ਕਣਕ ਦੀ ਕਟਾਈ ਲਈ ਕਿਸਾਨਾਂ/ਖੇਤ ਮਜ਼ਦੂਰਾਂ ਦੇ ਖੇਤ ਆਉਣ-ਜਾਣ ਦਾ ਸਮਾਂ ਸਵੇਰੇ 6 ਤੋਂ ਸ਼ਾਮ 8 ਵਜੇ ਤੱਕ

ਕਿਸਾਨਾਂ ਲਈ ਮੰਡੀਆਂ ’ਚ ਜਾਣ ਦਾ ਸਮਾਂ ਸਵੇਰੇ 6 ਤੋਂ ਸ਼ਾਮ 7 ਵਜੇ ਤੱਕ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਕਣਕ ਦੀ ਕਟਾਈ ਦੇ ਸੀਜ਼ਨ ਦੇ ਮੱਦੇਨਜ਼ਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਸ੍ਰੀ ਵਿਨੈ ਬਬਲਾਨੀ ਜ਼ਿਲ੍ਹਾ ਮੈਜਿਸਟ੍ਰੇਟ ਨੇ ਕੋਵਿਡ-19 ਦੀ ਰੋਕਥਾਮ ਲਈ ਲਾਈਆਂ ਪਾਬੰਦੀਆਂ ਅਤੇ ਕਰਫਿਊ ਤੋਂ ਜ਼ਿਲ੍ਹੇ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਰਾਹਤ ਦਿੰਦੇ ਹੋਏ, ਉਨ੍ਹਾਂ ਲਈ ਖੇਤਾਂ ’ਚ ਆਉਣ ਤੇ ਜਾਣ ਦਾ ਸਮਾਂ ਸਵੇਰੇ ਦੇ 6 ਵਜੇ ਤੋਂ ਰਾਤ 8 ਵਜੇ ਤੱਕ ਦਾ ਨਿਰਧਾਰਿਤ ਕੀਤਾ ਹੈ। ਇਸ ਤੋਂ ਇਲਾਵਾ ਫ਼ਸਲ ਦੀ ਕਟਾਈ ਬਾਅਦ ਉਸ ਨੂੰ ਮੰਡੀ ਲੈ ਕੇ ਜਾਣ ਲਈ ਕਿਸਾਨਾਂ ਨੂੰ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਦੀ ਛੋਟ ਦਿੱਤੀ ਗਈ ਹੈ।

