ਮੋਟਰਾਂ ਅਤੇ ਮਜ਼ਦੂਰਾਂ ਦੇ ਮੁਆਫ਼ੀ ਬਿੱਲ ਖੋਹਣ ਖਿਲਾਫ਼ ਤਿੱਖੇ ਸੰਘਰਸ਼ ਦੀ ਚਿਤਾਵਨੀ
ਖੰਨਾ, (ਪਰਮਜੀਤ ਸਿੰਘ ਧੀਮਾਨ) : ਅੱਜ ਪੰਜਾਬ ਦੀਆਂ ਜਨਤਕ ਜੱਥੇਬੰਦੀਆਂ ਦੀਆਂ ਸੂਬਾਈ ਕਮੇਟੀਆਂ ਦੇ ਸੱਦੇ ‘ਤੇ ਕੇਂਦਰ ਸਰਕਾਰ ਵਲੋਂ ਰਾਹਤ ਪੈਕੇਜ ਦੇ ਨਾਂਅ ਹੇਠ ਲੋਕਾਂ ‘ਤੇ ਬੋਲੇ ਹੱਲੇ ਖਿਲਾਫ਼ ਅਤੇ ਬਿਜਲੀ ਮੰਗਾਂ ਸਬੰਧੀ ਐਸ. ਡੀ. ਐਮ. ਦਫ਼ਤਰ ਦੇ ਬਾਹਰ ਵੱਖ-ਵੱਖ ਜੱਥੇਬੰਦੀਆਂ ਵੱਲੋਂ ਸਾਂਝੇ ਤੌਰ ‘ਤੇ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਮੂੰਹ ਢੱਕ ਕੇ ਵਿਸ਼ਾਲ ਰੋਸ ਮੁਜ਼ਾਹਰਾ ਕਰਦੇ ਹੋਏ ਧਰਨਾ ਦਿੱਤਾ ਗਿਆ। ਇਸ ਮੌਕੇ ਵੱਖ-ਵੱਖ ਜੱਥੇਬੰਦੀਆਂ ਦੇ ਆਗੁਆਂ ਵੱਲੋਂ ਆਪਣੀਆਂ ਹੱਕੀ ਮੰਗ ਸਬੰਧੀ ਐਸ. ਡੀ. ਐਮ. ਖੰਨਾ ਸੰਦੀਪ ਸਿੰਘ ਨੂੰ ਪ੍ਰਧਾਨ ਮੰਤਰੀ ਭਾਰਤ ਸਰਕਾਰ, ਮੁੱਖ ਮੰਤਰੀ ਪੰਜਾਬ ਅਤੇ ਪਾਵਰਕਾਮ ਦੇ ਚੇਅਰਮੈਨ ਦੇ ਨਾਂਮ ਮੰਗ-ਪੱਤਰ ਦਿੱਤੇ ਗਏ।
ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਟੀ. ਐਸ. ਯੂ. ਆਗੂ ਜਸਵਿੰਦਰ ਸਿੰਘ, ਜਗਦੇਵ ਸਿੰਘ, ਕਰਤਾਰ ਚੰਦ ਅਤੇ ਬਲਵੀਰ ਸਿੰਘ, ਬੀ. ਕੇ. ਯੂ. (ਏਕਤਾ-ਉਗਰਾਹਾਂ) ਦੇ ਸੁਦਾਗਰ ਸਿੰਘ ਘੁਡਾਣੀ ਅਤੇ ਕੁਲਦੀਪ ਸਿੰਘ ਗਰੇਵਾਲ, ਮਜ਼ਦੂਰ ਆਗੂ ਮਲਕੀਤ ਸਿੰਘ, ਚਰਨਜੀਤ ਸਿੰਘ, ਜਲ ਸਪਲਾਈ ਦੇ ਦਲਬੀਰ ਸਿੰਘ, ਸੀ.