ਕਰਫਿਊ ਦੀ ਪਾਲਣਾ ਨਾ ਕਰਨ ਵਾਲੇ 841 ਵਿਅਕਤੀਆਂ ਖਿਲਾਫ ਦਰਜ ਕੀਤੇ ਮੁਕਦਮੇ

ਡਾ. ਸੁਖਚੈਨ ਸਿੰਘ ਗਿੱਲ ਪੁਲਿਸ ਕਮਿਸ਼ਨਰ ਅੰਮ੍ਰਿਤਸਰ

ਅੰਮ੍ਰਿਤਸਰ, (ਮੀਡੀਆ ਬਿਊਰੋ ) ਕੋਵਿਡ 19 ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੌਰਾਨ ਪੰਜਾਬ ਪੁਲਿਸ ਨੇ ਡਿਊਟੀ ਦੇ ਨਾਲ-ਨਾਲ ਕਈ ਹੋਰ ਜ਼ਿੰਮੇਵਾਰੀਆਂ ਨੂੰ ਨਿਭਾਇਆ, ਜਿਸ ਨਾਲ ਕਈ ਘਰਾਂ ਦੇ ਚੁੱਲੇ ਬਲੇ ਅਤੇ ਕਈਆਂ ਨੂੰ ਦਵਾਈ ਨਸੀਬ ਹੋਈ। ਡਾ. ਸੁਖਚੈਨ ਸਿੰਘ ਗਿੱਲ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਪੁਲਿਸ ਨੇ ਇਸ ਸਮੇਂ ਦੌਰਾਨ ਸਿਵਲ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਨਾਲ ਮਿਲ ਕੇ ਕੰਮ ਕੀਤਾ। ਡਾ. ਗਿੱਲ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਵਿਚ ਇਸ ਸਮੇਂ ਦੌਰਾਨ 4550 ਜਵਾਨ ਵੱਖ-ਵੱਖ ਥਾਵਾਂ ਉਤੇ ਲਗਾਏ ਨਾਕਿਆਂ, ਬੀਟਾਂ ਅਤੇ ਆਈਸੋਲੇਸ਼ਨ ਵਾਰਡ ਤੇ ਗਾਰਦ ਡਿਊਟੀ ਕਰ ਰਹੇ ਹਨ।

