ਅੰਮ੍ਰਿਤਸਰ (ਮੀਡੀਆ ਬਿਊਰੋ ) ਕਣਕ ਦੀ ਸਰਕਾਰੀ ਖਰੀਦ ਕੱਲ੍ਹ ਤੋਂ ਸ਼ੁਰੂ ਹੋਈ ਹੈ, ਪਰ ਜਿਲ੍ਹੇ ਵਿਚ ਕਣਕ ਦੀ ਕਟਾਈ ਸ਼ੁਰੂ ਨਾ ਹੋਣ ਕਾਰਨ ਅਜੇ ਮੰਡੀ ਵਿਚ ਫਸਲ ਨਹੀ ਆਈ, ਪਰ ਮੰਡੀ ਬੋਰਡ ਵੱਲੋਂ ਸਾਰੇ ਪ੍ਰਬੰਧ ਕਰ ਲਏ ਗਏ ਹਨ। ਇਹ ਪ੍ਰਗਟਾਵਾ ਕਰਦੇ ਮੰਡੀ ਅਧਿਕਾਰੀ ਸ੍ਰੀ ਜਸਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਨਿਰਵਿਘਨ ਖਰੀਦ ਦੇ ਪ੍ਰਬੰਧਾਂ ਵਿੱਚ ਰੁਕਾਵਟ ਪਾਉਣ ਦੀ ਧਮਕੀ ਦੇਣ ਵਾਲੇ ਲੋਕਾਂ ਪ੍ਰਤੀ ਸਖਤ ਰੁਖ ਅਪਣਾਉਂਦਿਆਂ
ਪੰਜਾਬ ਮੰਡੀ ਬੋਰਡ ਨੇ ਬੁੱਧਵਾਰ ਨੂੰ ਸੂਬਾ ਭਰ ਦੀਆਂ ਮਾਰਕੀਟ ਕਮੇਟੀਆਂ ਦੇ ਸਮੂਹ ਸੱਕਤਰਾਂ ਨੂੰ ਹਦਾਇਤ ਕੀਤੀ ਕਿ ਜੇਕਰ ਕੋਈ ਵਿਅਕਤੀ ਖਰੀਦ ਕਾਰਜਾਂ ਵਿੱਚ ਅੜਿੱਕਾ ਪਾਉਂਦਾ ਹੈ ਤਾਂ ਉਸ ਖਿਲਾਫ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ। ਮੰਡੀ ਬੋਰਡ ਦੇ ਸੱਕਤਰ ਸ੍ਰੀ ਰਵੀ ਭਗਤ ਵੱਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਜੋ ਵੀ ਧਿਰ ਕਣਕ ਦੀ ਖਰੀਦ ਦੇ ਕੰਮ ਵਿਚ ਰੁਕਾਵਟ ਬਣੇਗੀ, ਉਸਦੇ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ ਅਤੇ ਉਨ੍ਹਾਂ ਨੂੰ ਆਫਤਨ ਪ੍ਰਬੰਧਨ ਐਕਟ, 2005 ਦੀਆਂ ਸਖਤ ਧਾਰਾਵਾਂ ਤਹਿਤ ਕਾਰਵਾਈ ਵੀ ਕੀਤੀ ਜਾਵੇਗੀ। ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਨਾ ਆਉਣ ਨੂੰ ਯਕੀਨੀ ਬਣਾਉਣ ਲਈ ਸ੍ਰੀ ਭਗਤ ਨੇ ਹੜਤਾਲ ’ਤੇ ਜਾਣ ਦੀ ਧਮਕੀ ਦੇਣ ਵਾਲੇ ਆੜ੍ਹਤੀਆ ਕੋਲ ਫਸਲ ਲੈ ਕੇ ਜਾਣ ਵਾਲੇ ਸਾਰੇ ਕਿਸਾਨਾਂ ਦੇ ਪਾਸ ਤੁਰੰਤ ਰੱਦ ਕਰਨ ਅਤੇ ਉਸੇ ਮੰਡੀ ਵਿੱਚ ਕੰਮ ਕਰ ਰਹੇ ਹੋਰ ਆੜ੍ਹਤੀਆਂ ਕੋਲ ਫਸਲ ਲਿਜਾਣ ਲਈ ਇਹਨਾਂ ਕਿਸਾਨਾਂ ਨੂੰ ਪਾਸ ਮੁੜ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ।