ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ’ਚ ਕੋਰੋਨਾ ਵਾਇਰਸ ਖ਼ਿਲਾਫ਼ ਲੜ ਰਹੇ ਮੈਡੀਕਲ ਸੇਵਾਵਾਂ ਨਾਲ ਸਬੰਧਤ ਕੋਰੋਨਾ ਯੋਧਿਆਂ ਦੇ ਹੌਂਸਲੇ ਤੋਂ ਪ੍ਰਭਾਵਿਤ ਹਲਕਾ ਨਵਾਂਸ਼ਹਿਰ ਵਿਧਾਇਕ ਅੰਗਦ ਸਿੰਘ ਨੇ ਅੱਜ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਪੁੱਜ ਕੇ ਜਿੱਥੇ ਇਨ੍ਹਾਂ ਦੀ ਬਹਾਦਰੀ ਨੂੰ ਸਲਾਮ ਕੀਤਾ ਉੱਥੇ ਸਮੁੱਚੇ ਅਮਲੇ ਨੂੰ ਪ੍ਰਸ਼ੰਸਾ ਪੱਤਰ ਅਤੇ ਦਰਜਾ ਚਾਰ, ਸਫ਼ਾਈ ਸੇਵਕਾਂ ਅਤੇ ਠੇਕੇ ’ਤੇ ਕੰਮ ਕਰਦੇ ਮੈਡੀਕਲ ਸਟਾਫ਼ ਨੂੰ ਪੰਜ-ਪੰਜ ਹਜ਼ਾਰ ਦੀ ਨਗ਼ਦੀ ਵੀ ਸਨਮਾਨ ਵਜੋਂ ਭੇਟ ਕੀਤੀ। ਉਨ੍ਹਾਂ ਕਿਹਾ ਕਿ ਸਭ ਤੋਂ ਔਖੀ ਸਥਿਤੀ ਅੱਜ ਡਾਕਟਰ ਤੋਂ ਲੈ ਕੇ ਦਰਜਾ ਚਾਰ ਤੱਕ ਮੈਡੀਕਲ ਸੇਵਾਵਾਂ ਦੇਣ ਵਾਲਿਆਂ ਲਈ ਬਣੀ ਹੋਈ ਹੈ, ਜਿਹੜੇ ਆਈਸੋਲੇਸ਼ਨ ਵਾਰਡਾਂ ’ਚ ਬਿਨਾਂ ਆਪਣੀ ਜਾਨ ਦੀ ਪ੍ਰਵਾਹ ਕੀਤੇ, ਮਰੀਜ਼ਾਂ ਦਾ ਧਿਆਨ ਰੱਖ ਰਹੇ ਹਨ। ਉਨ੍ਹਾਂ ਇਸ ਮੌਕੇ ਇੱਕ ਮਿੰਟ ਲਈ ਸਾਰਿਆਂ ਦੇ ਮਾਣ-ਸਨਮਾਨ ’ਚ ਤਾੜੀਆਂ ਵੀ ਵਜਾਈਆਂ ਅਤੇ ਉਨ੍ਹਾਂ ਨੂੰ ਕੋਵਿਡ-19 ਵਿਰੁੱਧ ਜੰਗ ਦੇ ਅਸਲ ਨਾਇਕ ਕਹਿ ਕੇ ਸੰਬੋਧਿਤ ਕੀਤਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਕੀਤੀ ਸੇਵਾ ਕਾਰਨ ਹੀ ਅਸੀਂ ਕੋਰੋਨਾ ਵਾਇਰਸ ਦੇ 18 ’ਚੋਂ 16 ਮਰੀਜ਼ਾਂ ਨੂੰ ਬਿਕਕੁਲ ਸਿਹਤਯਾਬ ਦੇਖ ਰਹੇ ਹਾਂ। ਉਨ੍ਹਾਂ ਕਿਹਾ ਕਿ ਉਹ ਕੁੱਝ ਦਿਨ ਪਹਿਲਾਂ ਜਦੋਂ ਬਾਬਾ ਗੁਰਬਚਨ ਸਿੰਘ ਤੇ ਪਠਲਾਵਾ ਦੇ ਕੋਰੋਨਾ ਤੋਂ ਤੰਦਰੁਸਤ ਹੋਏ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਤੋਂ ਬਾਹਰ ਆਉਣ ’ਤੇ ਮਿਲਣ ਆਏ ਸਨ ਤਾਂ ਉਸ ਦਿਨ ਮੈਡੀਕਲ ਸਟਾਫ਼ ਵੱਲੋਂ ਪੀ ਪੀ ਈ ਕਿੱਟਾਂ ਤੇ ਮਾਸਕਾਂ ’ਚ ਦੇਖ ਕੇ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਅਸਲ ਹੀਰੋ ਤਾਂ ਇਹ ਲੋਕ ਹਨ ਜੋ ਪੀੜਤਾਂ ਦੇ ਇਲਾਜ ਅਤੇ ਸੇਵਾ ਭਾਵਨਾ ’ਚ ਕੋਈ ਕਸਰ ਨਹੀਂ ਛੱਡ ਰਹੇ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਇਸ ਮੌਕੇ ਆਖਿਆ ਕਿ ਸਚਮੁੱਚ ਹੀ ਜ਼ਿਲ੍ਹਾ ਹਸਪਤਾਲ ਦਾ ਸਮੁੱਚਾ ਅਮਲਾ ਅਤੇ ਸਿਹਤ ਵਿਭਾਗ ਵਧਾਈ ਦਾ ਪਾਤਰ ਹੈ, ਜਿਨ੍ਹਾਂ ਨੇ ਜ਼ਿਲ੍ਹੇ ਨੂੰ ਏਨੀ ਔਖੀ ਸਥਿਤੀ ’ਚੋਂ ਬੜੀ ਮੇਹਨਤ ਅਤੇ ਲਗਨ ਨਾਲ ਬਾਹਰ ਕੱਢ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਕੌਮੀ ਪੱਧਰ ’ਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਉਨ੍ਹਾਂ 25 ਜ਼ਿਲ੍ਹਿਆਂ ’ਚ ਨਾਮ ਆਉਂਦਾ ਹੈ, ਜਿੱਥੇ ਪਿਛਲੇ ਕਈ ਦਿਨਾਂ ਤੋਂ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਤਾਂ ਉਸ ਵਿੱਚ ਸਿਹਤ ਵਿਭਾਗ ਦੀਆਂ ਫ਼ੀਲਡ ’ਚ ਕੰਮ ਕਰਦੀਆਂ ਆਸ਼ਾ ਵਰਕਰਾਂ, ਏ ਐਨ ਐਮਜ਼ ਅਤੇ ਆਂਗਨਵਾੜੀ ਵਰਕਰਾਂ ਅਤੇ ਸੁਪਰਵਾਈਜ਼ਰਾਂ ਦਾ ਸਭ ਤੋਂ ਵੱਡਾ ਯੋਗਦਾਨ ਸਾਹਮਣੇ ਆਉਂਦਾ ਹੈ।
ਐਸ ਐਸ ਪੀ ਅਲਕਾ ਮੀਨਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਜਦੋਂ ਇੱਕ ਤੋਂ ਬਾਅਦ ਇੱਕ 18 ਮਰੀਜ਼ ਕੋਵਿਡ-19 ਪੀੜਤ ਹੋ ਗਏ ਸਨ ਤਾਂ ਇੱਕ ਵਾਰੀ ਸਮੁੱਚੇ ਰਾਜ ਤੇ ਦੇਸ਼ ਦੀਆਂ ਨਜ਼ਰਾਂ ਸਾਡੇ ’ਤੇ ਕੇਂਦਰਿਤ ਹੋ ਗਈਆਂ ਸਨ ਕਿ ਅਸੀਂ ਬਹੁਤ ਹੀ ਖਤਰਨਾਕ ਸਥਿਤੀ ਵੱਲ ਵਧ ਰਹੇ ਹਾਂ ਪਰ ਅੱਜ ਸਾਨੂੰ ਆਪਣੇ ਸਿਹਤ ਵਿਭਾਗ ਅਤੇ ਜ਼ਿਲ੍ਹਾ ਹਸਪਤਾਲ ਦੇ ਸਮੁੱਚੇ ਅਮਲੇ ’ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਸਾਨੂੰ ਔਖੀ ਸਥਿਤੀ ’ਚੋਂ ਬਾਹਰ ਲੈ ਆਂਦਾ ਹੈ।
ਸਮਾਗਮ ’ਚ ਅਚਨਚੇਤ ਪੁੱਜੇ ਪੰਜਾਬ ਹੋਮਗਾਰਡਜ਼ ਦੇ ਏ ਡੀ ਜੀ ਪੀ ਕੇ ਐਸ ਘੁੰਮਣ ਨੇ ਇਸ ਮੌਕੇ ਸਮੁੱਚੇ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਪ੍ਰਸ਼ੰਸਾ ਕੀਤੀ। ਉਹ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਦੇ ਬਾਹਰ ਡਿਊਟੀ ’ਤੇ ਤਾਇਨਾਤ ਹੋਮਗਾਰਡ ਜੁਆਨਾਂ ਦੀ ਹੌਂਸਲਾ ਅਫ਼ਜ਼ਾਈ ਕਰਨ ਪੁੱਜੇ ਸਨ। ਇਸ ਸਮਾਗਮ ’ਚ ਇਨ੍ਹਾਂ ਹੋਮਗਾਰਡ ਜੁਆਨਾਂ ਨੂੰ ਵੀ ਸਨਮਾਨਿਆ ਗਿਆ।
ਅੱਜ ਦੇ ਇਸ ਸਮਾਗਮ ਦੌਰਾਨ 161 ਕਰਮਚਾਰੀਆਂ ਲਈ ਪ੍ਰਸ਼ੰਸਾ ਪੱਤਰ (ਸਿਫ਼ਟਾਂ ’ਚ ਕੰਮ ਕਰਦੇ ਹੋਣ ਕਾਰਨ ਬਾਕੀਆਂ ਦੇ ਐਸ ਐਮ ਓ ਹਰਵਿੰਦਰ ਸਿੰਘ ਨੂੰ ਸੌਂਪੇ ਗਏ) ਅਤੇ 70 ਕਰਮਚਾਰੀਆਂ ਲਈ 3.50 ਲੱਖ ਰੁਪਏ ਦੇ ਨਕਦ ਇਨਾਮਾਂ ਤੋਂ ਇਲਾਵਾ ਦਰਜਾ ਚਾਰ ਕਰਮਚਾਰੀਆਂ ਨੂੰ ਸਰਕਾਰ ਦੀ ਤਰਫ਼ੋਂ ਰਾਸ਼ਨ ਕਿੱਟਾਂ ਵੀ ਸੌਂਪੀਆਂ ਗਈਆਂ। ਜ਼ਿਕਰਯੋਗ ਹੈ ਐਮ ਐਲ ਏ ਅੰਗਦ ਸਿੰਘ ਇਸ ਤੋਂ ਪਹਿਲਾਂ ਵੀ ਮਾਨਵਤਾ ਸੇਵਾ ’ਚ ਲੱਗੀਆਂ ਸੰਸਥਾਂਵਾਂ ਨੂੰ 5.50 ਲੱਖ ਰੁਪਏ ਦੀ ਵਿੱਤੀ ਮੱਦਦ ਅਤੇ 3800 ਪੈਕੇਟ ਰਾਸ਼ਨ ਸਬੰਧਤ ਪਰਿਵਾਰਾਂ ਨੂੰ ਆਪਣੇ ਕੋਲੋਂ ਇਸ ਸੰਕਟ ਦੀ ਘੜੀ ਦੌਰਾਨ ਭੇਟ ਕਰ ਚੁੱਕੇ ਹਨ।
ਇਸ ਮੌਕੇ ਏ ਡੀ ਸੀ (ਜ) ਅਦਿਤਿਆ ਉੱਪਲ, ਐਸ ਡੀ ਐਮ ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ, ਡੀ ਐਸ ਪੀ ਦੀਪਿਕਾ ਸਿੰਘ, ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਐਸ ਐਮ ਓ ਡਾ. ਹਰਵਿੰਦਰ ਸਿੰਘ ਤੇ ਸਮੁੱਚਾ ਸਟਾਫ਼, ਸਾਬਕਾ ਨਗਰ ਕੌਂਸਲ ਪ੍ਰਧਾਨ ਲਲਿਤ ਮੋਹਨ, ਸਾਬਕਾ ਕੌਂਸਲਰ ਕਮਲਜੀਤ ਲਾਲ ਤੇ ਸਚਿਨ ਦੀਵਾਨ ਵੀ ਮੌਜੂਦ ਸਨ।