ਖੰਨਾ (ਪਰਮਜੀਤ ਸਿੰਘ ਧੀਮਾਨ) : ਪਹਿਲਾ ਹੀ ਮਹਿੰਗਾਈ ਦੀ ਮਾਰ ਝੱਲਦਿਆਂ ਅਤੇ ਕਰੋਨਾ ਵਾਇਰਸ ਵਰਗੀ ਮਹਾਂਮਾਰੀ ਕਾਰਨ ਲੱਗੇ ਕਰਫਿਊ ਦੌਰਾਨ ਪੰਜਾਬ ਸਰਕਾਰ ਵੱਲੋਂ ਪਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਕੀਤੇ ਵਾਧੇ ਨੂੰ ਵੱਖ ਵੱਖ ਜੱਥੇਬੰਦੀਆਂ ਨੇ ਲੋਕ ਵਿਰੋਧੀ ਕਰਾਰ ਦਿੱਤਾ। ਇਸ ਸਬੰਧੀ ਬੋਲਦਿਆਂ ਸੀਪੀਐਮ ਤਹਿਸੀਲ ਸਮਰਾਲਾ ਦੇ ਸਕੱਤਰ ਕਾ. ਹਰਪਾਲ ਸਿੰਘ ਪੂਰਬਾ ਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਕਾ. ਬਲਬੀਰ ਸਿੰਘ ਸੁਹਾਵੀ ਇਸ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਲੋਕ ਮਾਰੂ, ਮਜ਼ਦੂਰ ਕਿਸਾਨ ਤੇ ਮੁਲਾਜ਼ਮ ਵਿਰੋਧੀ ਹੋਣ ਕਾਰਨ ਲੋਕ ਪਹਿਲਾ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ ਅਤੇ ਸਰਕਾਰ ਨੇ ਇਨਾਂ ਕੀਮਤਾਂ ‘ਚ ਵਾਧਾ ਕਰਕੇ ਲੱਖਾਂ ਦੀ ਗਿਣਤੀ ‘ਚ ਬੇਰੁਜ਼ਗਾਰ ਹੋਏ ਲੋਕਾਂ ਲਈ ਬਲਦੀ ‘ਤੇ ਤੇਲ ਦਾ ਕੰਮ ਕੀਤਾ ਹੈ।
ਉਨਾਂ ਕਿਹਾ ਕਿ ਪਟਰੋਲ, ਡੀਜ਼ਲ ਦੀਆਂ ਕੀਮਤਾਂ ‘ਚ ਕੀਤਾ ਵਾਧਾ ਕਿਸਾਨੀ ਲਈ ਘੋਰ ਮਾਰੂ ਸਾਬਤ ਹੋਵੇਗਾ ਅਤੇ ਨਿੱਤ ਵਰਤੋਂ ਦੀਆਂ ਵਸਤਾਂ ਅੰਦਰ ਮਹਿੰਗਾਈ ਵੀ ਵਧੇਗੀ। ਬਿਜਲੀ ਦੀਆਂ ਕੀਮਤਾਂ ਪਹਿਲਾਂ ਹੀ ਲੋਕਾਂ ਦਾ ਕਚੂਮਰ ਕੱਢ ਰਹੀਆਂ ਹਨ। ਉਪਰੋਕਤ ਆਗੂਆਂ ਨੇ ਅੰਤਰ ਰਾਸ਼ਟਰੀ ਮਾਰਕੀਟ ਅੰਦਰ ਕੱਚੇ ਤੇਲ ਦੀਆਂ ਕੀਮਤਾਂ ਵਿਚ ਆ ਰਹੀ ਭਾਰੀ ਗਿਰਾਵਟ ਨੂੰ ਦੇਖਦਿਆਂ ਪਟਰੋਲ ਡੀਜ਼ਲ ਦੀਆਂ ਕੀਮਤਾਂ ‘ਚ ਕਟੌਤੀ ਕਰਨ ਦੀ ਮੰਗ ਕੀਤੀ।