ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਦਾ ਉਪਰਾਲਾ
ਲਾਭ ਲੈਣ ਲਈ esanjeevaniopd.in ‘ਤੇ ਕਰੋ ਰਜਿਸਟਰ
ਫ਼ਤਹਿਗੜ੍ਹ ਸਾਹਿਬ (ਸੂਦ) ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਨੇ ਲੋਕਾਂ ਨੂੰ ਘਰ ਬੈਠੇ ਹੀ ਮੁਫ਼ਤ ਡਾਕਟਰੀ ਸਲਾਹ ਮੁਹੱਈਆ ਕਰਵਾਉਣ ਲਈ ਈ-ਸੰਜੀਵਨੀ ਓਪੀਡੀ ਦੀ ਸ਼ੁਰੂਆਤ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਕਮ ਨੋਡਲ ਅਫ਼ਸਰ ਕੋਵਿਡ-19 ਕੰਟਰੋਲ ਸ਼੍ਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਤੋਂ ਸਨਿੱਚਰਵਾਰ ਸਵੇਰੇ 10:00 ਵਜੇ ਤੋਂ ਦੁਪਹਿਰ 01:00 ਵਜੇ ਤੱਕ ਇਸ ਸਹੂਲਤ ਦਾ ਲਾਭ ਲਿਆ ਜਾ ਸਕਦਾ ਹੈ, ਜਿਸ ਲਈ esanjeevaniopd.in ‘ਤੇ ਰਜਿਸਟਰ ਹੋਣਾ ਲਾਜ਼ਮੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦੀ ਵਰਤੋਂ ਲਈ ਕੈਮਰੇ ਸਮੇਤ ਲੈਪਟੌਪ/ਪੀ.ਸੀ., ਮਾਈਕ, ਸਪੀਕਰ ਤੇ ਇੰਟਰਨੈੱਟ (02 ਐਮਬੀਪੀਐਸ) ਹੋਣਾ ਲਾਜ਼ਮੀ ਹੈ। ਰਜਿਸਟਰੇਸ਼ਨ ਪ੍ਰਕਿਰਿਆ ਤਹਿਤ ਪਹਿਲਾਂ ਓਟੀਪੀ ਜ਼ਰੀਏ ਮੋਬਾਈਲ ਫੋਨ ਨੰਬਰ ਤਸਦੀਕ ਹੋਵੇਗਾ, ਉਸ ਉਪਰੰਤ ਨਵੇਂ ਮਰੀਜ਼ ਦੀ ਰਜਿਸਟਰੇਸ਼ਨ ਤਹਿਤ ਟੋਕਨ ਜਨਰੇਟ ਹੋਵੇਗਾ। ਨੋਟੀਫਿਕੇਸ਼ਨ ਪ੍ਰਾਪਤ ਹੋਣ ਤੋਂ ਬਾਅਦ ਲੌਗ-ਇਨ ਕੀਤਾ ਜਾ ਸਕੇਗਾ। ਇਸ ਉਪਰੰਤ ਵਾਰੀ ਮੁਤਾਬਕ ਡਾਕਟਰੀ ਸਲਾਹ ਮਿਲੇਗੀ ਤੇ ਅਖੀਰ ਵਿੱਚ ਡਾਕਟਰੀ ਸਲਾਹ ਦੀ ਈ-ਪਰਚੀ ਡਾਊਨਲੋਡ ਹੋਵੇਗੀ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਲਾਜ਼ਮੀ ਹੈ ਕਿ ਬਿਨਾਂ ਕਿਸੇ ਅਤਿ ਜ਼ਰੂਰੀ ਕੰਮ ਤੋਂ ਘਰੋਂ ਬਾਹਰ ਨਾ ਨਿਕਲਿਆ ਜਾਵੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਈ-ਸੰਜੀਵਨੀ ਓਪੀਡੀ ਦਾ ਲਾਹਾ ਲੈਣ ਤੇ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰ ਕੇ ਕੋਰੋਨਾ ਖ਼ਿਲਾਫ਼ ਜੰਗ ਵਿੱਚ ਪੰਜਾਬ ਸਰਕਾਰ ਨੂੰ ਸਹਿਯੋਗ ਦੇਣ।