ਅੰਮ੍ਰਿਤਸਰ, (ਮੀਡੀਆ ਬਿਊਰੋ ) ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਵੱਲੋਂ ਆਪਣੇ ਹਲਕੇ ਦੇ ਲੋੜਵੰਦ ਲੋਕ ਜੋ ਕਿ ਕਰਫਿਊ ਦੇ ਚੱਲਦੇ ਰੋਟੀ-ਪਾਣੀ ਤੋਂ ਔਖੇ ਸਨ, ਨੂੰ ਰਾਹਤ ਸਮਗਰੀ ਜਿਸ ਵਿਚ ਸੁੱਕਾ ਰਾਸ਼ਨ ਤੇ ਤਿਆਰ ਲੰਗਰ ਸ਼ਾਮਿਲ ਹੈ, ਭੇਜਣ ਦਾ ਸਿਲਸਿਲਾ ਕਰਫਿਊ ਹਟਣ ਦੇ ਬਾਵਜੂਦ ਲਗਾਤਾਰ ਜਾਰੀ ਹੈ। ਅੱਜ ਫਿਰ ਉਨਾਂ ਆਪਣੇ ਹਲਕੇ ਦੇ 2 ਹਜ਼ਾਰ ਪਰਿਵਾਰਾਂ ਲਈ ਸੁੱਕੇ ਰਾਸ਼ਨ ਦੇ 6 ਗੱਡੀਆਂ ਭੇਜੀਆਂ, ਜੋ ਕਿ ਵਾਰਡ ਨੰਬਰ 49,50, 59, 60, 61 ਅਤੇ 71 ਵਿਚ ਵੰਡੇ ਜਾਣਗੇ।
ਇਸ ਮੌਕੇ ਰਾਸ਼ਨ ਵੰਡਣ ਲਈ ਗਈ ਟੀਮ ਨੂੰ ਹਦਾਇਤ ਕਰਦੇ ਸ੍ਰੀ ਸੋਨੀ ਨੇ ਕਿਹਾ ਕਿ ਭਾਵੇਂ ਕਿ ਕਰਫਿਊ ਹਟ ਗਿਆ ਹੈ, ਪਰ ਅਜੇ ਵੀ ਦਿਹਾੜੀਦਾਰ ਵਰਗ ਪੂਰੀ ਤਰਾਂ ਕਮਾਉਣ ਦੇ ਸਮਰੱਥ ਨਹੀਂ ਹੋਇਆ, ਕਿਉਂਕਿ ਕਈ ਕੰਮ ਅਜੇ ਵੀ ਤੁਰੇ ਨਹੀਂ, ਸੋ ਲੋੜਵੰਦ ਪਰਿਵਾਰ ਦੀ ਪਛਾਣ ਕਰਕੇ ਉਨਾਂ ਨੂੰ ਰਾਸ਼ਨ ਦਿੱਤਾ ਜਾਵੇ। ਉਨਾਂ ਕਿਹਾ ਕਿ ਕਿ ਅਜਿਹੇ ਸੰਕਟ ਮੌਕੇ ਅੱਜ ਸਾਨੂੰ ਸਾਰਿਆਂ ਨੂੰ ਆਪਣੇ ਕਾਰੋਬਾਰ ਦੇ ਨਾਲ-ਨਾਲ ਆਪਣੇ ਗੁਆਂਢ ਰਹਿੰਦੇ ਪਰਿਵਾਰਾਂ, ਕਾਰੋਬਾਰ ਉਤੇ ਕੰਮ ਕਰਦੇ ਕਰਮਚਾਰੀਆਂ ਤੇ ਹੋਰ ਲੋਕਾਂ ਦਾ ਦਰਦ ਪਛਾਣਨ ਅਤੇ ਉਨਾਂ ਦੀ ਮਦਦ ਕਰਨ ਦੀ ਲੋੜ ਹੈ। ਸ੍ਰੀ ਸੋਨੀ ਨੇ ਰਾਹਤ ਕੰਮਾਂ ਵਿਚ ਜੁਟੀਆਂ ਗੈਰ ਸਰਕਾਰੀ ਸੰਸਥਾਵਾਂ ਦਾ ਧੰਨਵਾਦ ਕਰਦੇ ਕਿਹਾ ਕਿ ਤੁਹਾਡੀ ਬਦੌਲਤ ਹੀ ਲੱਖਾਂ ਲੋਕਾਂ ਨੂੰ ਰੋਟੀ ਨਸੀਬ ਹੋ ਰਹੀ ਹੈ। ਇਸ ਮੌਕੇ ਉਨਾਂ ਨਾਲ ਸ੍ਰੀ ਵਿਕਾਸ ਸੋਨੀ, ਸ੍ਰੀ ਰਾਘਵ ਸੋਨੀ, ਸ੍ਰੀ ਸੁਨੀਲ ਕੁਮਾਰ ਪੌਂਟੀ, ਸ੍ਰੀ ਮਹੇਸ਼ ਖੰਨਾ, ਸ੍ਰੀਮਤੀ ਰਾਜਬੀਰ ਕੌਰ, ਸ੍ਰੀ ਅਰੁਨ ਕੁਮਾਰ ਪੱਪਲ, ਸ੍ਰੀ ਗੁਰਦੇਵ ਦਾਰਾ, ਸ੍ਰੀ ਲਖਵਿੰਦਰ ਸਿੰਘ, ਸ੍ਰੀ ਦਵਾਰਕਾ ਦਾਸ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।