ਵਾਰਦਾਤ ਵਾਲੀ ਥਾਂ ਦਾ ਦੌਰਾ ਕਰਕੇ ਕੀਤੀ ਪੁਛਗਿੱਛ
ਖੰਨਾ (ਪਰਮਜੀਤ ਸਿੰਘ ਧੀਮਾਨ) : ਸਥਾਨਕ ਜੀ. ਟੀ. ਬੀ. ਮਾਰਕੀਟ ਵਿਚ ਪਿਛਲੇ ਸਾਲ ਸੀਨੀਅਰ ਕਾਂਗਰਸੀ ਆਗੂ ਤੇ ਐਡਵੋਕੇਟ ਮੁਨੀਸ਼ ਖੰਨਾ ਅਤੇ ਰਣਬੀਰ ਸਿੰਘ ਮਾਨ (ਲਾਡੀ) ‘ਤੇ ਹੋਏ ਜਾਨਲੇਵਾ ਹਮਲੇ ਦੇ ਸਬੰਧ ਵਿਚ ਅੱਜ ਕ੍ਰਾਈਮ ਬ੍ਰਾਂਚ ਲੁਧਿਆਣਾ ਦੇ ਏ. ਸੀ. ਪੀ. ਐਮ. ਐਸ. ਬੇਦੀ ਖੰਨਾ ਪੁੱਜੇ, ਇਸ ਮੌਕੇ ਉਨ੍ਹਾਂ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਕੇਸ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਬਾਰੇ ਕੇਸ ਨਾਲ ਸਬੰਧਤ ਵਿਅਕਤੀਆਂ ਅਤੇ ਹੋਰਨਾਂ ਤਂ ਪੁੱਛਗਿੱਛ ਵੀ ਕੀਤੀ। ਜਿਕਰਯੋਗ ਹੈ ਕਿ ਐਡਵੋਕੇਟ ਮੁਨੀਸ਼ ਖੰਨਾ ਅਤੇ ਰਣਬੀਰ ਸਿੰਘ ਲਾਡੀ ਮਾਨ ‘ਤੇ ਹੋਏ ਹਮਲੇ ਦੇ ਸਬੰਧ ਵਿਚ ਥਾਣਾ ਸਿਟੀ ਖੰਨਾ 02 ਵਿਚ ਨਗਰ ਕੌਂਸਲ ਪ੍ਰਧਾਨ ਵਿਕਾਸ ਮਹਿਤਾ, ਅਮਿਤ ਤਿਵਾੜੀ ਅਤੇ ਹੋਰਨਾਂ ਖਿਲਾਫ਼ ਆਈ ਪੀ ਸੀ ਦੀ ਧਾਰਾ 307 ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਹੋਇਆ ਸੀ। ਇਸ ਤੋਂ ਬਾਅਦ ਪੁਲਸ ਵੱਲੋਂ ਰਾਜਨੀਤਿਕ ਦਬਾਓ ਹੇਠਾਂ ਉਕਤ ਮਾਮਲੇ ਵਿਚ ਆਈਪੀਸੀ ਦੀ ਧਾਰਾ 307 ਨੂੰ ਹਟਾ ਕੇ ਧਾਰਾ 325 ਦਾ ਵਾਧਾ ਕੀਤਾ ਸੀ। ਖੰਨਾ ਪੁਲਸ ਵੱਲੋਂ ਉਕਤ ਘਟਨਾ ਦੌਰਾਨ ਵਰਤੀਆਂ ਤਲਵਾਰਾਂ, ਦਾਹ ਅਤੇ ਬੇਸਬਾਲ ਆਦਿ ਉਕਤ ਮਾਮਲੇ ਵਿਚ ਸਬੰਧਤ ਨਾਮਜਦ ਕਾਬੂ ਕੀਤੇ ਵਿਅਕਤੀਆਂ ਕੋਲੋਂ ਬਰਾਮਦ ਕਰ ਲਈਆਂ ਸਨ।
ਇਸ ਦੌਰਾਨ ਪੰਜਾਬ ਭਰ ਦੀਆਂ ਬਾਰ ਐਸੋਸੀਏਸ਼ਨ ਵੱਲੋਂ ਰਾਜ ਭਰ ਵਿਚ ਰੋਸ ਮੁਜ਼ਾਹਰੇ ਵੀ ਕੀਤੇ ਗਏ ਸਨ। ਇਸ ਤੋਂ ਬਾਅਦ ਐਡਵੋਕੇਟ ਮੁਨੀਸ਼ ਖੰਨਾ ਅਤੇ ਰਣਬੀਰ ਸਿੰਘ ਲਾਡੀ ਮਾਨ ਨੇ ਗਲਤ ਮੈਡੀਕਲ ਰਿਪੋਰਟ ਤਿਆਰ ਕਰਨ ਅਤੇ ਪੁਲਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਨਿਰਪੱਖ ਜਾਂਚ ਨਾ ਕਰਨ ਦੇ ਦੋਸ਼ ਲਗਾਉਂਦੇ ਹੋਏ ਮਾਮਲਾ ਮਾਨਯੋਗ ਪੰਜਾਬ ਪੁਲਸ ਮੁਖੀ ਦੇ ਧਿਆਨ ਵਿਚ ਲਿਆਂਦਾ ਸੀ। ਜਿਸ ‘ਤੇ ਮਾਨਯੋਗ ਡੀ.