂ ਦੇ ਭਰੋਸੇ ਲੰਬੀਆਂ ਤਾਣ ਨਾ ਬੈਠੋ। ਕਿਉਂਕਿ, ਇੱਕ ਵਾਰ ਜੇ ਇਹ ਵਾਇਰਸ ਮਨੁੱਖ ਦੇ ਸਰੀਰ ਵਿੱਚ ਘੁੱਸ ਜਾਂਦਾ ਹੈ ਤਾਂ ਉਸ ਨੂੰ ਮਾਰਨ ਦਾ ਤਰੀਕਾ ਅਜੇ ਤੱਕ ਨਹੀਂ ਬਣਿਆ। ਵਿਸ਼ਵ ਸਿਹਤ ਸੰਗਠਨ ਸਮੇਤ ਹਜ਼ਾਰਾਂ ਡਾਕਟਰ ਇਸ ਵਾਇਰਸ ਨੂੰ ਮਾਰਨ ਦੀ ਦਵਾਈ ਦੀ ਭਾਲ ‘ਚ ਹਨ ਪਰ ਅਜੇ ਤੱਕ ਕੋਈ ਕਾਮਯਾਬੀ ਨਹੀਂ ਮਿਲੀ। ਇਸ ਕਰਕੇ ਹੀ ਸਰਕਾਰਾਂ ਵਾਇਰਸ ਤੋਂ ਬੱਚਣ ਲਈ ਆਪਣੇ ਨਾਗਰਿਕਾਂ ਨੂੰ ਜਾਗਰੂਕ ਕਰ ਰਹੀਆਂ ਹਨ। ਆਵਾਜਾਈ ਉੱਤੇ ਰੋਕ ਲਗਾਈ ਜਾ ਰਹੀ ਹੈ ਤੇ ਲੋਕਾਂ ਨੂੰ ਇੱਕ-ਦੂਜੇ ਤੋਂ ਦੂਰ ਰਹਿਣ ਪ੍ਰੇਰਿਆ ਜਾ ਰਿਹਾ ਹੈ। ਮਸਲਨ, ਇਸ ਮਹਾਮਾਰੀ ਨਾਲ ਸਾਡੇ ਸਰੀਰ ਦੀ ਰੋਗ ਪ੍ਰਤਿਰੋਧਕ ਪ੍ਰਣਾਲੀ ਨੂੰ ਹੀ ਲੜਨਾ ਪਵੇਗਾ। ਦੱਸਦੇ ਚੱਲੀਏ ਕਿ ਕਪੜਿਆਂ ਨੂੰ ਧੋ ਕੇ ਇਸ ਵਾਇਰਸ ਨੂੰ ਸਾਫ਼ ਕੀਤਾ ਜਾ ਸਕਦਾ ਹੈ ਪਰ ਸਰੀਰ ਨੂੰ ਸਿਰਫ਼ ਬਾਹਰੋਂ ਧੋ ਕੇ ਇਹ ਮੰਨਣਾ ਕਿ ਇਸ ਵਾਇਰਸ ਤੋਂ ਛੁਟਕਾਰਾ ਮਿਲ ਗਿਆ, ਬਜਰ ਗਲਤੀ ਹੋਵੇਗੀ। ਜਲਦ ਤੋਂ ਜਲਦ ਸਮੁੱਚੇ ਵਿਸ਼ਵ ‘ਚ ਇਸਦੀ ਚੇਨ ਨੂੰ ਤੋੜਦੇ ਹੋਏ ਰੋਗੀ ਅਤੇ ਸਿਹਤਮੰਦ ਸਰੀਰਾਂ ਨੂੰ ਅਲੱਗ ਕਰਨਾ ਪਵੇਗਾ।