ਐਚ. ਬੀ. ਠੇਕਾ ਮੁਲਾਜ਼ਮ ਆਗੂ ਬਲਿਹਾਰ ਸਿੰਘ ਥਾਪਲਾ, ਹਰਜਿੰਦਰ ਸਿੰਘ, ਨੌਜਵਾਨ ਸਭਾ ਦੇ ਸ਼ੈਰੀ ਅਤੇ ਪਾਵੇਲ ਆਦਿ ਨੇ ਮੰਗ ਕੀਤੀ ਕਿ ਕਿਰਤ ਕਾਨੂੰਨ ‘ਚ ਕੀਤੀ ਜਾ ਰਹੀ ਸੋਧ ਨੂੰ ਵਾਪਸ ਲਿਆ ਜਾਵੇ, ਪਹਿਲਾ ਵਾਲਾ ਕਿਰਤ ਕਾਨੂੰਨ ਲਾਗੂ ਕੀਤਾ ਜਾਵੇ, ਨਵੀਆਂ ਸ਼ਰਤਾ ਅਤੇ ਰੋਕਾਂ ਰੱਦ ਕੀਤੀਆਂ ਜਾਣ, ਰਾਹਤ ਪੈਕੇਜ ਦੇ ਨਾਅ ਹੇਠ ਬਿਜਲੀ, ਸੁਰੱਖਿਆ, ਖਾਣਾ, ਖੇਤੀ ਖੇਤਰ ਦੇ ਨਿੱਜੀਕਰਨ ਲਈ ਪੁੱਟੇ ਕਦਮ ਵਾਪਸ ਲਏ ਜਾਣ, ਬਿਜਲੀ ਖੇਤਰ ਦਾ ਅਧਿਕਾਰ ਰਾਜਾਂ ਤੋਂ ਖੋਹ ਕੇ ਕੇਂਦਰ ਅਧੀਨ ਲਿਆਉਣਾ ਬੰਦ ਕੀਤਾ ਜਾਵੇ, ਬਿਜਲੀ ਸੋਧ ਬਿੱਲ-2020 ਵਾਪਸ ਲਿਆ ਜਾਵੇ, ਪ੍ਰਾਈਵੇਟ ਥਰਮਲਾਂ ਨਾਲ ਕੀਤੇ ਸਮਝੌਤੇ ਰੱਦ ਕੀਤੇ ਜਾਣ, ਕਿਸਾਨਾਂ ਨੂੰ ਖੇਤੀ ਮੋਟਰਾਂ ਅਤੇ ਖੇਤ ਮਜ਼ਦੂਰਾਂ ਨੂੰ ਘਰੇਲੂ ਬਿਜਲੀ ਬਿੱਲਾਂ ਦੀ ਮੁਆਫ਼ੀ ਨੂੰ ਜਾਰੀ ਰੱਖਿਆ ਜਾਵੇ, ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਲਈ ਨਿਰਵਿਘਨ 16 ਘੰਟੇ ਬਿਜਲੀ ਦਿੱਤੀ ਜਾਵੇ, ਸਾਰੇ ਵਿਭਾਗਾਂ ‘ਚ ਠੇਕੇ ‘ਤੇ ਭਰਤੀ ਮੁਲਾਜ਼ਮ ਸਰਕਾਰੀ ਤੌਰ ‘ਤੇ ਪੱਕੇ ਕੀਤੇ ਜਾਣ, ਜਰਨਲ ਕੈਟਾਗਿਰੀ ਦੇ ਕੁਨੈਕਸ਼ਨ ਫੋਰੀ ਦਿੱਤੇ ਜਾਣ, ਮਜ਼ਦੂਰਾਂ-ਮੁਲਾਜ਼ਮਾਂ ਦੀਆਂ ਤਨਖਾਹਾਂ ਜਾਮ ਕਰਕੇ ਕਟੌਤੀਆਂ ਰੱਦ ਕੀਤੀਆਂ ਜਾਣ। ਇਸ ਮੌਕੇ ਜਨਤਕ ਜੱਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਵਲੋਂ ਲੋਕਾਂ ‘ਤੇ ਬੋਲੇ ਹਮਲੇ, ਮੋਟਰਾਂ ਅਤੇ ਮਜ਼ਦੂਰਾਂ ਦੇ ਬਿੱਲ ਮੁਆਫ਼ੀ ਖੋਹਣ ਖਿਲਾਫ਼ ਤਿੱਖੇ ਸੰਘਰਸ਼ ਦੀ ਚੇਤਾਵਨੀ ਦਿੱਤੀ।