ਜੀ.ਪੀ.ਪੰਜਾਬ ਨੇ ਮਾਮਲੇ ਦੀ ਸਮੁੱਚੀ ਜਾਂਚ ਕਰਾਇਮ ਬ੍ਰਾਂਚ ਨੂੰ ਸੌਂਪ ਦਿੱਤੀ ਸੀ ਅਤੇ ਇਸ ਸਬੰਧੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਮਾਮਲਾ ਵਿਚਾਰ ਅਧੀਨ ਹੈ ਜਿਸ ਦੀ ਅਗਲੀ ਸੁਣਵਾਈ ਜੁਲਾਈ ਮਹੀਨੇ ਵਿਚ ਹੈ। ਅੱਜ ਇਸ ਮਾਮਲੇ ਦੀ ਪੜਤਾਲ ਕਰ ਰਹੇ ਕ੍ਰਾਂਈਮ ਬ੍ਰਾਂਚ ਲੁਧਿਆਣਾ ਦੇ ਏ.ਸੀ.ਪੀ.ਐਮ.ਐਸ. ਬੇਦੀ ਪੁੱਜੇ ਅਤੇ ਉਨ੍ਹਾਂ ਜੀ. ਟੀ. ਬੀ. ਮਾਰਕੀਟ ਵਿਚ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਵੱਖ-ਵੱਖ ਟੈਕਨੀਕਲ ਪਹਿਲੂਆਂ ਨੂੰ ਜਾਂਚਿਆ ਅਤੇ ਇਸ ਸਿਲਸਿਲੇ ਵਿਚ ਪੁੱਛਗਿੱਛ ਵੀ ਕੀਤੀ।
ਬਿਨਾਂ ਕਿਸੇ ਦਬਾਓ ਦੇ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ : ਏਸੀਪੀ ਬੇਦੀ
ਇਸ ਮੌਕੇ ਗੱਲਬਾਤ ਕਰਦਿਆਂ ਏ.ਸੀ. ਪੀ. ਐਮ. ਐਸ. ਬੇਦੀ ਨੇ ਕਿਹਾ ਕਿ ਬਿਨਾਂ ਕਿਸੇ ਦਬਾਅ ਦੇ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ, ਪੂਰਾ ਮੈਡੀਕਲ ਰਿਕਾਰਡ ਘੋਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦੋਸ਼ੀ ਕੋਈ ਵੀ ਹੋਣ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਲਦ ਜਾਂਚ ਪੂਰੀ ਕਰਕੇ ਮਾਨਯੋਗ ਹਾਈਕੋਰਟ ਅਤੇ ਉਚ ਪੁਲਸ ਅਧਿਕਾਰੀਆਂ ਨੂੰ ਸੌਂਪ ਦਿੱਤੀ ਜਾਵੇਗੀ।
ਕਾਨੂੰਨੀ ਪ੍ਰਣਾਲੀ ‘ਤੇ ਭਰੋਸਾ, ਦੋਸ਼ੀਆਂ ਨੂੰ ਹੋਣਗੀਆਂ ਸਜ਼ਾਵਾਂ : ਮੁਨੀਸ਼ ਖੰਨਾ, ਲਾਡੀ ਮਾਨ
ਇਸ ਮੌਕੇ ਗੱਲਬਾਤ ਕਰਦਿਆਂ ਐਡਵੋਕੇਟ ਮੁਨੀਸ਼ ਖੰਨਾ ਅਤੇ ਰਣਬੀਰ ਸਿੰਘ ਲਾਡੀ ਮਾਨ ਨੇ ਕਿਹਾ ਕਿ ਜੇਕਰ ਉਨ੍ਹਾਂ ‘ਤੇ ਹੋਏ ਹਮਲੇ ਦੀ ਨਿਰਪੱਖ ਜਾਂਚ ਨਾ ਹੋਈ ਤਾਂ ਉਹ ਮੁੜ ਮਾਨਯੋਗ ਹਾਈਕੋਰਟ ਦਾ ਦਜਵਾਜ਼ਾ ਖੜਕਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂਨੂੰ ਆਪਣੀ ਕਾਨੂੰਨੀ ਪ੍ਰਣਾਲੀ ‘ਤੇ ਪੂਰਨ ਭਰੋਸਾ ਹੈ ਅਤੇ ਦੋਸ਼ੀਆਂ ਨੂੰ ਸਜਾਵਾਂ ਜ਼ਰੂਰ ਮਿਲਣਗੀਆਂ।