ਮੰਡੀ ’ਚ ਜਾਣ ਤੋਂ ਪਹਿਲਾਂ ਕਿਸਾਨ ਸਬੰਧਤ ਆੜ੍ਹਤੀਏ ਪਾਸੋਂ ਪਾਸ ਪ੍ਰਾਪਤ ਕਰੇਗਾ ਜੋ ਕਿ ਮਾਰਕਿਟ ਕਮੇਟੀ ਵਲੋਂ ਜਾਰੀ ਕੀਤਾ ਗਿਆ ਹੋਵੇਗਾ। ਇਸ ਪਾਸ ਵਿੱਚ ਦਰਸਾਈ ਗਈ ਮਿਤੀ ਅਨੁਸਾਰ ਹੀ ਸਬੰਧਤ ਕਿਸਾਨ ਆਪਣੀ ਫਸਲ ਲੈ ਕੇ ਮੰਡੀ ਵਿੱਚ ਜਾਣ ਲਈ ਪਾਬੰਦ ਹੋਵੇਗਾ। ਉੱਕਤ ਛੋਟ ਕੋਵਿਡ-19 ਸਬੰਧੀ ਨਿਰਧਾਰਿਤ ਪ੍ਰੋਟੋਕਾਲਾਂ ਦੀ ਪਾਲਣਾ ਕਰਕੇ ਹੀ ਮਿਲੇਗੀ, ਜਿਨ੍ਹਾਂ ਵਿੱਚ ਸੈਨੀਟਾਈਜ਼ਰ ਦੀ ਸੁਵਿਧਾ, ਘੱਟ ਤੋਂ ਘੱਟ 2 ਮੀਟਰ ਦੀ ਦੂਰੀ ਆਦਿ ਦੀ ਪਾਲਣਾ ਕਰਨਾ ਸਬੰਧਿਤ ਕਿਸਾਨ ਵਲੋਂ ਆਪਣੇ ਪੱਧਰ ’ਤੇ ਕਰਨੀ ਯਕੀਨੀ ਬਣਾਈ ਜਾਵੇ ਅਤੇ ਹਰੇਕ ਵਿਅਕਤੀ ਕਿਸਾਨ/ਖ਼ੇਤ ਮਜ਼ਦੂਰ ਵਲੋਂ ਆਪਣੇ ਮੂੰਹ ’ਤੇ ਮਾਸਕ ਲਗਾਉਣਾ ਯਕੀਨੀ ਹੋਵੇਗਾ। ਸਬੰਧਤ ਕਿਸਾਨ/ਖੇਤ ਮਜ਼ਦੂਰ ਵਲੋਂ ਹਰ ਪ੍ਰਕਾਰ ਦੀਆਂ ਕੋਵਿਡ-19 ਨਾਲ ਸਬੰਧਤ ਸਾਵਧਾਨੀਆਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ। ਜੇਕਰ ਕੋਈ ਕਾਮਾ ਖੰਘ, ਜੁਕਾਮ, ਬੁਖਾਰ ਅਤੇ ਸਾਹ ਲੈਣ ਵਿੱਚ ਤਕਲੀਫ ਤੋਂ ਪੀੜਤ ਹੈ ਜਾਂ ਬਿਮਾਰ ਹੈ ਤਾਂ ਅਜਿਹੇ ਕਾਮੇ ਨੂੰ ਕੰਮ ਕਰਨ ਤੋਂ ਤੁਰੰਤ ਰੋਕ ਦਿੱਤਾ ਜਾਵੇ। ਉਸ ਕਾਮੇ ਦਾ ਸਬੰਧਤ ਕਿਸਾਨ ਵਲੋਂ ਤੁਰੰਤ ਸਿਹਤ ਵਿਭਾਗ ਨਾਲ ਤਾਲਮੇਲ ਕਰਵਾਇਆ ਜਾਵੇਗਾ। ਇਸ ਸਬੰਧੀ ਕੰਟਰੋਲ ਰੂਮ ਨੰਬਰ 01823-227470, 227471, 227473, 227474, 227476, 227478, 227479, 227480 ਤੇ ਸੰਪਰਕ ਕੀਤਾ ਜਾਵੇ। ਇਸ ਦੀ ਪਾਲਣਾ ਕਰਨ ਦੀ ਜ਼ਿੰਮੇਵਾਰੀ ਸਬੰਧਤ ਕਿਸਾਨ ਦੀ ਹੋਵੇਗੀ। ਕਿਸੇ ਵੀ ਅਣਸੁਖਾਵੀ ਸਥਿਤੀ ਦੇ ਪੈਦਾ ਹੋਣ ’ਤੇ ਸੰਪਰਕ ਸੂਚੀ (ਕੰਟੈਕਟ ਲਿਸਟ) ਤਿਆਰ ਕੀਤੀ ਜਾਣੀ ਲਾਜ਼ਮੀ ਹੈ। ਇਸ ਲਈ ਹਰ ਕਿਸਾਨ ਜਿਸ ਪਾਸ ਕਾਮਾ (ਖੇਤ ਮਜ਼ਦੂਰ) ਕੰਮ ਕਰ ਰਿਹਾ ਹੈ ਆਪਣੇ ਪਾਸ ਸਬੰਧਤ (ਕਾਮਾ) ਖੇਤ ਮਜ਼ਦੂਰ ਦਾ ਨਾਮ, ਪਤਾ ਅਤੇ ਮੋਬਾਇਲ ਨੰਬਰ ਆਦਿ ਰੱਖੇਗਾ ਅਤੇ ਜ਼ਰੂਰਤ ਮੁਤਾਬਿਕ ਸਿਹਤ ਵਿਭਾਗ ਨੂੰ ਦੇਣ ਦਾ ਪਾਬੰਦ ਹੋਵੇਗਾ। ਇਹ ਹੁਕਮ ਮਿਤੀ 15 ਅਪਰੈਲ ਤੋਂ ਮਿਤੀ 15 ਜੂਨ ਤੱਕ ਲਾਗੂ ਰਹੇਗਾ।

Share This :

Leave a Reply