ਏਸ਼ੀਆਂ ਦੀ ਸਭ ਤੋਂ ਵੱਡੀ ਅਨਾਜ ਮੰਡੀ ‘ਚ ਪਾਸ ਨਾ ਮਿਲਣ ਕਾਰਨ ਆੜਤੀ ਤੇ ਕਿਸਾਨ ਹੋਏ ਪ੍ਰੇਸ਼ਾਨ

ਚਹੇਤਿਆਂ ਨੂੰ ਹੀ ਪਾਸ ਦਿੱਤੇ ਜਾਣ ਦੇ ਲੱਗ ਰਹੇ ਨੇ ਦੋਸ਼

ਅਨਾਜ ਮੰਡੀ ‘ਚ ਹੈ ਸਫਾਈ ਦਾ ਬੁਰਾ ਹਾਲ ਹੈ

ਖੰਨਾ (ਪਰਮਜੀਤ ਸਿੰਘ ਧੀਮਾਨ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਣਕ ਦੀ ਖ੍ਰੀਦ ਨੂੰ ਸੁਚਾਰੂ ਢੰਗ ਤੇ ਸ਼ੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖ ਕੇ ਕੀਤੇ ਜਾਣ ਦੇ ਦਾਅਵਿਆਂ ਦੀ ਏਸ਼ੀਆਂ ਦੀ ਵੱਡੀ ਅਨਾਜ ਮੰਡੀ ਵਿਚ ਉਸ ਵੇਲੇ ਪੋਲ• ਖੁੱਲਦੀ ਨਜ਼ਰ ਆਈ ਜਦੋਂ ਵੱਡੀ ਗਿਣਤੀ ਵਿਚ ਆੜਤੀਆਂ ਨੇ ਮਾਰਕੀਟ ਕਮੇਟੀ ਵੱਲੋਂ ਰੇਸ਼ੋਂ ਦੇ ਹਿਸਾਬ ਨਾਲ ਕਿਸਾਨ ਪਾਸ ਨਾ ਮਿਲਣ ਦੇ ਰੋਸ ਵਜੋਂ ਧਰਨਾ ਲਗਾ ਦਿੱਤਾ।


ਏਸ਼ੀਆ ਦੀ ਵੱਡੀ ਅਨਾਜ ਮੰਡੀ ਵਜੋਂ ਜਾਣੀ ਜਾਂਦੀ ਖੰਨਾ ਮੰਡੀ ਵਿਚ ਆੜਤੀਆਂ ਅਤੇ ਕਿਸਾਨਾਂ ਨੇ ਮਾਰਕੀਟ ਕਮੇਟੀ ਵੱਲੋਂ ਐਂਟਰੀ ਪਾਸ ਆਪਣੇ ਚਹੇਤਿਆਂ ਨੂੰ ਹੀ ਦਿੱਤੇ ਜਾਣ ਦੇ ਵਿਰੋਧ ਵਿਚ ਦਫ਼ਤਰ ਦੇ ਅੱਗੇ ਧਰਨਾ ਲਗਾ ਕੇ ਮਾਰਕੀਟ ਕਮੇਟੀ ਅਧਿਕਾਰੀਆਂ ‘ਤੇ ਵਿਤਕਰਾ ਕਰਨ ਦਾ ਦੋਸ਼ ਲਾਇਆ ਹੈ। ਆੜਤੀਆਂ ਨੇ ਕਿਹਾ ਕਿ ਉਹ ਕਈ ਦਿਨਾਂ ਤੋਂ ਧੱਕੇ ਖਾ ਰਹੇ ਹਨ, ਹਰ ਰੋਜ਼ ਕਮੇਟੀ ਅਧਿਕਾਰੀ ਤੇ ਕਰਮਚਾਰੀ ਦੁਪਹਿਰ 12 ਵਜੇ ਬੁਲਾ ਲੈਂਦੇ ਹਨ, ਇਸ ਤੋਂ ਬਾਅਦ 2 ਵਜੇ ਅਤੇ ਫਿਰ 4 ਵਜੇ ਆਉਣ ਨੂੰ ਕਿਹਾ ਜਾਂਦਾ ਹੈ। ਅੱਜ ਚਾਰ ਵਜੇ ਜਦੋਂ ਆੜਤੀਆਂ ਨੂੰ ਪਤਾ ਲੱਗਾ ਕਿ ਅਧਿਕਾਰੀਆਂ ਵੱਲੋਂ ਸ਼ੈਲਰਾਂ ਅਤੇ ਕੁੱਝ ਚਹੇਤੇ ਆੜਤੀਆਂ ਨੂੰ ਹੀ ਪਾਸ ਜਾਰੀ ਹੋਏ ਹਨ ਤਾਂ ਆੜਤੀਆ ਨੇ ਰੋਹ ਵਿਚ ਆ ਕੇ ਦਫਤਰ ਦੇ ਅੱਗੇ ਹੀ ਧਰਨਾ ਲਗਾ ਦਿੱਤਾ। ਆੜਤੀਆਂ ਦਾ ਕਹਿਣਾ ਸੀ ਕਿ ਉਹ ਕਈ ਦਿਨਾਂ ਤੋਂ ਪ੍ਰੇਸ਼ਾਨ ਹਨ, ਮਾਰਕੀਟ ਕਮੇਟੀ ਦੇ ਸਕੱਤਰ ਆਪਣੇ ਚਹੇਤਿਆਂ ਨੂੰ ਹੀ ਪਾਸ ਜਾਰੀ ਕਰਦੇ ਹਨ। ਜਿਸ ਕਾਰਨ ਆੜਤੀਆਂ ਦੇ ਨਾਲ ਨਾਲ ਕਿਸਾਨਾਂ ਨੂੰ ਵੀ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਮੌਸਮ ਦੀ ਖਰਾਬੀ ਦੇ ਚੱਲਦਿਆਂ ਕਣਕ ਦੀ ਸਟੋਰਜ਼ ਕਰਨੀ ਵੀ ਔਖੀ ਹੋ ਗਈ ਹੈ। ਉਨਾਂ ਕਿਹਾ ਕਿ ਮੰਡੀ ਅਧਿਕਾਰੀਆਂ ਵੱਲੋਂ ਭੇਦਭਾਵ ਕਰਦੇ ਹੋਏ ਸ਼ੈਲਰਾਂ ਵਾਲਿਆਂ ਤੋਂ ਇਲਾਵਾ ਕੁੱਝ ਕੁ ਆਪਣੇ ਨਜਦੀਕੀਆਂ ਨੂੰ ਹੀ ਪਾਸ ਵੰਡੇ ਜਾਂਦੇ ਹਨ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਮੰਡੀਆਂ ‘ਚ ਸ਼ੋਸ਼ਲ ਡਿਸਟੈਂਸਿੰਗ ਦੇ ਦਾਅਵਿਆਂ ਦੀ ਪੋਲ ਖੁੱਲਦੀ ਦਿਖਾਈ ਦਿੱਤੀ ਜਦੋਂ ਆੜਤੀਏ ਅਤੇ ਉਨਾਂ ਦੇ ਕਰਮਚਾਰੀਆਂ ਨੇ ਧਰਨਾ ਲਗਾ ਦਿੱਤਾ।
ਸ਼ੈਲਰਾਂ ਵਾਲਿਆਂ ਨੂੰ ਨਿੱਤ ਪਾਸ ਜਾਰੀ ਕਰਨ ਦਾ ਦੋਸ਼