ਲਾਕਡਾਊਨ ਵਿਚ ਪੁਲਿਸ ਨੇ ਨਾ ਕੇਵਲ ਲੋਕਾਂ ਨੂੰ ਘਰਾਂ ਵਿਚ ਰਹਿਣ ਲਈ ਪ੍ਰੇਰਿਤ ਹੀ ਕੀਤਾ, ਬਲਕਿ ਕਰਫਿਊ ਦੀ ਪਾਲਣਾ ਨਾ ਕਰਨ ਵਾਲੇ 814 ਵਿਅਕਤੀਆਂ ਖਿਲਾਫ 559 ਮੁਕੱਦਮੇ ਦਰਜ ਕੀਤੇ ਗਏ ਅਤੇ 18168 ਵਿਅਕਤੀਆਂ ਨੂੰ ਕਾਬੂ ਕਰਕੇ ਵਾਰਨਿੰਗ ਦੇ ਕੇ ਛੱਡਿਆ ਗਿਆ। ਇਸ ਤੋਂ ਇਲਾਵਾ 436 ਵਹੀਕਲ ਇੰਪਾਊਂਡ ਅਤੇ ਵੱਖ-ਵੱਖ ਕੇਸਾਂ ਵਿਚ 57 ਵਹੀਕਲ ਸੀਜ਼ਡ ਕੀਤੇ ਗਏ।ਉਨਾਂ ਦੱਸਿਆ ਕਿ ਸੋਸ਼ਲ ਮੀਡੀਆ ਉਤੇ ਚੱਲਦੇ ਗਲਤ ਪ੍ਰਚਾਰ ਤੇ ਝੂਠੀਆਂ ਖਬਰਾਂ ਵਾਇਰਲ ਕਰਨ ਵਾਲੇ ਖਿਲਾਫ ਕਾਰਵਾਈ ਕਰਦੇ ਹੋਏ 2 ਮੁਕੱਦਮੇ ਵੀ ਪੁਲਿਸ ਵੱਲੋਂ ਦਰਜ ਕੀਤੇ ਗਏ।
ਡਾ. ਗਿਲ ਨੇ ਦੱਸਿਆ ਕਿ ਪੁਲਿਸ ਨੇ ਇਸ ਸਮੇਂ ਦੌਰਾਨ ਕੇਵਲ ਅਮਨ-ਕਾਨੂੰਨ ਕਾਇਮ ਰੱਖਣ ਲਈ ਕੰਮ ਹੀ ਨਹੀਂ ਕੀਤਾ ਬਲਕਿ ਲੋੜਵੰਦ ਲੋਕਾਂ ਨੂੰ ਰਾਸ਼ਨ ਅਤੇ ਦਵਾਈਆਂ ਦੇਣ ਦੀ ਸੇਵਾ ਵੀ ਨਿਭਾਈ। ਇਸ ਸਮੇਂ ਦੌਰਾਨ ਸ਼ਹਿਰੀ ਖੇਤਰ ਵਿਚ ਹੀ ਪੁਲਿਸ ਨੇ 7 ਲੱਖ 78 ਹਜ਼ਾਰ 672 ਪਰਿਵਾਰਾਂ ਨੂੰ ਲੰਗਰ ਅਤੇ 7 ਲੱਖ 22 ਹਜ਼ਾਰ 698 ਪਰਿਵਾਰਾਂ ਨੂੰ ਸੁੱਕਾ ਰਾਸ਼ਨ ਦੇ ਕੇ ਉਨਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ। ਇਸ ਤੋਂ ਇਲਾਵਾ ਪੁਲਿਸ ਨੇ ਡਾਕਟਰੀ ਲੋੜ ਵਾਲੇ ਮਰੀਜ਼ਾਂ ਨੂੰ ਦਵਾਈਆਂ ਤੱਕ ਦੇਣ ਦਾ ਕੰਮ ਕੀਤਾ। ਪੁਲਿਸ ਕਮਿਸ਼ਨਰ ਨੇ ਇਸ ਸੇਵਾ ਲਈ ਸਾਰੇ ਜਵਾਨਾਂ ਤੇ ਅਧਿਕਾਰੀਆਂ ਦੀ ਪ੍ਰਸੰਸ਼ਾ ਕਰਦੇ ਕਿਹਾ ਕਿ ਪੁਲਿਸ ਨੇ ਲੋੜਵੰਦ ਪਰਿਵਾਰਾਂ ਦੀ ਬਾਂਹ ਫੜ ਕੇ ਮਨੁੱਖਤਾ ਦੀ ਸੇਵਾ ਦੀ ਮਿਸਾਲ ਕਾਇਮ ਕੀਤੀ ਹੈ।ਉਨਾਂ ਦੱਸਿਆ ਕਿ 22 ਮਾਰਚ ਨੂੰ ਹੀ ਅਸੀਂ ਅਸਲਾ ਬਰਾਂਚ ਵਿਚ ਆਪਣਾ ਕੰਟਰੋਲ ਰੂਮ ਸਥਾਪਿਤ ਕੀਤਾ ਸੀ। ਇਸ ਕੰਟਰੋਲ ਰੂਮ ਦੀ ਨਿਗਰਾਨੀ ਡੀ. ਸੀ. ਪੀ (ਲਾਅ ਐਂਡ ਆਰਡਰ) ਕਰ ਰਹੇ ਹਨ ਅਤੇ ਨੋਡਲ ਅਫਸਰ ਵਜੋਂ ਸ੍ਰੀ ਸੁਸ਼ੀਲ ਕੁਮਾਰ (ਏ ਸੀ ਪੀ) ਅਤੇ ਇੰਸਪੈਕਟਰ ਅਨੂਪ ਕੁਮਾਰ ਸਮੇਤ ਸਟਾਫ 24 ਘੰਟੇ ਕੰਮ ਕਰ ਰਹੇ ਹਨ।

Share This :

Leave a Reply