ਹੁਸ਼ਿਆਰਪੁਰ(ਮੀਡੀਆ ਬਿਊਰੋ) ਚੇਅਰਮੈਨ ਮਿਲਕਫੈਡ ਪੰਜਾਬ ਕੈਪਟਨ ਹਰਮਿੰਦਰ ਸਿੰਘ ਵਲੋਂ ਪੰਜਾਬ ਦਾ ਦੌਰਾ ਸ਼ੁਰੂ ਕਰਦਿਆਂ ਅੱਜ ਵੇਰਕਾ ਮਿਲਕ ਪਲਾਂਟ ਹੁਸ਼ਿਆਰਪੁਰ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਉਨਾਂ ਕਰਫਿਊ ਦਰਮਿਆਨ ਮਿਲਕਫੈਡ ਵਲੋਂ ਦੁੱਧ ਉਤਪਾਦਕਾਂ ਦੀ ਸਹੂਲਤ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸ੍ਰੀ ਹਰਮਿੰਦਰ ਸਿੰਘ ਨੇ ਹਦਾਇਤ ਕਰਦਿਆਂ ਕਿਹਾ ਕਿ ਇਸ ਮੁਸ਼ਕਲ ਦੌਰ ਵਿੱਚ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣੀ ਚਾਹੀਦੀ। ਉਨਾਂ ਕਿਹਾ ਕਿ ਦੁੱਧ ਅਤੇ ਦੁੱਧ ਪਦਾਰਥਾਂ ਨੂੰ ਤਿਆਰ ਕਰਦੇ ਸਮੇਂ ਵਰਲਡ ਹੈਲਥ ਆਰਗੇਨਾਈਜੇਸ਼ਨ ਵਲੋਂ ਨਿਰਧਾਰਤ ਮਾਪਦੰਡਾਂ ਅਤੇ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।
ਚੇਅਰਮੈਨ ਮਿਲਕਫੈਡ ਪੰਜਾਬ ਨੇ ਪਲਾਂਟ ਦੇ ਦੌਰੇ ਦੌਰਾਨ ਜਿਥੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕੀਤਾ, ਉਥੇ ਸਾਫ਼ ਸਫਾਈ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ। ਉਨਾਂ ਕਿਹਾ ਕਿ ਕੋਵਿਡ-19 ਦੇ ਪ੍ਰਭਾਵ ਨੂੰ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਦੁੱਧ ਦੀ ਸਪਲਾਈ ਨਿਰਵਿਘਨ ਜਾਰੀ ਰੱਖੀ ਜਾਵੇ। ਉਨਾਂ ਕੰਮ ਕਰ ਰਹੇ ਵਰਕਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਔਖੀ ਘੜੀ ਵਿੱਚ ਸਮੁੱਚੀ ਟੀਮ ਨੇ ਇਕ ਫੌਜੀ ਦੀ ਤਰਾਂ ਪਿੰਡਾਂ ਵਿੱਚੋਂ ਸੋਸਾਇਟੀਆਂ ਕੋਲੋਂ ਕਿਸਾਨਾਂ ਦਾ ਦੁੱਧ ਚੁੱਕਿਆ ਅਤੇ ਘਰ-ਘਰ ਲੋਕਾਂ ਤੱਕ ਵੀ ਪਹੁੰਚਾਇਆ। ਉਨਾਂ ਕਿਹਾ ਕਿ ਵੇਰਕਾ ਵਲੋਂ ਦੁੱਧ ਅਤੇ ਦੁੱਧ ਉਤਪਾਦਕਾਂ ਦੀ ਸਪਲਾਈ ਜਾਰੀ ਹੈ। ਇਸ ਦੇ ਨਾਲ ਹੀ ਪੰਜਾਬ ਸਮੇਤ ਹਿਮਾਚਲ ਸੂਬੇ ਵਿੱਚ ਵੀ ਵੇਰਕਾ ਘਰ-ਘਰ ਪਸੰਦ ਕੀਤਾ ਜਾਣ ਵਾਲਾ ਬਰਾਂਡ ਬਣ ਗਿਆ ਹੈ। ਇਸ ਮੌਕੇ ਚੇਅਰਮੈਨ ਮਿਲਕ ਪਲਾਂਟ ਹੁਸ਼ਿਆਰਪੁਰ ਸ੍ਰੀ ਵਰਿੰਦਰ ਕੁਮਾਰ ਪਰਮਾਰ, ਮੈਨੇਜਰ ਪ੍ਰੋਡਕਸ਼ਨ ਸ੍ਰੀ ਸਤਿੰਦਰ ਮੋਰਿਆ, ਮੈਨੇਜਰ ਇੰਜੀਨੀਅਰਿੰਗ ਸ੍ਰੀ ਸਵਰਾਜ ਪਾਲ ਸਿੰਘ, ਇੰਚਾਰਜ ਦੁੱਧ ਪ੍ਰਾਪਤੀ ਸ੍ਰੀ ਗੁਰਪਾਲ ਸਿੰਘ, ਮੰਡਲ ਡਿਪਟੀ ਮੈਨੇਜਰ ਸ੍ਰੀ ਸੁਮੀਰ ਕੁਮਾਰ, ਸ੍ਰੀ ਦਿਨੇਸ਼ ਰੋਘਾ, ਮਿਸ ਕ੍ਰਿਤਿਕਾ ਕਟਿਆਲ, ਜੀ. ਐਮ ਮਿਲਕ ਪਲਾਂਟ ਹੁਸ਼ਿਆਰਪੁਰ ਸ਼੍ਰੀ ਅਸਿਤ ਸ਼ਰਮਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।