ਫ਼ਤਹਿਗੜ੍ਹ ਸਾਹਿਬ (ਸੂਦ)-ਪੰਜਾਬ ਸਰਕਾਰ ਦੇ ਫੂਡ ਸਿਵਲ ਸਪਲਾਈ ਅਤੇ ਉਪਭੋਗਤਾ ਮਾਮਲੇ ਵਿਭਾਗ ਵੱਲੋਂ ਜੁਆਇੰਟ ਡਾਇਰੈਕਟਰ ਖਰੀਦ ਫੂਡ ਸਿਵਲ ਸਪਲਾਈ ਦੇ ਦਸਤਖਤਾਂ ਹੇਠ ਜਾਰੀ ਹੋਏ ਪੱਤਰ ਵਿੱਚ ਜਿਲ੍ਹਾ ਪਟਿਆਲਾ, ਫਤਹਿਗੜ੍ਹ ਸਾਹਿਬ ਅਤੇ ਮੋਹਾਲੀ ਦੀਆਂ ਅਨਾਜ ਮੰਡੀਆਂ ਵਿੱਚ ਖਰੀਦ ਕਰ ਰਹੀਆਂ ਪੰਜਾਬ ਸਰਕਾਰ ਦੀਆਂ ਖਰੀਦ ਏਜੰਸੀਆਂ ਪੰਜਾਬ ਸਟੇਟ ਵੇਅਰਹਾਉਸ ਮਾਰਕਫੈਡ ਅਤੇ ਪਨਸਪ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਮੀਂਹ ਨਾਲ ਭਿੱਜੀ ਕਣਕ ਦੀ ਖਰੀਦ ਕਰਨ ਲਈ ਕਿਸਾਨਾਂ ਤੋਂ ਕਣਕ ਦਾ ਨਮੀ ਮੁਤਾਬਿਕ ਪ੍ਰਤੀ ਕੁਆਂਟਿਲ ਦੇ ਹਿਸਾਬ ਰੁਪਇਆਂ ਵਿੱਚ ਕਟੌਤੀ ਕੀਤੀ ਜਾਵੇ ਜੋਕਿ ਪੰਜਾਬ ਸਰਕਾਰ ਦਾ ਕਿਸਾਨ ਮਾਰੂ ਵੱਡਾ ਫੈਸਲਾ ਹੈ।
ਇਸ ਗੱਲ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਪ੍ਰਧਾਨ ਤੇੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪੱਤਰਕਾਰਾਂ ਨੂੰ ਇਸ ਕਿਸਾਨ ਵਿਰੋਧੀ ਫੈਸਲੇ ਦਾ ਪੰਜਾਬ ਸਰਕਾਰ ਦੇ ਫੂਡ ਸਪਲਾਈ ਵਿਭਾਗ ਵੱਲੋਂ ਭੇਜੇ ਪੱਤਰ ਬਾਰੇ ਫੋਨ ਤੇ ਜਾਣਕਾਰੀ ਦੇਣ ਸਮੇਂ ਕੀਤਾ। ਰਾਜੂ ਖੰਨਾ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਮੰਦਭਾਗਾ ਦੱਸਦੇ ਹੋਏ ਕਿਹਾ ਕਿ ਇਸ ਫੈਸਲੇ ਨਾਲ ਕਿਸਾਨਾਂ ਉੱਪਰ ਵੱਡਾ ਬੋਝ ਪਵੇਗਾ ਕਿਉਂਕਿ ਪੰਜਾਬ ਦੇ ਕਿਸਾਨ ਜੋ ਦੇਸ਼ ਦੇ ਅੰਨ ਭੰਡਾਰ ਵਿੱਚ ਹੱਡ ਭੰਨਵੀ ਮਿਹਨਤ ਕਰਕੇ ਵੱਡਾ ਯੋਗਦਾਨ ਪਾਉਂਦੇ ਹਨ ਉਹਨਾਂ ਦੀ ਕਣਕ ਮੰਡੀਆਂ ਵਿੱਚੋਂ ਬਿਨਾ ਕਿਸੇ ਕਟੌਤੀ ਤੋਂ ਚੁੱਕਣ ਦੀ ਬਜਾਏ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਕਣਕ ਤੇ ਪ੍ਰਤੀ ਕੁਆਂਟਿਲ ਦੇ ਹਿਸਾਬ ਨਾਲ ਵੱਡੇ ਵੱਡੇ ਕੱਟ ਲਗਾਉਣ ਦਾ ਫੁਰਮਾਨ ਜਾਰੀ ਕਰ ਦਿੱਤਾ ਹੈ ਜਿਸ ਦਾ ਵਿਰੋਧ ਸਮੁੱਚੇ ਕਿਸਾਨ ਹੀ ਨਹੀਂ ਕਰ ਰਹੇ ਸਗੋਂ ਇਸ ਮੰਦਭਾਗੇ ਫੈਸਲੇ ਦਾ ਸ਼੍ਰੋਮਣੀ ਅਕਾਲੀ ਦਲ ਵੀ ਡੱਟ ਕੇ ਵਿਰੋਧ ਕਰੇਗਾ। ਕਿਉਂਕਿ ਇਸ ਸੰਕਟ ਦੀ ਘੜੀ ਵਿੱਚ ਕਿਸਾਨਾਂ ਦੀ ਬਾਂਹ ਫੜਨ ਦੀ ਬਜਾਏ ਪੰਜਾਬ ਸਰਕਾਰ ਵੱਲੋਂ ਕਿਸਾਨਾ ਦੀ ਮੰਡੀਆਂ ਵਿੱਚ ਆਈ ਕਣਕ ਨੂੰ ਖਰੀਦ ਕਰਨ ਵਿੱਚ ਆਨਾਕਾਨੀ ਕਰਦੇ ਹੋਏ ਕਣਕ ਉੱਪਰ ਕੱਟ ਲਗਾਉਣ ਦਾ ਫੈਸਲਾ ਲੈ ਲਿਆ ਗਿਆ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਰਾਜੂ ਖੰਨਾ ਨੇ ਕਿ ਸ਼੍ਰੌਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ, ਮਜਦੂਰਾਂ ਅਤੇ ਵਪਾਰੀਆਂ ਨਾਲ ਡੱਟ ਕੇ ਖੜਾ ਹੈ ਤੇ ਅੱਜ ਵੀ ਕਿਸਾਨਾਂ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਇਸ ਫੈਸਲੇ ਨੂੰ ਲੈੇਕੇ ਕਿਸਾਨਾਂ ਦੇ ਹਰ ਸੰਘਰਸ਼ ਵਿੱਚ ਅਗਲੀਆਂ ਸਫਾ ਵਿੱਚ ਰਹਿ ਕੇ ਇਸ ਫੈਸਲੇ ਨੂੰ ਵਾਪਸ ਕਰਵਾਉਣ ਲਈ ਆਪਣਾ ਬਣਦਾ ਯੋਗਦਾਨ ਪਾਵੇਗਾ। ਕਿਸਾਨਾਂ ਦੀ ਕਣਕ ਉੇੱਪਰ ਪੱਤਰ ਮੁਤਾਬਿਕ ਲਗਾਏ ਗਏ ਪ੍ਰਤੀ ਕੁਆਂਟਿਲ ਰੁਪਈਆਂ ਵਿੱਚ ਕੱਟਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ ਜਿਸ ਮੁਤਾਬਿਕ ਮੀਂਹ ਨਾਲ ਭਿੱਜੀ ਕਣਕ ਅਤੇ ਕਣਕ ਦੇ ਚਿੱਟੇ ਹੋਏ ਦਾਣੇ ਦੀ ਢੇਰੀ ਤੇ ਇਹ ਕੱਟ ਲਗਾਏ ਜਾਣਗੇ : 6 ਪ੍ਰਤੀਸ਼ਤ ਤੋਂ ਲੈਕੇ 8 ਪ੍ਰਤੀਸ਼ਤ ਤੱਕ 4 ਰੁਪਏ 81 ਪੈਸੇ ਕੱਟ ਪ੍ਰਤੀ ਕੁਆਂਟਿਲ, 6 ਪ੍ਰਤੀਸ਼ਤ ਤੋਂ ਲੈਕੇ 10 ਪ੍ਰਤੀਸ਼ਤ ਤੱਕ 9 ਰੁਪਏ 62 ਪੈਸੇ ਕੱਟ ਪ੍ਰਤੀ ਕੁਆਂਟਿਲ, 10 ਪ੍ਰਤੀਸ਼ਤ ਤੋਂ ਲੈਕੇ 12 ਪ੍ਰਤੀਸ਼ਤ ਤੱਕ 14 ਰੁਪਏ 43 ਪੈਸੇ ਕੱਟ ਪ੍ਰਤੀ ਕੁਆਂਟਿਲ, 12 ਪ੍ਰਤੀਸ਼ਤ ਤੋਂ ਲੈਕੇ 14 ਪ੍ਰਤੀਸ਼ਤ ਤੱਕ 19 ਰੁਪਏ 25 ਪੈਸੇ ਕੱਟ ਪ੍ਰਤੀ ਕੁਆਂਟਿਲ ਅਤੇ 14 ਪ੍ਰਤੀਸ਼ਤ ਤੋਂ ਲੈਕੇ 16 ਪ੍ਰਤੀਸ਼ਤ ਤੱਕ 24 ਰੁਪਏ 6 ਪੈਸੇ ਕੱਟ ਪ੍ਰਤੀ ਕੁਆਂਟਿਲ ਕਿਸਾਨਾਂ ਤੋਂ ਕੱਟ ਦੇ ਰੂਪ ਵਿੱਚ ਖਰੀਦ ਏਜੰਸੀਆਂ ਵੱਲੋਂ ਲਏ ਜਾਣਗੇ ਜਿਸ ਨੂੰ ਲੈਕੇ ਮੰਡੀਆਂ ਵਿੱਚ ਕਣਕ ਲੈਕੇ ਆਏ ਕਿਸਾਨਾਂ ਵਿੱਚ ਜਿੱਥੇ ਭਾਰੀ ਰੋਸ਼ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਆੜਤੀਏ ਵੀ ਇਸ ਫੈਸਲੇ ਨੂੰ ਲੈਕੇ ਕਿਸਾਨਾਂ ਪ੍ਰਤੀ ਚਿੰਤਤ ਹਨ।






