ਆੜਤੀਆ ਨੇ ਕਿਹਾ ਕਿ ਮਾਰਕੀਟ ਕਮੇਟੀ ਵੱਲੋਂ ਸ਼ੈਲਰ ਮਾਲਕਾਂ ਨੂੰ ਵੱਧ ਪਾਸ ਜਾਰੀ ਕੀਤੇ ਜਾਂਦੇ ਹਨ ਜਿਸ ਕਾਰਨ ਆੜਤੀ ਵੇਹਲੇ ਬੈਠੇ ਹਨ ਅਤੇ ਟਰਾਲੀਆਂ ਵੀ ਸਿੱਧੀਆ ਹੀ ਹੁਣ ਸ਼ੈਲਰਾਂ ਵਿਚ ਜਾ ਲੱਗੀਆਂ ਹਨ, ਜਿਸ ਕਾਰਨ ਜਿੱਥੇ ਕਿਸਾਨਾਂ ਦਾ ਸ਼ੋਸ਼ਨ ਹੁੰਦਾ ਹੈ, ਉਥੇ ਦੂਜੇ ਪਾਸੇ ਆੜਤੀਆ ਨੂੰ ਵੀ ਮਾਲੀ ਨੁਕਸਾਨ ਹੋ ਰਿਹਾ ਹੈ ਕਿ ਉਨਾਂ ਨਾਲ ਸਬੰਧਤ ਕਿਸਾਨ ਵੀ ਸ਼ੈਲਰਾਂ ਵੱਲ ਨੂੰ ਜਾਣ ਲੱਗੇ ਹਨ ਤੇ ਉਨਾਂ ਦਾ ਕਿਸਾਨਾਂ ਵੱਲ ਰਹਿੰਦਾ ਬਕਾਇਆ ਵੀ ਜਿਉਂ ਦਾ ਤਿਉਂ ਹੀ ਖੜਾ ਰਹੇਗਾ ਅਤੇ ਆੜਤੀਏ ਆਰਥਿਕ ਤੌਰ ‘ਤੇ ਪ੍ਰੇਸ਼ਾਨ ਹੋਣਗੇ।
25 ਫੀਸਦੀ ਵਾਲਿਆਂ ਨੂੰ ਦਿੱਤੇ ਜਾਣ ਪਾਸ
ਇਸ ਮੌਕੇ ਆੜਤੀ ਐਸੋਸ਼ੀਏਸ਼ਨ ਖੰਨਾ ਦੇ ਸਕੱਤਰ ਯਾਦਵਿੰਦਰ ਸਿੰਘ ਲਿਬੜਾ ਨੇ ਕਿਹਾ ਕਿ ਜਿਹੜੇ ਆੜਤੀਆਂ ਨੇ 50 ਫੀਸਦੀ ਫਸਲ ਚੁੱਕ ਲਈ ਹੈ, ਉਨਾਂ ਨੂੰ ਅਜੇ ਪਾਸ ਦੇਣ ਦੀ ਬਿਜਾਏ ਜਿਹੜੇ ਆੜਤੀਆ ਕੋਲ 25 ਜਾਂ 30 ਫੀਸਦੀ ਹੀ ਫਸਲੀ ਆਈ ਹੈ ਨੂੰ ਪਾਸ ਜਾਰੀ ਕੀਤੇ ਜਾਣ ਅਤੇ ਛੋਟੇ ਆੜਤੀਆਂ ਦਾ ਵੀ ਅਧਿਕਾਰੀਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ।
ਸਫਾਈ ਦਾ ਬੁਰਾ ਹਾਲ
ਮਾਰਕੀਟ ਕਮੇਟੀ ਵੱਲੋਂ ਖੰਨਾ ਮੰਡੀ ਵਿਚ ਸਫਾਈ ਦੇ ਮੂਕੰਮਲ ਪ੍ਰਬੰਧਾਂ ਦੇ ਦਾਅਵਿਆਂ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ, ਇੰਝ ਜਾਪਦਾ ਹੈ ਕਿ ਮੰਡੀ ਵਿਚ ਸਫਾਈ ਹੋਈ ਨੂੰ ਕਈ ਦਿਨ ਹੋ ਗਏ ਹੋਣ, ਥਾਂ ਥਾਂ ‘ਤੇ ਗੰਦਗੀ ਪਈ ਹੈ ਡਸਟਬਿੰਨਾਂ ਵਿਚ ਕੂੜਾ ਕਰਕਟ ਤੋਂ ਇਲਾਵਾ ਸ਼ਰਾਬ ਤੇ ਪਲਾਸਟਿਕ ਦੀਆਂ ਬੋਤਲਾਂ ਪਈਆਂ ਹਨ। ਇੰਨਾਂ ਹੀ ਨਹੀਂ ਮੰਡੀ ਵਿਚ ਅਵਾਰਾ ਪਸ਼ੂਆਂ ਦਾ ਗੋਬਰ ਖਿਲਰਿਆ ਪਿਆ ਹੈ।
ਪੀਣ ਵਾਲੇ ਪਾਣੀ ਦਾ ਨਹੀਂ ਕੋਈ ਪ੍ਰਬੰਧ
ਅਨਾਜ ਮੰਡੀ ਵਿਚ ਪੀਣ ਵਾਲੇ ਪਾਣੀ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਹਨ, ਜਿਹੜੀਆਂ ਆਨਰੇਰੀ ਟੈਂਕੀਆਂ ਲਗਾਈਆਂ ਗਈਆਂ ਹਨ, ਉਨਾਂ ‘ਤੇ ਮਜ਼ਦੂਰਾਂ ਵੱਲੋਂ ਚੁੱਲੀਆ ਨਾਲ ਹੀ ਪਾਣੀ ਪੀਤਾ ਜਾਂਦਾ ਹੈ, ਨਾ ਹੀ ਹੱਥ ਸਾਫ਼ ਕੀਤੇ ਜਾਂਦੇ ਹਨ। ਇਸ ਵੱਲ ਵੀ ਮਾਰਕੀਟ ਕਮੇਟੀ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾਂਦਾ।

ਨਹੀਂ ਕੀਤਾ ਜਾਂਦਾ ਟਰਾਲੀਆਂ ਤੇ ਕਿਸਾਨਾਂ ਨੂੰ ਸੈਨੇਟਾਈਜ਼
ਭਾਵੇਂ ਕਿ ਪੰਜਾਬ ਸਰਕਾਰ ਦੀਆਂ ਸਪੱਸ਼ਟ ਹਿਦਾਇਤਾਂ ਹਨ ਕਿ ਮੰਡੀਆਂ ਵਿਚ ਆਉਣ ਵਾਲੇ ਕਿਸਾਨਾਂ ਅਤੇ ਟਰਾਲੀਆਂ ਨੂੰ ਸੈਨੇਟਾਈਜ ਕਰਨ ਤੋਂ ਬਾਅਦ ਵਿਚ ਹੀ ਮੰਡੀਆਂ ਦੇ ਅੰਦਰ ਆਉਣ ਦਿੱਤਾ ਜਾਵੇਗਾ, ਪਰ ਖੰਨਾ ਮੰਡੀ ਵਿਚ ਅੱਜ ਅਜਿਹਾ ਕੁੱਝ ਨਾ ਕਰਕੇ ਬਿਨਾਂ ਸੈਨੇਟਾਈਜ ਤੋਂ ਹੀ ਟਰਾਲੀਆਂ ਜਾਂਦੀਆਂ ਦੇਖੀਆਂ ਗਈਆਂ। ਕਿਸਾਨ ਵੀ ਬਿਨਾਂ ਕਿਸੇ ਮਾਸਕ ਤੋਂ ਮੰਡੀ ਵਿਚ ਦਾਖਲ ਹੋ ਰਹੇ ਹਨ।

ਐਸ. ਡੀ. ਐਮ. ਖੰਨਾ ਨੇ ਮੌਕੇ ‘ਤੇ ਪੁੱਜ ਕੇ ਸੰਭਾਲਿਆਂ ਹਾਲਾਤ ਨੂੰ
ਲਾਕ ਡਾਊਨ ਦੌਰਾਨ ਮਾਰਕੀਟ ਕਮੇਟੀ ਦਫਤਰ ਅੱਗੇ ਆੜਤੀਆਂ ਵੱਲੋਂ ਕੀਤੇ ਜਾ ਰਹੇ ਰੋਸ ਧਰਨੇ ਨੂੰ ਦੇਖਦਿਆਂ ਐਸ.ਡੀ.ਐਮ. ਖੰਨਾ ਸੰਦੀਪ ਸਿੰਘ ਮੌਕੇ ‘ਤੇ ਪੁੱਜ ਗਏ ਕੇ ਰੋਹ ‘ਚ ਆਏ ਆੜਤੀਆ ਨੂੰ ਸ਼ਾਂਤ ਕੀਤਾ। ਇਸ ਦੌਰਾਨ ਮਾਰਕੀਟ ਕਮੇਟੀ ਦੇ ਵਾਇਸ ਚੇਅਰਮੈਨ ਵਰਿੰਦਰ ਗੁੱਡੂ, ਆੜਤੀ ਐਸੋਸੀਏਸ਼ਨ ਦੇ ਸਕੱਤਰ ਯਾਦਵਿੰਦਰ ਸਿੰਘ ਲਿਬੜਾ ਤੇ ਹੋਰ ਵੀ ਮੌਕੇ ‘ਤੇ ਪੁੱਜ ਗਏ ਸਨ।
ਆੜਤੀਆ ਨੇ ਆੜਤ ਦਾ ਲਾਇਸੰਸ ਜਮਾ ਕਰਵਾਉਣ ਦੀ ਚਿਤਾਵਨੀ
ਇਸ ਮੌਕੇ ਆੜਤੀਆ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਜਾਂ ਵੱਡੇ ਅਧਿਕਾਰੀ ਮੰਡੀਆਂ ਦਾ ਕੰਮ ਸੁਚਾਰੂ ਚਲਾਉੁਣ ਬਾਰੇ ਦਾਅਵੇ ਕਰ ਰਹੇ ਹਨ, ਦੂਜੇ ਪਾਸੇ ਰਾਜਸੀ ਲੋਕਾਂ ਦੀ ਸ਼ਹਿ ‘ਤੇ ਅਧਿਕਾਰੀਆ ਵੱਲੋਂ ਜੇਕਰ ਚਹੇਤਿਆਂ ਨੂੰ ਹੀ ਐਂਟਰੀ ਪਾਸ ਦੇਣੇ ਹਨ ਤਾਂ ਵੱਲੋਂ ਮੰਡੀਆਂ ਵਿਚ ਵਿਹਲੇ ਬੈਠ ਕੇ ਕੀ ਲੈਣਾ ਹੈ। ਉਨਾਂ ਦੀ ਲੇਬਰ ਵਿਹਲੀ ਬੈਠੀ ਹੈ। ਕਿਸਾਨ ਆਪਣੀ ਫਸਲ ਵੱਡੀ ਬੈਠੇ ਹਨ, ਜਿਸ ਕਾਰਨ ਉਨਾਂ ਦਾ ਬਹੁਤ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ,ਉਨਾਂ ਕਿਹਾ ਕਿ ਜੇਕਰ ਸਰਕਾਰ ਤੇ ਮਾਰਕੀਟ ਕਮੇਟੀ ਦੇ ਸਕੱਤਰ ਵੱਲੋਂ ਉਨਾਂ ਨਾਲ ਵਿਤਕਰਾ ਜਾਰੀ ਰੱਖਿਆ ਗਿਆ ਤਾਂ ਉਹ ਰੋਸ ਵਜੋਂ ਆਪਣੇ ਲਾਇਸੰਸ ਵਾਪਸ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ।

Share This :

Leave a Reply